ਵਾਸ਼ਿੰਗਟਨ (ਏਜੰਸੀ) : ਖ਼ਾਲਿਸਤਾਨ ਹਮਾਇਤੀਆਂ ਦੇ ਇਕ ਸਮੂਹ ਨੇ ਸਾਨ ਫਰਾਂਸਿਸਕੋ ’ਚ ਭਾਰਤ ਤੇ ਤਜ਼ਾਰਤੀ ਸਫਾਰਤਖਾਨੇ ’ਚ ਅੱਗ ਲਾਉਣ ਦੀ ਕੋਸਿਸ਼ ਕੀਤੀ। ਸੀਸੀਟੀਵੀ ਕੈਮਰਿਆਂ ’ਚ ਇਹ ਘਟਨਾ ਕੈਦ ਹੋ ਗਈ ਹੈ। ਇਸ ਤੋਂ ਬਾਅਦ ਭਾਰਤੀ ਡਿਪਲੋਮੈਟਾਂ ਨੇ ਆਪਣੇ ਅਮਰੀਕੀ ਹਮਰੁਤਬਾ ਨੂੰ ਸੂਚਨਾ ਦਿੱਤੀ ਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦੇ ਹੋਰ ਵਿਰੋਧ-ਪ੍ਰਦਰਸ਼ਨ ਕੀਤੇ ਜਾਣ ਦਾ ਖ਼ਦਸ਼ਾ ਹੈ। ਇਸ ਤੋਂ ਬਾਅਦ ਅਮਰੀਕਾ ’ਚ ਸਾਰੇ ਭਾਰਤੀ ਅਦਾਰਿਆਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਪ੍ਰਵੇਸ਼ ਦੁਆਰ ’ਤੇ ਜਲਣਸ਼ੀਲ ਪਦਾਰਥ ਪਾਇਆ ਤੇ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦੋਵਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਇਸ ਮਾਮਲੇ ਨੂੰ ਸਾਨ ਫਰਾਂਸਿਸਕੋ ਤੋਂ ਵਾਸ਼ਿੰਗਟਨ ਡੀਸੀ ਤੱਕ ਸ਼ਹਿਰ ਦੀ ਪੁਲਿਸ ਅਤੇ ਸਬੰਧਿਤ ਅਧਿਕਾਰੀਆਂ ਕੋਲ ਕਈ ਪੱਧਰਾਂ ’ਤੇ ਉਠਾਇਆ। ਅੱਗ ਲਾਉਣ ਦੀ ਕੋਸ਼ਿਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਤਜ਼ਾਰਤੀ ਸਫਾਰਤਖਾਨੇ ਦੇ ਬੈਰੀਅਰ ਤੋੜ ਦਿੱਤੇ ਤੇ ਜਬਰੀ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਨੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਤੋੜ ਦਿੱਤਾ। ਕੰਧਾਂ ’ਤੇ ਖ਼ਾਲਿਸਤਾਨ ਦੀ ਹਮਾਇਤ ’ਚ ਨਾਅਰੇ ਲਿਖ ਦਿੱਤੇ ਤੇ ਆਪਣੇ ਝੰਡੇ ਵੀ ਲਾ ਦਿੱਤੇ। ਖ਼ਾਲਿਸਤਾਨ ਹਮਾਇਤੀਆਂ ਨੇ ਵਾਸ਼ਿੰਗਟਨ ਡੀਸੀ ’ਚ ਵੀ ਭਾਰਤੀ ਸਫ਼ਾਰਤਖਾਨੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।
ਅਮਰੀਕਾ ਨੇ ਭਾਰਤੀ ਸਫ਼ਾਰਤਖਾਨੇ ’ਤੇ ਖ਼ਾਲਿਸਤਾਨ ਹਮਾਇਤੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾ ਸਵੀਕਾਰਨਯੋਗ ਹੈ। ਵ੍ਹਾਈਟ ਹਾਊਸ ’ਚ ਕੌਮੀ ਸੁਰੱਖਿਆ ਪ੍ਰੀਸ਼ਦ ਦੇ ਕੋਆਰਡੀਨੇਟਰ ਜਾਨ ਕਿਰਬੀ ਨੇ ਕਿਹਾ ਕਿ ਅਮਰੀਕਾ ਡਿਪਲੋਮੈਟ ਮਿਸ਼ਨਾਂ ਅਤੇ ਇਨ੍ਹਾਂ ’ਚ ਕੰਮ ਕਰਨ ਵਾਲੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਤੀਬੱਧ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਟਵੀਟ ਕੀਤਾ, ‘ਅਸੀਂ ਸਾਨ ਫਰਾਂਸਿਸਕੋ ’ਚ ਭਾਰਤੀ ਸਫ਼ਾਰਤਖਾਨੇ ’ਤੇ ਹਿੰਸਕ ਹਮਲੇ ਦੀ ਨਿਖੇਧੀ ਕਰਦੇ ਹਾਂ, ਜਿਸ ਨਾਲ ਭਾਰਤੀ ਅਮਰੀਕੀਆਂ ਅਤੇ ਭਾਰਤ ਦੇ ਲੋਕਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਅੱਗੇ ਦੀ ਕਾਰਵਾਈ ਸਬੰਧੀ ਸਥਾਨਕ ਕਾਨੂੰਨ ਏਜੰਸੀਆਂ ਦੇ ਸੰਪਰਕ ’ਚ ਹੈ। ਨਵੀਂ ਦਿੱਲੀ ’ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਮੁੜ ਹੋਣ ਤੋਂ ਰੋਕਣ ਲਈ ਉੱਚਿਤ ਉਪਾਅ ਕਰਨ ਲਈ ਕਿਹਾ ਹੈ। ਦੂਜੇ ਪਾਸੇ ਸਿੱਖ ਆਫ ਅਮਰੀਕਾ ਦੇ ਜੱਸੀ ਸਿੰਘ ਨੇ ਕਿਹਾ ਕਿ ਸਾਨ ਫਰਾਂਸਿਸਕੋ ’ਚ ਜਿਸ ਕਿਸੇ ਨੇ ਵੀ ਇਸ ਤਰ੍ਹਾਂ ਦੇ ਹਿੰਸਕ ਵਰਤਾਰੇ ਨੂੰ ਅੰਜਾਮ ਦਿੱਤਾ ਹੈ, ਅਸੀਂ ਉਨ੍ਹਾਂ ਖ਼ਿਲਾਫ਼ ਕਾਰਵਾਈ ਚਾਹੁੰਦੇ ਹਾਂ।