ਵਾਸ਼ਿੰਗਟਨ (ਏਜੰਸੀ) : ਅਮਰੀਕਾ ’ਚ ਉਚੇਰੀ ਸਿੱਖਿਆ ਲਈ ਗਏ ਦੋ ਭਾਰਤੀ ਵਿਦਿਆਰਥੀਆਂ ਦੀ ਮਿਸੌਰੀ ਸੂਬੇ ’ਚ ਇਕ ਝੀਲ ’ਚ ਡੁੱਬ ਕੇ ਮੌਤ ਹੋ ਗਈ। ਝੀਲ ’ਚ ਡੁੱਬ ਰਹੇ ਇਕ ਵਿਦਿਆਰਥੀ ਨੂੰ ਬਚਾਉਣ ’ਚ ਦੂਜੇ ਦੀ ਵੀ ਜਾਨ ਚਲੀ ਗਈ। ਓਧਰ, ਸਿੰਗਾਪੁਰ ’ਚ ਵੀ ਇਕ ਭਾਰਤੀ ਦੀ ਸਮੁੰਦਰ ’ਚ ਡਿੱਗ ਕੇ ਮੌਤ ਹੋ ਗਈ।
ਮਿਸੌਰੀ ਸਟੇਟ ਪੁਲਿਸ ਮੁਤਾਬਕ, ਝੀਲ ’ਚ ਡੁੱਬੇ ਭਾਰਤੀ ਵਿਦਿਆਰਥੀ ਦੀ ਪਛਾਣ ਤੇਲੰਗਾਨਾ ਦੇ 24 ਸਾਲਾ ਸੁਨਦਯ ਉਤੇਜ ਕੁੰਟਾ ਤੇ 25 ਸਾਲਾ ਸ਼ਿਵਾ ਕੇਲਿਗਰੀ ਦੇ ਰੂਪ ’ਚ ਹੋਈ ਹੈ। ਦਿ ਕਨਸਾਸ ਸਿਟੀ ਸਟਾਰ ਦੀ ਰਿਪੋਰਟ ਮੁਤਾਬਕ ਘਟਨਾ ਮਿਸੌਰੀ ਦੇ ਓਜਰਕਸ ਝੀਲ ’ਚ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਾਰਤੀ ਵਿਦਿਆਰਥੀ ਵੀਕੈਂਡ ਮਨਾਉਣ ਲਈ ਪੁੱਜੇ ਸਨ। ਦੋਵਾਂ ਨੇ ਸਟੇਟ ਯੂਨੀਵਰਸਿਟੀ ’ਚ ਪੋਸਟ ਗ੍ਰੈਜੂਏਸ਼ਨ ਕੋਰਸ ’ਚ ਦਾਖ਼ਲਾ ਲਿਆ ਹੋਇਆ ਸੀ। ਓਧਰ ਆਈਏਐੱਨਐੱਸ ਮੁਤਾਬਕ ਸਿੰਗਾਪੁਰ ’ਚ 41 ਸਾਲਾ ਭਾਰਤੀ ਦੀ ਜੁਰਾਂਗ ਟਾਪੂ ’ਚ ਸਾਗਰ ’ਚ ਡਿੱਗ ਕੇ ਮੌਤ ਹੋ ਗਈ। ਇੱਥੇ ਇਸ ਸਾਲ ਰਿਕਾਰਡ ਗਿਣਤੀ ’ਚ ਲੋਕਾਂ ਦੀ ਮੌਤ ਹੋ ਗਈ ਹੈ। 25 ਨਵੰਬਰ ਨੂੰ ਸਵੇਰੇ 11 ਵਜੇ ਦੇ ਆਸਪਾਸ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਿੰਗਾਪੁਰ ਦੀ ਰਿਫਾਇਨਰੀ ਕੰਪਨੀ ’ਚ ਤਾਇਨਾਤ ਕਰਮਚਾਰੀ ਇੱਥੇ ਮਚਾਨ ਬਣਾ ਰਿਹਾ ਸੀ, ਇਸੇ ਦੌਰਾਨ ਉਹ ਸਮੁੰਦਰ ’ਚ ਡਿੱਗ ਗਿਆ ਤੇ ਡੁੱਬ ਕੇ ਉਸ ਦੀ ਮੌਤ ਹੋ ਗਈ।