ਏਐੱਨਆਈ, ਇਸਲਾਮਾਬਾਦ : ਪਾਕਿਸਤਾਨ ਆਪਣੇ ਭਾਰਤ ਵਿਰੋਧੀ ਕੂੜ ਪ੍ਰਚਾਰ ਤੋਂ ਬਾਜ਼ ਨਹੀਂ ਆ ਰਿਹਾ। ਉਹ ਅਕਸਰ ਹੀ ਭਾਰਤ ਖ਼ਿਲਾਫ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ। ਉਸ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲੈ ਕੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਲਈ ਇੰਟਰਨੈੱਟ ਮੀਡੀਆ 'ਤੇ ਕੂੜ ਪ੍ਰਚਾਰ ਮੁਹਿੰਮ ਚਲਾਈ ਹੋਈ ਹੈ। ਇਸ ਹੱਤਿਆ ਕਾਂਡ ਨੂੰ ਲੈ ਕੇ ਨਿਰਾਧਾਰ ਦਾਅਵੇ ਕੀਤੇ ਗਏ। ਇਸ ਮੁਹਿੰਮ ਵਿਚ ਕੁੱਲ 26 ਟਵਿਟਰ ਅਕਾਊਂਟ ਸਰਗਰਮ ਰਹੇ ਅਤੇ ਉਹ ਸਾਰੇ ਪਾਕਿਸਤਾਨੀ ਦੱਸੇ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਸਬੰਧ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨਾਲ ਪਾਇਆ ਗਿਆ ਹੈ। ਮੂਸੇਵਾਲਾ ਦੀ ਹੱਤਿਆ ਦੀ ਖਬਰ 29 ਮਈ ਨੂੰ ਸ਼ਾਮ ਲਗਪਗ ਸਵਾ ਛੇ ਵਜੇ ਆਈ ਸੀ। ਇਸ ਘਟਨਾ ਨੂੰ ਲੈ ਕੇ ਟਵਿਟਰ 'ਤੇ ਜੋ ਪਹਿਲਾ ਟਵੀਟ ਕੀਤਾ ਗਿਆ ਸੀ, ਉਹ ਇਕ ਪਾਕਿਸਤਾਨੀ ਅਕਾਊਂਟ ਤੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਫ਼ਰਜ਼ੀ ਪਾਕਿਸਤਾਨੀ ਅਕਾਊਂਟ 'ਕਿਲਡ ਮੂਸੇਵਾਲਾ' ਵਰਗੇ ਹੈਸ਼ਟੈਗ ਚਲਾਉਣ ਲੱਗੇ। ਇਸ ਤਰ੍ਹਾਂ ਦੇ ਹੈਸ਼ਟੈਗ ਜ਼ਰੀਏ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਹੈਸ਼ਟੈਗ 'ਤੇ ਰਾਅ ਨੂੰ ਹੱਤਿਆ ਲਈ ਜ਼ਿੰਮੇਵਾਰ ਠਹਿਰਾਉਣ ਲਈ ਝੂਠੀਆਂ ਅਤੇ ਗਲਤ ਸੂਚਨਾਵਾਂ ਫੈਲਾਈਆਂ ਗਈਆਂ। ਇਸ ਕਰਤੂਤ 'ਚ ਲਿਪਤ ਜ਼ਿਆਦਾਤਰ ਅਕਾਊਂਟ ਭਾਰਤ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਬਣਾਏ ਗਏ। ਆਪਣੇ ਏਜੰਡੇ ਨੂੰ ਬੜ੍ਹਾਵਾ ਦੇਣ ਤੋਂ ਬਾਅਦ ਉਨ੍ਹਾਂ ਆਪਣੇ ਯੂਜਰਨੇਮ ਬਦਲ ਦਿੱਤੇ। ਇੰਟਰਨੈੱਟ ਮੀਡੀਆ ਵਿਚ ਜੋ ਲੋਕ ਪਰਦੇ ਦੇ ਪਿੱਛਿਓਂ ਮੁਹਿੰਮ ਚਲਾ ਰਹੇ ਸਨ, ਉਨ੍ਹਾਂ ਵਿਚੋਂ ਹਰ ਕਿਸੇ ਨੇ ਹੱਤਿਆ ਕਾਂਡ ਬਾਰੇ ਮਨਘੜਤ ਗੱਲਾਂ ਫੈਲਾਉਣ ਲਈ ਇਕ-ਦੂਸਰੇ ਦੀ ਸਮੱਗਰੀ ਕਾਪੀ ਕੀਤੀ ਸੀ।