ਨਵੀਂ ਦਿੱਲੀ (ਪੀਟੀਆਈ) : ਪਾਕਿਸਤਾਨ ’ਚ ਖਸਤਾਹਾਲ ਖਜ਼ਾਨੇ ਦੇ ਕਾਰਨ ਉੱਥੇ ਦੇਸ਼ ਪੱਧਰੀ ਬਿਜਲੀ ਕਟੌਤੀ, ਸਰਕਾਰੀ ਖੁਰਾਕ ਵੰਡ ਕੇਂਦਰਾਂ ’ਤੇ ਮਾਰਾਮਾਰੀ ਤੇ ਭਾਜੜ, ਮਹਿੰਗਾਈ ’ਚ ਨਿਰੰਤਰ ਵਾਧਾ ਤੇ ਪਾਕਿਸਤਾਨੀ ਰੁਪਏ ਦਾ ਡਿੱਗਣਾ ਜਾਰੀ ਹੈ। ਪਾਕਿਸਤਾਨੀ ਕਰੰਸੀ ਇਕ ਸਾਲ ’ਚ ਕਰੀਬ 50 ਫੀਸਦੀ ਹੇਠਾਂ ਡਿੱਗ ਕੇ ਇਕ ਡਾਲਰ ਦੇ ਮੁਕਾਬਲੇ 262 ’ਤੇ ਪਹੁੰਚ ਗਈ ਹੈ। ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਵਿਗੜਦੀ ਹਾਲਤ ਦੇ ਮਾੜੇ ਨਤੀਜੇ ਪੂਰੇ ਇਲਾਕੇ ਨੂੰ ਝੱਲਣੇ ਪੈ ਸਕਦੇ ਹਨ। ਖਰਾਬ ਹੁੰਦੀ ਆਰਥਿਕ ਸਥਿਤੀ ਵਿਚਾਲੇ ਪਾਕਿਸਤਾਨ ਸਰਕਾਰ ਮੰਗਲਵਾਰ ਤੋਂ ਅੰਤਰਰਾਸ਼ਟਰੀ ਕੋਸ਼ (ਆਈਐੱਮਐੱਫ) ਦੇ ਅਧਿਕਾਰੀਆਂ ਤੋਂ ਕਰਜ਼ ਲੈਣ ਦੇ ਸਬੰਧ ’ਚ ਗੱਲਬਾਤ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਕਰਜ਼ ਦੇਣ ਲਈ ਆਈਐੱਮਐੱਫ ਪਾਕਿਸਤਾਨ ਦੇ ਸਾਹਮਣੇ ਸਖਤ ਸ਼ਰਤਾਂ ਰੱਖ ਸਕਦਾ ਹੈ। ਇਨ੍ਹਾਂ ਸ਼ਰਤਾਂ ਨੂੰ ਮੰਨਣਾ ਪਾਕਿਸਤਾਨ ਦੇ ਹਾਕਮ ਗਠਜੋੜ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਦੇਸ਼ ’ਚ ਵੱਡਾ ਸਿਆਸੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਥਿਤੀ ’ਚ ਪਾਕਿਸਤਾਨ ’ਚ ਅਸਥਿਰਤਾ ਵੱਧ ਸਕਦੀ ਹੈ ਤੇ ਮੌਕੇ ਦਾ ਫਾਇਦਾ ਉਠਾ ਕੇ ਅੱਤਵਾਦੀ ਜਥੇਬੰਦੀਆਂ ਮਜ਼ਬੂਤ ਹੋ ਸਕਦੀਆਂ ਹਨ। ਅਜਿਹੇ ’ਚ ਪਾਕਿਸਤਾਨੀ ਸਰਕਾਰ ਮੂਲ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਗੁਆਂਢੀ ਦੇਸ਼ਾਂ ਨਾਲ ਵਿਵਾਦਾਂ ਨੂੰ ਹਵਾ ਦੇ ਸਕਦੀ ਹੈ। ਪਾਕਿਸਤਾਨ ’ਚ ਭਾਰਤ ਦੇ ਹਾਈ ਕਮਿਸ਼ਨਰ ਰਹੇ ਟੀਸੀਏ ਰਾਘਵਨ ਦੇ ਮੁਤਾਬਕ ਆਈਐੱਮਐਅਫ ਦੀਆਂ ਸ਼ਰਤਾਂ ਦੇ ਕਾਰਨ ਪਾਕਿਸਤਾਨ ਦੀ ਜਨਤਾ ਦੀਆਂ ਮੁਸ਼ਕਲਾਂ ਵਧਣਗੀਆਂ ਤੇ ਉਸ ਨਾਲ ਸਿਆਸੀ ਵਿਵਸਥਾ ਨੂੰ ਵੱਡਾ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਨਵੰਬਰ 2022 ’ਚ ਆਈਐੱਮਐੱਫ ਨੇ ਪਾਕਿਸਤਾਨ ਲਈ ਆਰਥਿਕ ਢਾਂਚੇ ’ਚ ਸੁਧਾਰ ਦੀਆਂ ਸਖਤ ਸ਼ਰਤਾਂ ਜੋੜ ਦਿੱਤੀਆਂ ਸਨ। ਉਸੇ ਦੀ ਪਹਿਲੀ ਕਿਸ਼ਤ ਦੇਣ ਲਈ ਹੁਣ ਗੱਲਬਾਤ ਹੋਵੇਗੀ।