ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਭਾਰਤੀ ਨਾਗਰਿਕ ਰਿਹਾਅ ਕਰ ਕੇ ਭਾਰਤ ਭੇਜ ਦਿੱਤੇ ਗਏ ਹਨ। ਭਾਰਤੀ ਹਾਈ ਕਮਿਸ਼ਨ ਦੀ ਪਟੀਸ਼ਨ 'ਤੇ ਇਸਲਾਮਾਬਾਦ ਹਾਈ ਕੋਰਟ ਦੇ ਰਿਪੋਰਟ ਤਲਬ ਕਰਨ 'ਤੇ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਬਾਵਜੂਦ ਹਾਈ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਹੈ ਤੇ ਕਿਹਾ ਹੈ ਕਿ ਕਿਸੇ ਵੀ ਕੈਦੀ ਨੂੰ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹ 'ਚ ਰੱਖਣਾ ਅਪਰਾਧ ਹੈ। ਸਾਰੇ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਕੇ ਫ਼ੌਰੀ ਉਨ੍ਹਾਂ ਦੇ ਦੇਸ਼ ਭੇਜਿਆ ਜਾਵੇ। ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਸੂਸੀ ਤੇ ਅੱਤਵਾਦ ਫੈਲਾਉਣ ਦੇ ਦੋਸ਼ 'ਚ ਪਾਕਿਸਤਾਨੀ ਅਦਾਲਤ ਤੋਂ ਸਜ਼ਾ ਹੋਈ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਲਿਆ ਹੈ।
ਭਾਰਤੀ ਹਾਈ ਕਮਿਸ਼ਨ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਜੇਲ੍ਹ 'ਚ ਰੱਖਣਾ ਪਾਕਿਸਤਾਨ ਦੇ ਸੰਵਿਧਾਨ ਦੀ ਉਲੰਘਣਾ ਹੈ। ਇਸ ਲਈ ਪੰਜ ਭਾਰਤੀ ਨਾਗਰਿਕਾਂ-ਬਿਰਚੋ, ਬੰਗ ਕੁਮਾਰ, ਸਤੀਸ਼ ਭਾਗ ਤੇ ਸੋਨੂ ਨੂੰ ਬਗ਼ੈਰ ਦੇਰੀ ਰਿਹਾਅ ਕੀਤਾ ਜਾਵੇ। ਇਸ 'ਤੇ ਅਦਾਲਤ ਨੇ ਗ੍ਹਿ ਮੰਤਰਾਲੇ ਤੋਂ ਰਿਪੋਰਟ ਤਲਬ ਕੀਤੀ ਸੀ। ਮਾਮਲਾ ਹਾਈ ਕੋਰਟ 'ਚ ਜਾਣ ਨਾਲ ਗ੍ਹਿ ਮੰਤਰਾਲੇ ਨੇ ਕਾਹਲੀ 'ਚ ਭਾਰਤੀ ਕੈਦੀਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਤੇ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ। ਪਾਕਿਸਤਾਨ ਦੇ ਗ੍ਹਿ ਮੰਤਰਾਲੇ ਨੇ ਦੱਸਿਆ ਕਿ ਸਾਰੇ ਪੰਜ ਭਾਰਤੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਤੇ 26 ਅਕਤੂਬਰ ਨੂੰ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਗਿਆ ਹੈ। ਇਨ੍ਹਾਂ 'ਚੋਂ ਇਕ ਵਾਪਸ ਭਾਰਤ ਨਹੀਂ ਜਾਣਾ ਚਾਹੁੰਦਾ ਸੀ ਪਰ ਉਸ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਗ੍ਹਿ ਮੰਤਰਾਲੇ ਨੇ ਇਹ ਜਵਾਬ ਹਾਈ ਕੋਰਟ 'ਚ ਦਾਖ਼ਲ ਕੀਤਾ ਹੈ।
ਇਸ 'ਤੇ ਹਾਈ ਕੋਰਟ ਦੇ ਮੁੱਖ ਜਜ ਅਤਹਰ ਮੀਨੱਲਾ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਪੰਜ ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ 'ਚ ਦੇਰੀ ਕਿਉਂ ਕੀਤੀ ਗਈ? ਕਿਸੇ ਨੂੰ ਬੇਵਜ੍ਹਾ ਜੇਲ੍ਹ 'ਚ ਰੱਖਣਾ ਅਪਰਾਧ ਹੈ। ਉਨ੍ਹਾਂ ਨੂੰ ਫ਼ੌਰੀ ਵਾਪਸ ਭੇਜਿਆ ਜਾਵੇ। ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਭਾਰਤੀ ਹਾਈ ਕਮਿਸ਼ਨ ਦੀ ਇਕ ਹੋਰ ਪਟੀਸ਼ਨ 'ਚ ਤਿੰਨ ਭਾਰਤੀ ਨਾਗਰਿਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਇਸ 'ਤੇ ਪੰਜ ਨਵੰਬਰ ਨੂੰ ਸੁਣਵਾਈ ਕਰੇਗਾ। ਇਨ੍ਹਾਂ ਕੈਦੀਆਂ ਨੇ ਵੀ ਆਪਣੀ ਸਜ਼ਾ ਪੂਰੀ ਕਰ ਲਈ ਹੈ ਪਰ ਉਹ ਅਜੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਹਨ।