ਇਸਲਾਮਾਬਾਦ (ਏਐੱਨਆਈ) : ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਦਲ ਨੇ ਪਾਕਿਸਤਾਨ ਦੀ ਸੋਧੀ ਕਰਜ਼ ਮੈਨੇਜਮੈਂਟ ਯੋਜਨਾ ਨੂੰ ਵੀ ਖ਼ਾਰਜ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਰਜ਼ ਲੈਣ ਅਤੇ ਉਸ ਨੂੰ ਚੁਕਾਉਣ ਦੇ ਪਾਕਿਸਤਾਨੀ ਤਰੀਕੇ ਨੂੰ ਆਈਐੱਮਐੱਫ ਗ਼ਲਤ ਦਸ ਚੁੱਕਾ ਹੈ। ਸੰਗਠਨ ਨੇ ਕਿਹਾ ਹੈ ਕਿ ਪਾਕਿਸਤਾਨ ਬਿਜਲੀ ਬਿਲਾਂ ਵਿਚ ਛੋਟ ਦੀ ਸਹੂਲਤ ਨੂੰ ਖ਼ਤਮ ਕਰਨ ਦੇ ਨਾਲ ਹੀ ਬਿਜਲੀ ਮੁੱਲ ਵਿਚ ਵੀ ਵਾਧਾ ਕਰੇ। ਸਰਕਾਰ ਬਿਜਲੀ ਦਾ ਮੁੱਲ 12.50 ਰੁਪਏ ਪ੍ਰਤੀ ਯੂਨਿਟ ਤੈਅ ਕਰੇ। ਇਨ੍ਹਾਂ ਦੋਵਾਂ ਤਰੀਕਿਆਂ ਨਾਲ ਸਰਕਾਰ ਨੂੰ 335 ਅਰਬ ਰੁਪਏ ਦਾ ਲਾਭ ਹੋਵੇਗਾ।
ਆਈਐੱਮਐੱਫ ਦੇ ਅਧਿਕਾਰੀਆਂ ਦਾ ਦਲ ਪਾਕਿਸਤਾਨ ਆ ਕੇ ਸੋਮਵਾਰ ਤੋਂ ਆਰਥਿਕ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਇਹ ਦਲ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਸੱਤ ਅਰਬ ਡਾਲਰ ਦੇ ਕਰਜ਼ ਵਿਚੋਂ 1.18 ਅਰਬ ਡਾਲਰ ਦੀ ਪਹਿਲੀ ਕਿਸ਼ਤ ਦੇਣ ਤੋਂ ਪਹਿਲਾਂ ਸਥਿਤੀਆਂ ਦਾ ਮੁਲਾਂਕਣ ਕਰ ਰਿਹਾ ਹੈ। ਸਮੀਖਿਆ ਦੇ ਇਸੇ ਦੌਰ ਵਿਚ ਆਈਐੱਮਐੱਫ ਨੇ ਪਾਕਿਸਤਾਨ ਸਰਕਾਰ ਤੋਂ ਊਰਜਾ ਖੇਤਰ ਵਿਚ ਵਿਆਪਕ ਸੁਧਾਰ ਕਰਨ ਲਈ ਕਿਹਾ ਹੈ। ਪਾਕਿਸਤਾਨ ਵਿਚ ਇਸ ਸਮੇਂ ਬਿਜਲੀ ਦਾ ਮੁੱਲ ਸੱਤ ਰੁਪਏ ਪ੍ਰਤੀ ਯੂਨਿਟ ਹੈ। ਆਈਐੱਮਐੱਫ ਦੇ ਦਲ ਨੇ ਇਸ ਨੂੰ ਵਧਾ ਕੇ 11 ਰੁਪਏ ਤੋਂ 12.50 ਰੁਪਏ ਪ੍ਰਤੀ ਯੂਨਿਟ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2023 ਦੇ ਅੰਤ ਤਕ ਪਾਕਿਸਤਾਨ ’ਤੇ ਕੁਲ 2,113 ਅਰਬ ਰੁਪਏ ਦਾ ਕਰਜ਼ ਹੋ ਜਾਵੇਗਾ। ਆਈਐੱਮਐੱਫ ਇਸ ਕਰਜ਼ ਨੂੰ ਵਧਾਉਣ ਤੋਂ ਰੋਕਣ ਲਈ ਪਾਕਿਸਤਾਨ ਸਰਕਾਰ ਨੂੰ ਸਖ਼ਤ ਫ਼ੈਸਲੇ ਲੈਣ ਲਈ ਕਹਿ ਰਿਹਾ ਹੈ। ਆਯਾਤ ਲਈ ਨਕਦੀ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਲਈ ਆਈਐੱਮਐੱਫ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ।
ਪਾਕਿਸਤਾਨ ਵਿਚ ਮਹਿੰਗਾਈ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। 1975 ਤੋਂ ਬਾਅਦ 48 ਸਾਲਾਂ ਵਿਚ ਪਹਿਲੀ ਵਾਰ ਦੇਸ਼ ਵਿਚ ਮਹਿੰਗਾਈ 27.55 ਫ਼ੀਸਦੀ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਇਸ ਦੌਰਾਨ ਰੋਜ਼ਾਨਾ ਦੀਆਂ ਜ਼ਰੂਰਤਾਂ ਦੀਆਂ ਕੁਝ ਵਸਤੂਆਂ ਦੀ ਕੀਮਤ ਦੋ ਗੁਣਾ ਤਕ ਹੋ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਢਾਈ ਸੌ ਰੁਪਏ ਦੇ ਪਾਰ ਚਲੀ ਗਈ ਹੈ। ਵੀਰਵਾਰ ਨੂੰ ਅਮਰੀਕੀ ਡਾਲਰ ਹੋਰ ਮਹਿੰਗਾ ਹੋ ਕੇ 272 ਰੁਪਏ ਦੇ ਕਰੀਬ ਪਹੁੰਚ ਗਿਆ। ਇਸ ਨਾਲ ਪਾਕਿਸਤਾਨ ਦੇ ਖ਼ਜ਼ਾਨੇ ਦੀ ਦਸ਼ਾ ਹੋਰ ਕਮਜ਼ੋਰ ਹੋ ਗਈ।