ਬਗ਼ਦਾਦ (ਏਜੰਸੀਆਂ) : ਇਰਾਕ ਤੇ ਸੀਰੀਆ 'ਚ ਕਾਤਿਬ ਹਿਜ਼ਬੁੱਲਾ ਅਤੇ ਹਿਜ਼ਬੁੱਲਾ ਬਿ੍ਗੇਡ ਦੇ ਪੰਜ ਟਿਕਾਣਿਆਂ 'ਤੇ ਅਮਰੀਕੀ ਫ਼ੌਜ ਦੇ ਹਮਲੇ ਵਿਚ 25 ਲੋਕ ਮਾਰੇ ਗਏ। ਇਨ੍ਹਾਂ ਹਮਲਿਆਂ ਵਿਚ ਹਿਜ਼ਬੁੱਲਾ ਦੇ 51 ਲੜਾਕਿਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਈਰਾਨ ਹਮਾਇਤੀ ਮਿਲੀਸ਼ੀਆ ਨੇ ਇਨ੍ਹਾਂ ਹਮਲਿਆਂ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਹਮਲੇ ਇਹ ਸੰਦੇਸ਼ ਦੇਣ ਲਈ ਕੀਤੇ ਗਏ ਹਨ ਕਿ ਅਮਰੀਕੀਆਂ ਦੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਵਾਲੀ ਈਰਾਨ ਦੀ ਕਿਸੇ ਕਾਰਵਾਈ ਨੂੰ ਅਮਰੀਕਾ ਬਰਦਾਸ਼ਤ ਨਹੀਂ ਕਰੇਗਾ।
ਇਰਾਕ ਦੇ ਕਿਰਕੁਕ ਸ਼ਹਿਰ ਸਥਿਤ ਫ਼ੌਜੀ ਬੇਸ ਕੋਲ ਸ਼ੁੱਕਰਵਾਰ ਨੂੰ ਕੀਤੇ ਗਏ ਹਮਲੇ ਵਿਚ ਇਕ ਅਮਰੀਕੀ ਠੇਕੇਦਾਰ ਦੀ ਮੌਤ ਹੋ ਗਈ ਸੀ। ਅਮਰੀਕੀ ਕਾਰਵਾਈ ਨੂੰ ਇਸੇ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਕ ਅਮਰੀਕੀ ਅਧਿਕਾਰੀ ਮੁਤਾਬਕ, ਇਸ ਹਮਲੇ ਵਿਚ 25 ਰਾਕਟ ਦਾਗੇ ਗਏ ਸਨ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦੇ ਮੁੱਖ ਬੁਲਾਰੇ ਜੋਨਾਥਨ ਹਾਫਮੈਨ ਨੇ ਕਿਹਾ, ਅਸੀਂ ਇਰਾਕ ਵਿਚ ਈਰਾਨ ਸਮਰਥਕ ਸ਼ੀਆ ਮੁਸਲਿਮ ਮਿਲੀਸ਼ੀਆ ਸਮੂਹ ਦੇ ਤਿੰਨ ਅਤੇ ਸੀਰੀਆ ਵਿਚ ਦੋ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਜਿਨ੍ਹਾਂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਥੇ ਹਥਿਆਰਾਂ ਦਾ ਭੰਡਾਰ ਕਰਨ ਦੇ ਨਾਲ ਹੀ ਹਮਲਿਆਂ ਨੂੰ ਸੰਚਾਲਤ ਕਰਨ ਦਾ ਕੰਮ ਕੀਤਾ ਜਾਂਦਾ ਸੀ। ਇਕ ਅਮਰੀਕੀ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਹਮਲਿਆਂ ਨੂੰ ਐੱਫ-15ਈ ਲੜਾਕੂ ਜਹਾਜ਼ਾਂ ਵੱਲੋਂ ਅੰਜਾਮ ਦਿੱਤਾ ਗਿਆ। ਅਮਰੀਕੀ ਹਮਲੇ ਤੋਂ ਬਾਅਦ ਐਤਵਾਰ ਅੱਧੀ ਰਾਤ ਕਾਤਿਬ ਹਿਜ਼ਬੁੱਲਾ ਨੇ ਇਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਲੋਕਾਂ ਨਾਲ ਸਾਡੀ ਲੜਾਈ ਹੁਣ ਕਿਸੇ ਵੀ ਅੰਜਾਮ ਤਕ ਜਾ ਸਕਦੀ ਹੈ। ਸਾਡੇ ਕੋਲ ਉਨ੍ਹਾਂ ਦੇ ਹਮਲਿਆਂ ਦਾ ਜਵਾਬ ਦੇਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਹੈ। ਦੁਨੀਆ ਵਿਚ ਅਜਿਹਾ ਕੋਈ ਵੀ ਨਹੀਂ, ਜਿਹੜਾ ਇਸ ਅਪਰਾਧ ਦਾ ਜਵਾਬ ਦੇਣ ਤੋਂ ਸਾਨੂੰ ਰੋਕ ਸਕਗੇ।
ਦੱਸਣਯੋਗ ਹੈ ਕਿ ਈਰਾਨ ਹਮਾਇਤੀ ਇਰਾਕ ਦੀ ਹਿਜ਼ਬੁੱਲਾ ਬਿ੍ਗੇਡ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਤੋਂ ਪੂਰੀ ਤਰ੍ਹਾਂ ਅਲੱਗ ਹੈ। ਇਰਾਕ ਦੀ ਹਿਜ਼ਬੁੱਲਾ ਬਿ੍ਗੇਡ ਪਾਪੂਲਰ ਮੋਬਲਾਈਜੇਸ਼ਨ ਫੋਰਸਿਸ ਦੇ ਇਕ ਭਾਈਵਾਲ ਦੇ ਤੌਰ 'ਤੇ ਕੰਮ ਕਰਦੀ ਹੈ।
ਈਰਾਨ ਨੇ ਅਮਰੀਕੀ ਹਮਲੇ ਨੂੰ ਅੱਤਵਾਦੀ ਕਾਰਾ ਦੱਸਿਆ
ਈਰਾਨ ਨੇ ਅਮਰੀਕੀ ਹਮਲਿਆਂ ਨੂੰ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਵੀ ਨੇ ਕਿਹਾ ਕਿ ਇਰਾਕ ਤੇ ਇਰਾਕੀ ਸੁਰੱਖਿਆ ਬਲਾਂ ਖ਼ਿਲਾਫ਼ ਅਮਰੀਕੀ ਹਮਲੇ ਅੱਤਵਾਦ ਦਾ ਪ੍ਰਤੱਖ ਸਬੂਤ ਹਨ। ਈਰਾਨ ਨਾ ਸਿਰਫ਼ ਇਸ ਕਾਰੇ ਦੀ ਨਿੰਦਾ ਕਰਦਾ ਹੈ ਬਲਕਿ ਅਮਰੀਕਾ 'ਤੇ ਇਰਾਕ ਦੀ ਪ੍ਰਭੂਸੱਤਾ ਦੀ ਅਣਦੇਖੀ ਕਰਨ ਦਾ ਵੀ ਦੋਸ਼ ਲਗਾਉਂਦਾ ਹੈ।