ਮਿਲਾਨ (ਦਲਜੀਤ ਮੱਕੜ) : 2 ਸਾਲ ਕੋਰੋਨਾ ਕਾਰਨ ਲੱਗੀਆਂ ਪਾਬੰਦੀਆ ਵਿੱਚ ਢਿੱਲ ਮਿਲਣ ਤੋਂ ਬਾਅਦ ਇਟਲੀ ਵਿੱਚ ਵਸਦੇ ਭਾਰਤੀ ਧਾਰਮਿਕ ਅਤੇ ਸੱਭਿਆਚਾਰਕ ਰੰਗ ਵਿੱਚ ਰੰਗੇ ਨਜਰ ਆ ਰਹੇ ਹਨ। ਅਪ੍ਰੈਲ ਮਹੀਨੇ ਤੋਂ ਇਟਲੀ ਵਿੱਚ ਵੱਖ ਵੱਖ ਦਿਹਾੜਿਆਂ ਨੂੰ ਸਮਰਪਿਤ ਇਟਲੀ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ। ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ, ਦੂਰੋਂ ਦੂਰੋਂ ਲੋਕ ਨਗਰ ਕੀਰਤਨਾਂ ਤੇ ਹਿੱਸਾ ਲੈਣ ਪਹੁੰਚੇ ਅਤੇ ਇਹਨਾਂ ਨਗਰ ਕੀਰਤਨਾਂ ਦੀਆਂ ਖਬਰਾਂ ਇਟਾਲੀਅਨ ਮੀਡੀਆਂ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ।ਇਸ ਤੋਂ ਇਲਾਵਾ ਇਟਲੀ ਵਿੱਚ ਹੋਰ ਵੀ ਧਾਰਮਿਕ ਸਮਾਗਮ ਜੋਰਾਂ ਤੇ ਹਨ। ਹੁਣ ਇਟਲੀ ਵਿੱਚ ਕਬੱਡੀ ਮੈਚ ਚੱਲ ਹਨ। ਜਿਹੜੇ ਕਿ ਹਰ ਹਫਤੇ ਅਗਸਤ ਤਕ ਚਲਦੇ ਰਹਿਣਗੇ। ਇਹਨਾਂ ਕਬੱਡੀ ਮੈਚਾਂ ਵਿੱਚ ਖਿਡਾਰੀ ਯੂਰਪ ਦੇ ਹੋਰਨਾਂ ਦੇਸ਼ਾ ਤੋਂ ਵੀ ਖੇਡਣ ਪਹੁੰਚਦੇ ਹਨ। ਇਟਲੀ ਤੋਂ ਵੀ ਦੂਰ ਦੁਰਾਡੇ ਤੋਂ ਟੀਮਾਂ ਭਾਗ ਲੈਣ ਆਉਂਦੀਆਂ ਹਨ। ਕੋਰਤੇਵਾ ਕਬੱਡੀ ਕੱਪ ਵਿੱਚ ਜੈਤੂ ਰਹੀ ਰੋਮ ਦੀ ਟੀਮ ਕਰੀਬ 600 ਕਿਲੋਮੀਟਰ ਦੂਰੀ ਤੋਂ ਖੇਡਣ ਪੁੱਜੀ ਸੀ। ਇਸੇ ਤਰਾਂ ਵੱਖ ਵੱਖ ਗੁਰਦੁਆਰਿਆ ਅਤੇ ਕਬੱਡੀ ਕਲੱਬਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਬੱਡੀ ਮੈਚਾਂ ਨੁੰ ਦੇਖਣ ਕਬੱਡੀ ਦੇ ਖੇਡ ਪ੍ਰੇਮੀ ਦੂਰੋਂ ਦੂਰੋਂ ਮੈਚ ਦੇਖਣ ਪਹੁੰਚ ਰਹੇ ਹਨ। ਇਸੇ ਤਰਾਂ ਇਟਲੀ ਵਿੱਚ ਤੀਆਂ ਦੇ ਮੇਲੇ ਸ਼ੁਰੂ ਹੋ ਚੱਕੇ ਹਨ। ਜੋ ਕਿ ਵੱਖ ਵੱਖ ਕਸਬਿਆਂ ਸ਼ਹਿਰਾਂ ਵਿੱਚ ਵੱਖ ਵੱਖ ਦਿਨ ਕਰਵਾਏ ਜਾਣਗੇ। 2 ਸਾਲ ਕੋਰੋਨਾ ਦੀ ਮਾਰ ਝੇਲਣ ਕਰਕੇ ਇਟਲੀ ਵਿੱਚ ਕੋਈ ਵੱਡੇ ਮੇਲੇ ਨਹੀ ਕਰਵਾਏ ਜਾ ਸਕੇ ਸੀ।