ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਐੱਚ-1ਬੀ ਵੀਜ਼ਾ ਬਿਨੈ ਲਈ 85 ਹਜ਼ਾਰ ਦੀ ਸਾਲਾਨਾ ਰਜਿਸਟ੍ਰੇਸ਼ਨ ਹੱਦ ਨਾਲ ਉੱਥੇ ਮਾਹਰ ਵਿਦੇਸ਼ੀ ਪੇਸ਼ੇਵਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਮਾਹਰ ਮੁਲਾਜ਼ਮਾਂ ਲਈ ਐੱਚ-1ਬੀ ਵੀਜ਼ੇ ਘੱਟ ਜਾਰੀ ਹੋਣ ਨਾਲ ਅਮਰੀਕਾ ਵਿਚ ਪੇਸ਼ੇਵਰਾਂ ਦੀ ਘਾਟ ਹੋ ਗਈ ਹੈ, ਇਸ ਵਿਚ ਸਭ ਤੋਂ ਵੱਧ ਭਾਰਤੀ ਆਈਟੀ ਪੇਸ਼ੇਵਰ ਹੁੰਦੇ ਹਨ।
ਐੱਚ-1ਬੀ ਵੀਜ਼ਾ ਇਕ ਗ਼ੈਰ-ਇੰਮੀਗ੍ਰੈਂਟ ਵੀਜ਼ਾ ਹੈ, ਜਿਹੜਾ ਅਮਰੀਕੀ ਕੰਪਨੀਆਂ ਨੂੰ ਵਿਦੇਸ਼ ਮੁਲਾਜ਼ਮਾਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿਚ ਨੌਕਰੀ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ’ਤੇ ਨਿਰਭਰ ਰਹਿੰਦੀਆਂ ਹਨ। ਖੋਜ ਸੰਗਠਨ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨਐੱਫਏਪੀ) ਦੀ ‘ਐੱਚ-1ਬੀ ਬਿਨੈ ਅਤੇ ਵਿੱਤੀ ਵਰ੍ਹਾ 2022 ਵਿਚ ਨਾਮਨਜ਼ੂਰ ਦਰ’ ਸਿਰਲੇਖ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਚ-1ਬੀ ਬਿਨੈਕਾਰਾਂ ਲਈ ਘੱਟ ਸਾਲਾਨਾ ਹੱਦ ਦੇ ਨਤੀਜੇ ਵਜੋਂ ਐੱਚ-1ਬੀ ਪੰਜੀਕਰਨ ਵੱਧ ਨਹੀਂ ਹੋ ਸਕੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਮਨਜ਼ੂਰ ਕਰਨ ਦੀ ਦਰ ਦੇ ਕਾਰਨ ਅਮਰੀਕਾ ਨੂੰ ਵਿਦੇਸ਼ੀ ਮਾਹਰ ਕਾਮਿਆਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ।
ਵਰਤਮਾਨ ਤਜਵੀਜ਼ ਦੇ ਮੁਤਾਬਕ, 85 ਹਜ਼ਾਰ ਸਾਲਾਨਾ ਐੱਚ-1ਬੀ ਵੀਜ਼ਾ ਜੀਰਾ ਕਰਨ ਦੀ ਹੱਦ ਹੈ। ਇਸ ਵਿਚ 20 ਹਜ਼ਾਰ ਅਮਰੀਕੀ ਸੰਸਥਾਵਾਂ ਤੋਂ ਡਿਗਰੀ ਧਾਰਕ ਹੋਣੇ ਜ਼ਰੂਰੀ ਹਨ, ਬਾਕੀ 65 ਹਜ਼ਾਰ ਲਾਟਰੀ ਸਿਸਟਮ ਨਾਲ ਵੰਡੇ ਜਾਂਦੇ ਹਨ। ਅਪ੍ਰੈਲ 2022 ਵਿਚ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਦੱਸਿਆ ਕਿ ਨੌਕਰੀ ਦੇਣ ਵਾਲਿਆਂ ਨੇ ਚਾਰ ਲੱਖ 83 ਹਜ਼ਾਰ ਤੋਂ ਵੱਧ ਐੱਚ-1ਬੀ ਪੰਜੀਕਰਨ ਜਮ੍ਹਾਂ ਕੀਤੇ, ਜੋ ਐੱਚ-1ਬੀ ਬਿਨੈਕਾਰਾਂ ਲਈ 85 ਹਜ਼ਾਰ ਸਾਲਾਨਾ ਹੱਦ ਤੋਂ ਲਗਪਗ ਚਾਰ ਲੱਖ ਵੱਧ ਹਨ।