ਕਾਬੁਲ (ਏਐੱਨਆਈ) : ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਲਾਨ ਕੀਤਾ ਹੈ ਕਿ ਦੋ ਹਜ਼ਾਰ ਤਾਲਿਬਾਨੀ ਅੱਤਵਾਦੀ ਨੂੰ ਛੇਤੀ ਰਿਹਾਅ ਕੀਤਾ ਜਾਵੇਗਾ। ਸਰਕਾਰ ਵਲੋਂ ਅੱਤਵਾਦੀਆਂ ਦੀ ਰਿਹਾਈ ਦਾ ਇਹ ਫੈਸਲਾ ਈਦ ਦੇ ਮੌਕੇ 'ਤੇ ਸਦਭਾਵਨਾ ਦੇ ਤੌਰ 'ਤੇ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਰਾਸ਼ਟਰਪਤੀ ਦੇ ਬੁਲਾਰੇ ਸਾਦਿਕ ਸਦੀਕੀ ਨੇ ਕਿਹਾ ਕਿ ਰਿਹਾਈ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਅੱਤਵਾਦੀ ਸੰਗਠਨ ਤਾਲਿਬਾਨ ਨੇ ਈਦ ਨੂੰ ਲੈ ਕੇ ਤਿੰਨ ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਗਨੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਸਰਕਾਰ ਅੱਤਵਾਦੀ ਸੰਗਠਨ ਦੇ ਨਾਲ ਸ਼ਾਂਤੀ ਦੀ ਪੇਸ਼ਕਸ਼ ਕਰਦੀ ਹੈ। ਜੰਗਬੰਦੀ ਦੇ ਕਦਮ ਦਾ ਸਵਾਗਤ ਕਰਦਿਆਂ ਗਨੀ ਨੇ ਕਿਹਾ ਸੀ ਕਿ ਜੇਲ੍ਹ 'ਚ ਬੰਦ ਤਾਲਿਬਾਨ ਦੇ ਅੱਤਵਾਦੀਆਂ ਦੀ ਰਿਹਾਈ 'ਚ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਅੱਤਵਾਦੀ ਸੰਗਠਨ ਨੂੰ ਵੀ ਇਹੀ ਰਸਤਾ ਅਪਣਾਉਣ ਲਈ ਕਿਹਾ ਸੀ। ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਵਲੋਂ ਏਨੀ ਵੱਡੇ ਗਿਣਤੀ 'ਚ ਅੱਤਵਾਦੀਆਂ ਦੀ ਰਿਹਾਈ ਦਾ ਫੈਸਲਾ ਮੁਲਕ 'ਚ ਸ਼ਾਂਤੀ ਬਹਾਲੀ ਨੂੰ ਲੈ ਕੇ ਚੁੱਕਿਆ ਗਿਆ ਅਹਿਮ ਕਦਮ ਹੈ। ਅਫਗਾਨਿਸਤਾਨ 'ਚ ਸ਼ਾਂਤੀ ਦੀ ਸਥਾਪਨਾ ਲਈ ਇਸ ਸਾਲ ਦੋਵਾਂ 'ਚ ਅਮਰੀਕਾ ਤੇ ਤਾਲਿਬਾਨ ਵਿਚਾਲੇ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਇਸ ਮੁੱਦੇ 'ਤੇ ਭਵਿੱਖ 'ਚ ਤਾਲਿਬਾਨ ਤੇ ਅਫਗਾਨ ਸਰਕਾਰ 'ਚ ਵੀ ਸ਼ਾਂਤੀ ਵਾਰਤਾ ਦੀ ਉਮੀਦ ਕੀਤੀ ਜਾ ਰਹੀ ਹੈ।