ਪਾਕਿਸਤਾਨ : ਇਕ ਪਾਸੇ ਪਾਕਿਸਤਾਨ ਦੀ ਜਨਤਾ ਤੰਗਹਾਲੀ, ਮਹਿੰਗਾਈ ਤੇ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਦੂਜੇ ਪਾਸੇ ਜਾਸੂਸ ਏਜੰਸੀ ਆਈਐਸਆਈ ਦੇ ਨਵੇਂ ਮੁਖੀਆ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਤੇ ਫੌਜ ਆਪਸੀ ਲੜਾਈ 'ਚ ਉਲਝੀ ਹੋਈ ਹੈ। ਆਲਮ ਇਹ ਹੈ ਕਿ ਪਾਕਿਸਤਾਨ 'ਚ ਇਮਰਾਨ ਖਾਨ ਤੇ ਫੌਜ ਮੁਖੀ ਬਾਜਵਾ 'ਚ ਟਕਰਾਅ ਜਗ ਜ਼ਾਹਿਰ ਹੋ ਚੁੱਕਾ ਹੈ ਤੇ ਇਮਰਾਨ ਦੀ ਵਿਦਾਈ ਦੀ ਪਲਾਨਿੰਗ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਕਮਜ਼ੋਰ ਪੈ ਰਹੇ ਹਨ।
ਕਮਜ਼ੋਰ ਅਰਥ ਵਿਵਸਥਾ, ਵਧਦੇ ਕਰਜ਼ ਤੇ ਮਹਿੰਗਾਈ ਦੇ ਚੱਲਦਿਆਂ ਉਨ੍ਹਾਂ ਦੀ ਅਗਵਾਈ 'ਤੇ ਸਵਾਲ ਉਠੇ ਹਨ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਦਾ ਪਾਕਿਸਤਾਨ ਦੀ ਕੁਰਸੀ ਤੋਂ ਹਟਣਾ ਹੁਣ ਲਗਪਗ ਤੈਅ ਹੋ ਗਿਆ ਹੈ। ਕਿਉਂਕਿ ਪਾਕਿਸਤਾਨ ਦੀ ਫੌਜ ਤੇ ਮੁਖੀ ਬਾਜਵਾ ਇਮਰਾਨ ਖਾਨ ਨੂੰ ਆਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੇ ਹਨ ਤੇ ਜਾਲ ਵੀ ਵਿਛਾ ਚੁੱਕੇ ਹਨ। 20 ਨਵੰਬਰ ਨੂੰ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਆਈਐਸਆਈ ਦੇ ਡੀਜੀ ਦਾ ਆਹੁਦੇ ਸੰਭਾਲਣ ਜਾ ਰਹੇ ਹਨ। ਇਸ ਨੂੰ ਲੈ ਕੇ ਇਮਰਾਨ ਖਾਨ ਤੇ ਆਰਮੀ ਚੀਫ ਬਾਜਵਾ 'ਚ ਤਕਰਾਰ ਹੈ।ਰਿਪੋਰਟ ਮੁਤਾਬਕ ਮੌਜੂਦਾ ਸਮੇਂ 'ਚ ਇਮਰਾਨ ਖਾਨ ਦੇ ਸਾਹਮਣੇ ਹੁਣ ਦੋ ਹੀ ਬਦਲ ਰੱਖ ਗਏ ਹਨ। ਪਹਿਲਾ ਬਦਲ ਇਹ ਹੈ ਕਿ ਇਮਰਾਨ ਖਾਨ ਖੁਦ 20 ਨਵੰਬਰ ਤੋਂ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਤੇ ਦੂਜਾ ਇਹ ਹੈ ਕਿ ਸੰਸਦ 'ਚ ਵਿਰੋਧੀ ਇਨ-ਹਾਊਸ ਬਦਲਾਅ ਕਰਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਬਦਲਾਂ 'ਚ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਅਹੁਦਾ ਜਾਣਾ ਤੈਅ ਹੈ।