ਕੀਵ (ਏਜੰਸੀ) : ਮਹੀਨਿਆਂ ਤੋਂ ਚੱਲੀ ਆ ਰਹੀ ਜ਼ਬਰਦਸਤ ਲੜਾਈ ਤੋਂ ਬਾਅਦ ਰੂਸ ਨੇ ਮੰਗਲਵਾਰ ਨੂੰ ਯੂਕਰੇਨੀ ਫ਼ੌਜ ਦੇ ਗੜ੍ਹ ਮਾਰੀਪੋਲ 'ਤੇ ਕਬਜ਼ਾ ਕਰ ਲਿਆ। ਸ਼ਹਿਰ ਦਾ ਕੰਟਰੋਲ ਆਪਣੇ ਹੱਥਾਂ 'ਚ ਲੈਣ ਤੋਂ ਬਾਅਦ ਰੂਸ ਨੇ ਸੈਂਕੜੇ ਯੂਕਰੇਨੀ ਫ਼ੌਜੀਆਂ ਨੂੰ ਆਪਣੇ ਕਬਜ਼ੇ ਵਾਲੇ ਸ਼ਹਿਰਾਂ 'ਚ ਭੇਜ ਦਿੱਤਾ ਹੈ। ਇਸ ਨੂੰ ਯੂਕਰੇਨ ਦੀ ਵੱਡੀ ਹਾਰ ਮੰਨਿਆ ਜਾ ਰਿਹਾ ਹੈ। ਨਾਲ ਹੀ ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਦੀ ਸਮਾਪਤੀ ਦੀ ਉਮੀਦ ਵੀ ਜਗਾਈ ਜਾ ਰਹੀ ਹੈ। ਲੰਬੇ ਸਮੇਂ ਤੋਂ ਰੂਸ ਦੀ ਜ਼ਬਰਦਸਤ ਬੰਬਾਰੀ ਦਾ ਸਾਹਮਣਾ ਕਰ ਰਿਹਾ ਮਾਰੀਪੋਲ ਹੁਣ ਕਰੀਬ ਮਲਬੇ 'ਚ ਤਬਦੀਲ ਹੋ ਚੁੱਕਿਆ ਹੈ। ਯੂਕਰੇਨ ਦਾ ਦਾਅਵਾ ਹੈ ਕਿ ਸ਼ਹਿਰ ਦੇ ਹਜ਼ਾਰਾਂ ਲੋਕ ਇਸ ਜੰਗ 'ਚ ਮਾਰੇ ਗਏ ਹਨ। ਇਸ ਦੌਰਾਨ ਜਰਮਨੀ ਦੇ ਚਾਂਸਲਰ ਓਲਾਫ ਸ਼ੁਲਜ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਫੋਨ 'ਤੇ ਗੱਲਬਾਤ ਕਰ ਕੇ ਫ਼ੌਜ ਤੇ ਮਨੁੱਖੀ ਸਥਿਤੀ ਦੀ ਜਾਣਕਾਰੀ ਦਿੱਤੀ।
ਰੂਸ ਨੇ ਮਾਰੀਪੋਲ 'ਚ 250 ਤੋਂ ਵੱਧ ਯੂਕਰੇਨੀ ਫ਼ੌਜੀਆਂ ਵੱਲੋਂ ਸਮਰਪਣ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਯੂਕਰੇਨੀ ਫ਼ੌਜ ਦੇ ਜਨਰਲ ਸਟਾਫ ਨੇ ਇਕ ਬਿਆਨ 'ਚ ਕਿਹਾ ਕਿ ਮਾਰੀਪੋਲ ਦਾ ਗੜ੍ਹ ਆਪਣੀ ਜੰਗੀ ਮੁਹਿੰਮ ਨੂੰ ਪੂਰੀ ਕਰ ਚੁੱਕਿਆ ਹੈ। ਸਿਖਰਲੀ ਫ਼ੌਜੀ ਲੀਡਰਸ਼ਿਪ ਨੇ ਯੂਨਿਟ ਕਮਾਂਡਰਾਂ ਨੂੰ ਫ਼ੌਜੀਆਂ ਦੇ ਜੀਵਨ ਦੀ ਰੱਖਿਆ ਕਰਨ ਦਾ ਹੁਕਮ ਦਿੱਤਾ ਹੈ...ਮਾਰੀਪੋਲ ਦੇ ਰੱਖਿਅਕ ਸਾਡੇ ਸਮੇਂ ਦੇ ਹੀਰੋ ਹਨ। ਉਪ ਰੱਖਿਆ ਮੰਤਰੀ ਅੰਨਾ ਮਲਿਆਰ ਨੇ ਦੱਸਿਆ ਕਿ 53 ਜ਼ਖ਼ਮੀਆਂ ਨੂੰ ਰੂਸ ਦੇ ਕਬਜ਼ੇ ਵਾਲੇ ਨੋਵੋਆਜੋਵਸਕ, ਜਦਕਿ 211 ਲੋਕਾਂ ਨੂੰ ਰੂਸ ਸਮਰਥਿਤ ਓਲੇਨਿਵਕਾ ਲਿਜਾਇਆ ਗਿਆ ਹੈ। ਇਨ੍ਹਾਂ ਦੀ ਰੂਸੀ ਫ਼ੌਜੀਆਂ ਨਾਲ ਅਦਲਾ-ਬਦਲੀ ਹੋਵੇਗੀ। ਯੂਕਰੇਨੀ ਫ਼ੌਜ ਨੇ ਕਿਹਾ ਹੈ ਕਿ ਸਟੀਲ ਪਲਾਂਟ 'ਚ ਕਰੀਬ 600 ਫ਼ੌਜੀ ਮੌਜੂਦ ਸਨ।
ਰਾਸ਼ਟਰਪਤੀ ਜ਼ੇਲੈਂਸਕੀ ਨੇ ਇਕ ਸੰਬੋਧਨ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਆਪਣੇ ਯੋਧਿਆਂ ਨੂੰ ਬਚਾਉਣ 'ਚ ਕਾਮਯਾਬ ਹੋਵਾਂਗੇ। ਉਨ੍ਹਾਂ 'ਚੋਂ ਕਈ ਗੰਭੀਰ ਤੌਰ 'ਤੇ ਜ਼ਖ਼ਮੀ ਹਨ, ਜਿਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਯੂਕਰੇਨ ਆਪਣੇ ਨਾਇਕਾਂ ਨੂੰ ਜਿੰਦਾ ਰੱਖਣਾ ਚਾਹੁੰਦਾ ਹੈ।
ਇਸ ਦੌਰਾਨ ਪੱਛਮੀ ਫ਼ੌਜੀ ਸੂਤਰਾਂ ਨੇ ਕਿਹਾ ਹੈ ਕਿ ਪੁਤਿਨ ਇਸ ਜੰਗ 'ਚ ਕਾਫੀ ਡੂੰਗੇ ਤੌਰ 'ਤੇ ਸ਼ਾਮਿਲ ਹੋ ਚੁੱਕੇ ਹਨ। ਉਹ ਕਿਸੇ ਕਰਨਲ ਜਾਂ ਬਿ੍ਗੇਡੀਅਰ ਵਾਂਗ ਮੁਹਿੰਮ ਜਾਂ ਜੰਗੀ ਤਕਨੀਕ ਸਬੰਧੀ ਫ਼ੈਸਲਾ ਲੈ ਰਹੇ ਹਨ। ਰੂਸ ਨੇ ਦੋਸ਼ ਲਗਾਇਆ ਹੈ ਕਿ ਦੁਨੀਆ ਦੀਆਂ ਸੱਤ ਵੱਡੀਆਂ ਆਰਥਿਕ ਸ਼ਕਤੀਆਂ (ਜੀ-7) ਰੂਸ ਦੇ ਵਿਦੇਸ਼ੀ ਕਰੰਸੀ ਭੰਡਾਰ ਨੂੰ ਜ਼ਬਤ ਕਰ ਕੇ ਯੂਕਰੇਨ ਦੇ ਨਾਂ 'ਤੇ ਉਸ ਦਾ ਇਸਤੇਮਾਲ ਕਰ ਰਹੀਆਂ ਹਨ।
ਜ਼ਬਰਦਸਤ ਬੰਬਾਰੀ ਨਾਲ ਕੰਬਿਆ ਲਵੀਵ
ਏਪੀ ਮੁਤਾਬਕ ਰੂਸ ਨੇ ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ 'ਚ ਜ਼ਬਰਦਸਤ ਬੰਬਾਰੀ ਕੀਤੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼ਹਿਰ 'ਚ ਘੱਟੋ-ਘੱਟ ਅੱਠ ਜ਼ਬਰਦਸਤ ਧਮਾਕੇ ਹੋਏ ਹਨ। ਅੱਗ ਦੀਆਂ ਉੱਚੀਆਂ ਲਪਟਾਂ ਵੀ ਦੇਖੀਆਂ ਗਈਆਂ ਹਨ। ਸ਼ਹਿਰ 'ਚ ਸਵੇਰੇ ਛੇ ਤੋਂ ਰਾਤ 11 ਵਜੇ ਤੱਕ ਕਰਫਿਊ ਲੱਗਿਆ ਹੈ। ਲਵੀਵ ਖੇਤਰੀ ਫ਼ੌਜੀ ਪ੍ਰਸ਼ਾਸਨ ਨੇ ਕਿਹਾ ਕਿ ਰੂਸ ਨੇ ਯਾਵੋਰਿਵ ਜ਼ਿਲ੍ਹੇ 'ਚ ਸਥਿਤ ਫ਼ੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਹੰਗਰੀ ਦੇ ਪੀਐੱਮ ਦਾ ਰੂਸੀ ਤੇਲ ਦਰਾਮਦ 'ਤੇ ਪਾਬੰਦੀ ਤੋਂ ਇਨਕਾਰ
ਯੂਰਪੀ ਸੰਘ ਦੇ ਨੇਤਾ ਜਿੱਥੇ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਮ ਦੀ ਦਿਸ਼ਾ 'ਚ ਅੱਗੇ ਵਧ ਰਹੇ ਹਨ, ਉੱਥੇ ਹੀ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਬਰਨ ਨੇ ਸਾਫ਼ ਕੀਤਾ ਹੈ ਕਿ ਉਹ ਅਜਿਹੇ ਕਿਸੇ ਵੀ ਕਦਮ ਦਾ ਸਮਰਥਨ ਨਹੀਂ ਕਰਨਗੇ, ਜਿਹੜਾ ਉਨ੍ਹਾਂ ਦੇ ਦੇਸ਼ ਦੀ ਊਰਜਾ ਸੁਰੱਖਿਆ 'ਤੇ ਨਕਾਰਤਮਕ ਅਸਰ ਪਾਵੇਗਾ। ਇਸ ਦੌਰਾਨ ਯੂਪੀ ਸੰਘ ਨ ਨਵਾਂ ਨਿਯਮ ਜਾਰੀ ਕਰਦੇ ਹੋਏ ਕਿਹਾ ਕਿ ਰੂਸ ਤੋਂ ਕਾਨੂੰਨੀ ਤਰੀਕੇ ਨਾਲ ਤੇਲ ਦਰਾਮਦ ਕੀਤਾ ਜਾ ਰਿਹਾ ਹੈ।
ਵੈਟੀਕਨ ਦੇ ਮੰਤਰੀ ਜਾਣਗੇ ਯੂਕਰੇਨ
ਰੂਸ ਨਾਲ ਗੱਲਬਾਤ ਖੁੱਲ੍ਹੀ ਰੱਖਣ ਦੇ ਯਤਨਾਂ ਤਹਿਤ ਵੈਟੀਕਨ ਦੇ ਵਿਦੇਸ਼ ਮੰਤਰੀ ਆਕਰਬਿਸ਼ਪ ਪਾਲ ਗੈਲਾਘੇਰ ਬੁੱਧਵਾਰ ਨੂੰ ਯੂਕਰੇਨ ਪੁੱਜਮਗੇ। ਉਹ ਸ਼ੁੱਕਰਵਾਰ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨਾਲ ਮੁਲਾਕਾਤ ਕਰਨਗੇ।
ਯੂਰਪ 'ਤੇ ਦੋਹਰਾ ਰਵਈਆ ਅਪਣਾਉਣ ਦਾ ਦੋਸ਼
ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਤੇ ਰੱਡ ਕ੍ਰੇਸੈਂਟ ਸੁਸਾਇਟੀਜ਼ ਦੇ ਮੁਖੀ ਫਰਾਂਸੈਸਕੋ ਰੋਕਾ ਨੇ ਯੂਰਪ 'ਤੇ ਸ਼ਰਨਾਰਥੀਆਂ ਨੂੰ ਸਹਾਰਾ ਦੇਣ ਦੇ ਮਾਮਲੇ 'ਚ ਦੋਹਰਾ ਰਵਈਆ ਅਪਣਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਡੋਨਾਬਾਸ ਜਾਂ ਨਾਈਜੀਰੀਆ ਦੇ ਕਿਸੇ ਸ਼ਰਨਾਰਥੀ 'ਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ।