ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਵਿਚ ਵੱਡੀ ਗਿਣਤੀ ’ਚ ਛਾਂਟੀ ਦੇ ਸ਼ਿਕਾਰ ਭਾਰਤੀਆਂ ਸਣੇ ਵਿਦੇਸ਼ੀਆਂ ਲਈ ਹੁਣ ਰਾਹਤ ਭਰੀ ਖ਼ਬਰ ਹੈ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਬਿਜ਼ਨਸ ਜਾਂ ਟੂਰਿਸਟ ਵੀਜ਼ੇ ਬੀ-1 ਤੇ ਬੀ-2 ’ਤੇ ਜਾਣ ਵਾਲੇ ਲੋਕ ਉੱਥੇ ਨਵੀਂ ਨੌਕਰੀ ਲਈ ਬਿਨੈ ਕਰ ਸਕਦੇ ਹਨ ਅਤੇ ਇੰਟਰਵਿਊ ਵਿਚ ਸ਼ਾਮਲ ਹੋ ਸਕਦੇ ਹਨ ਪਰ ਨਵੀਂ ਨੌਕਰੀ ਤੋਂ ਪਹਿਲਾਂ ਸੰਭਾਵਿਤ ਕਰਮਚਾਰੀਆਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਨੇ ਵੀਜ਼ਾ ਸਥਿਤੀ ਬਦਲ ਲਈ ਹੈ।
ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਬੁੱਧਵਾਰ ਨੂੰ ਕਈ ਟਵੀਟ ਕਰ ਕੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਮ ਤੌਰ ’ਤੇ ਗ਼ੈਰ-ਪਰਵਾਸੀ ਕਰਮਚਾਰੀ ਨੌਕਰੀ ਤੋਂ ਕੱਢ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਬਦਲਾਂ ਬਾਰੇ ਨਹੀਂ ਜਾਣਦੇ ਹਨ। ਉਹ ਸਮਝਦੇ ਹਨ ਕਿ 60 ਦਿਨ ਦੀ ਤੈਅ ਮਿਆਦ ਵਿਚ ਅਮਰੀਕਾ ਛੱਡਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ। ਯੂਐੱਸਸੀਆਈਐੱਸ ਦਾ ਇਹ ਪ੍ਰਸਤਾਵ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੀ ਗੂਗਲ, ਮਾਈਕ੍ਰੋਸਾਫਟ ਤੇ ਐਮਾਜ਼ੌਨ ਵਰਗੀਆਂ ਤਕਨੀਕੀ ਕੰਪਨੀਆਂ ਨੇ ਹਜ਼ਾਰਾਂ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ’ਚ ਭਾਰਤੀ ਸ਼ਾਮਲ ਹਨ।
ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਇਨ੍ਹਾਂ ਸਾਹਮਣੇ 60 ਦਿਨ ਦੀ ਮਿਆਦ ਦੇ ਅੰਦਰ ਦੂਜੀ ਨੌਕਰੀ ਜਾਂ ਅਮਰੀਕਾ ਛੱਡਣ ਦਾ ਡਰ ਸਤਾਉਂਦਾ ਹੈ ਪਰ ਹੁਣ ਉਨ੍ਹਾਂ ਨੂੰ ਯੂਐੱਸਸੀਆਈਐੱਸ ਦੇ ਪ੍ਰਸਤਾਵ ਨਾਲ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਇਸ ਵਿਚਾਲੇ ਰਾਸ਼ਟਰਪਤੀ ਕਮਿਸ਼ਨ ਨੇ ਨੌਕਰੀ ਤੋਂ ਕੱਢ ਗਏ ਐੱਚ-1ਬੀ ਵੀਜ਼ਾ ਧਾਰਕਾਂ ਲਈ ਮਿਆਦ 180 ਦਿਨ ਵਧਾਏ ਜਾਣ ਦੀ ਸਿਫ਼ਾਰਿਸ਼ ਕੀਤੀ ਹੈ ਪਰ ਇਸ ਨੂੰ ਸਵੀਕਾਰ ਕੀਤੇ ਜਾਣ ਤੇ ਲਾਗੂ ਹੋਣ ਦੀ ਪ੍ਰਕਿਰਿਆ ਵਿਚ ਸਮਾਂ ਲੱਗ ਸਕਦਾ ਹੈ।
ਕੀ ਹੈ ਬੀ-1, ਬੀ-2 ਤੇ ਐੱਚ-1ਬੀ ਵੀਜ਼ਾ
ਬੀ-1 ਅਤੇ ਬੀ-2 ਵੀਜ਼ਾ ਆਮ ਤੌਰ ’ਤੇ ਬੀ ਵੀਜ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਮਰੀਕਾ ਵਿਚ ਇਹ ਵੱਡੇ ਪੈਮਾਨੇ ’ਤੇ ਜਾਰੀ ਕੀਤਾ ਜਾਂਦਾ ਹੈ। ਬੀ-1 ਵੀਜ਼ਾ ਅਮਰੀਕਾ ਵਿਚ ਘੱਟ ਸਮੇਂ ਲਈ ਬਿਜ਼ਨਸ ਦੀ ਇਜਾਜ਼ਤ ਦਿੰਦਾ ਹੈ, ਜਦਕਿ ਬੀ-2 ਵੀਜ਼ਾ ਨੂੰ ਯਾਤਰਾ ਦੇ ਉਦੇਸ਼ ਨਾਲ ਜਾਰੀ ਕੀਤਾ ਜਾਂਦਾ ਹੈ। ਉੱਥੇ, ਐੱਚ-1 ਵੀਜ਼ਾ ਅਜਿਹੇ ਵਿਦੇਸ਼ੀ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ, ਜਿਹੜੇ ਤਕਨੀਕੀ ਰੂਪ ਨਾਲ ਹਾਈਲੀ ਸਕਿਲਡ ਹੁੰਦੇ ਹਨ ਅਤੇ ਅਮਰੀਕੀ ਕੰਪਨੀਆਂ ਉਨ੍ਹਾਂ ਨੂੰ ਸੀਮਤ ਸਮੇਂ ਲਈ ਨਿਯੁਕਤ ਕਰਦੀਆਂ ਹਨ।