ਕਾਸ਼ਗਰ (ਪੀਟੀਆਈ) : ਚੀਨ ਦੇ ਅਸ਼ਾਂਤ ਸ਼ਿਨਜਿਆਂਗ ਸੂਬੇ ਦੇ ਅਸਕੁ ਇਲਾਕੇ ਦੀ ਮੇਹਰਬਾਂ ਸ਼ਿਮਿਹ (28) ਇਕ ਸਾਲ ਤੋਂ ਵੇਂਸੂ ਕਾਊਂਟੀ ਦੇ ਹਿਰਾਸਤ ਕੇਂਦਰ 'ਚ ਹੈ। ਬੁਰਕਾ ਪਾਉਣ ਕਾਰਨ ਉਸ ਨੂੰ ਇਸ ਕੇਂਦਰ 'ਚ ਲਿਆਂਦਾ ਗਿਆ ਸੀ। ਸਥਾਨਕ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਕੱਟੜਪੰਥੀ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਦੀ ਸ਼ੰਕਾ ਸੀ। ਮੇਹਰਬਾਂ ਦਾ ਕਹਿਣਾ ਹੈ ਕਿ ਕੇਂਦਰ 'ਚ ਉਨ੍ਹਾਂ ਤੋਂ ਇਲਾਵਾ 11 ਔਰਤਾਂ ਸਮੇਤ 275 ਲੋਕ ਹਨ। ਇਨ੍ਹਾਂ 'ਚੋਂ ਕਈ ਨੂੰ ਬੁਰਕਾ ਪਾਉਣ ਜਾਂ ਨਾਜਾਇਜ਼ ਇਸਲਾਮਿਕ ਵੀਡੀਓ ਵੇਖਣ ਕਾਰਨ ਇੱਥੇ ਲਿਆਂਦਾ ਗਿਆ। ਸ਼ਿਨਜਿਆਂਗ 'ਚ ਬੁਰਕਾ ਪਾਉਣ ਤੇ ਨਾਜਾਇਜ਼ ਇਸਲਾਮਿਕ ਵੀਡੀਓ ਵੇਖਣਾ ਗੁਨਾਹ ਹੈ। ਅਜਿਹਾ ਕਰਨ ਵਾਲੇ ਉਈਗਰਾਂ ਨੂੰ ਸੂਬੇ ਦੇ ਹਿਰਾਸਤ ਕੇਂਦਰਾਂ 'ਚ ਸੁੱਟ ਦਿੱਤਾ ਜਾਂਦਾ ਹੈ। ਚੀਨ ਦੀ ਕਮਿਊਨਿਸਟ ਸਰਕਾਰ ਇਨ੍ਹਾਂ ਨੂੰ ਸਿਖਲਾਈ ਕੇਂਦਰ ਦੱਸਦੀ ਹੈ, ਜਿੱਥੇ ਅਖੌਤੀ ਤੌਰ 'ਤੇ ਕੱਟੜਪੰਥੀ ਵਿਚਾਰਾਂ ਤੋਂ ਪ੍ਰਭਾਵਿਤ ਉਈਗਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਪਰ ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ ਇਨ੍ਹਾਂ ਹਿਰਾਸਤ ਕੇਂਦਰਾਂ 'ਚ ਹਜ਼ਾਰਾਂ ਉਈਗਰਾਂ ਨੂੰ ਜ਼ਬਰਦਸਤੀ ਕੈਦ ਕੀਤਾ ਗਿਆ ਹੈ।
ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ ਦੀ ਸਰਹੱਦ ਭਾਰਤ, ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ ਲਗਦੀ ਹੈ। ਇਸ ਸੂਬੇ 'ਚ ਉਈਗਰ ਮੁਸਲਮਾਨਾਂ ਦੀ ਬਹੁਗਿਣਤੀ ਹੈ। ਸੂਬੇ 'ਚ ਮੌਜੂਦ ਹਿਰਾਸਤੀ ਕੇਂਦਰਾਂ ਦੀ ਕੁੱਲ ਗਿਣਤੀ ਦਾ ਕੋਈ ਅਧਿਕਾਰਕ ਅੰਕੜਾ ਨਹੀਂ ਹੈ। ਪਰ ਇਕ ਅਧਿਕਾਰੀ ਮੁਤਾਬਕ, ਸੂਬੇ ਦੀ ਹਰੇਕ ਕਾਊਂਟੀ 'ਚ ਇਕ ਕੇਂਦਰ ਹੈ। ਕਈ ਕੇਂਦਰਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।
ਮੇਹਰਬਾਂ ਦੱਸਦੀ ਹੈ ਕਿ ਉਨ੍ਹਾਂ ਦੀ ਸੱਸ ਨੇ ਉਨ੍ਹਾਂ ਨੂੰ ਬੁਰਕਾ ਪਾਉਣ ਲਈ ਮਜਬੂਰ ਕੀਤਾ ਸੀ। ਕਿਸੇ ਗੁਆਂਢੀ ਨੇ ਸਥਾਨਕ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਕੇਂਦਰ ਲਿਜਾਇਆ ਗਿਆ। ਲੋਕਾਂ ਨੂੰ ਭੜਕਾਉਣ ਲਈ ਮੇਹਰਬਾਂ ਦੀ ਸੱਸ ਤੇ ਪਤੀ ਨੂੰ 17 ਸਾਲ ਜੇਲ੍ਹ ਦੀ ਸਜ਼ਾ ਦੇ ਦਿੱਤੀ ਗਈ ਹੈ।
28 ਸਾਲ ਦੇ ਇਲਕਤ ਤਾਰਸੁਨ ਇਸਲਾਮ ਨਾਲ ਜੁੜੇ ਵੀਡੀਓ ਵੇਖਣ ਲਈ ਸਾਈਬਰ ਪੁਲਿਸ ਦੇ ਰਡਾਰ 'ਤੇ ਆ ਗਏ ਸਨ। ਉਹ 2018 ਤੋਂ ਸੈਂਟਰ 'ਚ ਹਨ। ਤਾਰਸੁਨ ਨੇ ਕਿਹਾ, 'ਮੈਨੂੰ ਅਦਾਲਤ 'ਚ ਜਾ ਕੇ ਸਜ਼ਾ ਕਬੂਲ ਕਰਨ ਜਾਂ ਟ੍ਰੇਨਿੰਗ ਸੈਂਟਰ 'ਚ ਆਉਣ ਦਾ ਬਦਲ ਦਿੱਤਾ ਗਿਆ ਸੀ। ਮੈਂ ਸੈਂਟਰ ਜਾਣਾ ਚੁਣਿਆ।'