ਟੋਕੀਓ (ਪੀਟੀਆਈ) : ਜਾਪਾਨ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ ਸਾਫ਼ ਤੇ ਸਖ਼ਤ ਸੰਦੇਸ਼ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਹਾਜ਼ਰੀ ’ਚ ਮੋਦੀ ਨੇ ਕਿਹਾ, ਭਾਰਤ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਨੂੰ ਮੁਕਤ, ਖੁੱਲ੍ਹਾ ਅਤੇ ਸਮਾਵੇਸ਼ੀ ਬਣਾਏ ਰੱਖਣ ਲਈ ਵਚਨਬੱਧ ਹੈ। ਭਾਰਤ ਸਹਿਯੋਗੀ ਦੇਸ਼ਾਂ ਨਾਲ ਆਰਥਿਕ ਸਬੰਧ ਮਜ਼ਬੂਤ ਕਰ ਕੇ ਖੇਤਰ ਵਿਚ ਸਮੂਹਿਕ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦਾ ਮਾਹੌਲ ਬਣਾਉਣ ’ਚ ਵਿਸ਼ਵਾਸ ਰੱਖਦਾ ਹੈ। ਮੋਦੀ ਨੇ ਇਹ ਗੱਲ ਸੋਮਵਾਰ ਨੂੰ ਇੰਡੋ-ਪੈਸਿਫਿਕ ਇਕੋਨਾਮਿਕ ਫ੍ਰੇਮਵਰਕ ਫਾਰ ਪ੍ਰੋਸਪੇਰਿਟੀ (ਆਈਪੀਈਐੱਫ) ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ’ਤੇ ਕਹੀ। ਮੁਹਿੰਮ ਦੀ ਸ਼ੁਰੂਆਤ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕੀਤੀ ਹੈ। ਇਸ ਵਿਚ ਭਾਰਤ ਅਤੇ ਅਮਰੀਤਾ ਸਮੇਤ ਕੁਲ 12 ਦੇਸ਼ ਸ਼ਾਮਲ ਹਨ।
ਆਰਥਿਕ ਤਾਣੇ-ਬਾਣੇ ਤੋਂ ਚੀਨ ਨੂੰ ਨਜ਼ਦੀਕ ਜਾ ਕੇ ਘੇਰਨ ਦੀ ਤਿਆਰੀ ਹੋ ਚੁੱਕੀ ਹੈ। ਅਮਰੀਕਾ ਨੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਮਿਲ ਕੇ ਸਵੱਛ ਊਰਜਾ, ਸਪਲਾਈ ਲੜੀ ਨੂੰ ਮਜ਼ਬੂਤ ਬਣਾਉਣ ਅਤੇ ਡਿਜੀਟਲ ਟ੍ਰੇਡ ਨੂੰ ਬੜ੍ਹਾਵਾ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਨੂੰ ਇੰਡੋ-ਪੈਸਿਫਿਕ ਇਕੋਨਾਮਿਕ ਫ੍ਰੇਮਵਰਕ ਫਾਰ ਪ੍ਰੋਸਪੇਰਿਟੀ ਦਾ ਨਾਂ ਦਿੱਤਾ ਗਿਆ ਹੈ। ਚੀਨ ਦੀ ਹਮਲਾਵਰ ਵਪਾਰ ਨੀਤੀ ਦਾ ਜਵਾਬ ਮੰਨੀ ਜਾ ਰਹੀ ਇਸ ਮੁਹਿੰਮ ਵਿਚ ਭਾਰਤ ਨਾਲ ਆਸਟ੍ਰੇਲੀਆ, ਇੰਡੋਨੇਸ਼ੀਆ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲਪੀਨ, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਹਨ। ਜ਼ਾਹਿਰ ਹੈ ਕਿ ਇਨ੍ਹਾਂ ਵਿਚ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਭਾਰਤ ਦੀ ਮੁੱਖ ਭੂਮਿਕਾ ਹੋਵੇਗੀ।
ਸਮਾਗਮ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਆਈਪੀਈਐੱਫ ਜ਼ਰੀਏ ਹਿੰਦ-ਪ੍ਰਸ਼ਾਂਤ ਖੇਤਰ ਵਿਸ਼ਵ ਪੱਧਰੀ ਆਰਥਿਕ ਤਰੱਗੀ ਦੀ ਅਗਵਾਈ ਕਰੇਗਾ। ਸਹੀ ਮਾਇਨੇ ’ਚ ਇਸ ਵਿਚ ਸ਼ਾਮਲ 12 ਦੇਸ਼ ਦੇਸ਼ ਦੁਨੀਆ ਦੇ ਆਰਥਿਕ ਵਿਕਾਸ ਦਾ ਇੰਜਣ ਬਣਨਗੇ। ਇਸ ਲਈ ਸਾਨੂੰ ਮਿਲ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਮਜ਼ਬੂਤ ਹੋ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਆਪਣੀ ਪਾਰਦਰਸ਼ੀ ਅਤੇ ਨਿਯਮਬੱਧ ਕਾਰਜਸ਼ੈਲੀ ਨਾਲ ਉਨ੍ਹਾਂ ਚੁਣੌਤੀਆਂ ਨੂੰ ਖ਼ਤਮ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਆਈਪੀਈਐੱਫ ਦੇ ਸਾਰੇ ਸਹਿਯੋਗੀ ਦੇਸ਼ਾਂ ਨਾਲ ਸਮਾਵੇਸ਼ੀ ਅਤੇ ਲਚੀਲਾ ਰੁਖ਼ ਅਪਣਾਉਣ ਅਤੇ ਨਾਲ ਚੱਲਣ ਦਾ ਸੰਕਲਪ ਪ੍ਰਗਟ ਕੀਤਾ। ਉਨ੍ਹਾਂ ਇਸ ਲਈ 3 ਟੀ ਫਾਰਮੂਲੇ ’ਤੇ ਕੰਮ ਕਰਨ ਦੀ ਲੋੜ ਦੱਸੀ। 3 ਟੀ ਫਾਰਮੂਲਾ-ਟ੍ਰਸਟ, ਟ੍ਰਾਂਸਪੇਰੈਂਸੀ ਅਤੇ ਟਾਈਮਲੀਨੈੱਸ ਦਾ ਹੈ। ਮੋਦੀ ਨੇ ਕਿਹਾ ਕਿ ਆਪਸੀ ਵਿਸ਼ਵਾਸ, ਪਾਰਦਰਸ਼ਿਤਾ ਤੇ ਸਮਾਂਬੱਧ ਕਾਰਜਸ਼ੈਲੀ ਅਪਣਾ ਕੇ ਕਿਸੇ ਵੀ ਚੁਣੌਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਭਾਰਤ ਖੇਤਰੀ ਦੇਸ਼ਾਂ ਵਿਚਾਲੇ ਸੰਪਰਕ, ਸਹਿਯੋਗ, ਵਪਾਰ ਤੇ ਨਿਵੇਸ਼ ਵਧਾ ਕੇ ਆਰਥਿਕ ਵਿਕਾਸ ਦਾ ਮਾਹੌਲ ਬਣਾਉਣਾ ਚਾਹੁੰਦਾ ਹੈ। ਇਸ ਨਾਲ ਵਿਕਾਸ ਦੇ ਸਾਡੇ ਟੀਚੇ ਹਾਸਲ ਹੋਣਗੇ ਅਤੇ ਮਨੁੱਖੀ ਵਿਕਾਸ ਹੋਵੇਗਾ।