ਕਾਬੁਲ (ਆਈਏਐੱਨਐੱਸ) : ਈਦ ਮੌਕੇ ਆਏ ਤਾਲਿਬਾਨ ਦੇ ਸੰਦੇਸ਼ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਨੇ ਜੰਗ, ਅੱਤਵਾਦ ਤੇ ਦਹਿਸ਼ਤ ਨਾਲ ਭਰਿਆ ਕਰਾਰ ਦਿੱਤਾ ਹੈ। ਰਾਸ਼ਟਰਪਤੀ ਅਸ਼ਰਫ ਗਨੀ ਦੇ ਤਰਜਮਾਨ ਸਾਦਿਕ ਸਿੱਦੀਕੀ ਨੇ ਕਿਹਾ, ਮੰਦਭਾਗੀ ਨਾਲ ਤਾਲਿਬਾਨ ਹਾਲੇ ਵੀ ਜੰਗ, ਅੱਤਵਾਦ ਤੇ ਦਹਿਸ਼ਤ ਦਾ ਸੰਦੇਸ਼ ਦੇ ਰਿਹਾ ਹੈ। ਉਹ ਤਬਾਹੀ ਤੇ ਨਾਗਰਿਕਾਂ ਦੀ ਹੱਤਿਆ ਦੀ ਮੂਲ ਜੜ੍ਹ ਹੈ।
ਸਿੱਦੀਕੀ ਨੇ ਵੀਰਵਾਰ ਨੂੰ ਕਿਹਾ ਕਿ ਅਫ਼ਗਾਨ ਲੋਕ ਚਾਹੁੰਦੇ ਹਨ ਕਿ ਤਾਲਿਬਾਨ ਜੰਗ ਤੇ ਤਬਾਹੀ ਬੰਦ ਕਰ ਦੇਵੇ। ਨਾਲ ਹੀ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਵਿਸ਼ਵਾਸਘਾਤ ਨਾ ਕਰੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸਰਗਨਾ ਮੁੱਲਾ ਹੈਬਤੁੱਲਾ ਅਖੁੰਦਜ਼ਾਦਾ ਨੇ ਈਦ ਮੌਕੇ ਆਪਣੇ ਸੰਦੇਸ਼ 'ਚ ਕਿਹਾ ਸੀ, 'ਮੇਰੀ ਤੁਹਾਨੂੰ ਹਦਾਇਤ ਹੈ ਕਿ ਤੁਸੀਂ ਈਦ ਦੌਰਾਨ ਆਪਣੇ ਮੁਲਕ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੋ। ਸ਼ਹੀਦਾਂ ਤੇ ਕੈਦੀਆਂ ਦੇ ਪਰਿਵਾਰਾਂ ਨੂੰ ਮਿਲੋ ਤੇ ਆਪਣੀ ਸਮਰੱਥਾ ਮੁਤਾਬਕ ਉਨ੍ਹਾਂ ਦੀ ਮਦਦ ਕਰੋ।' ਤਾਲਿਬਾਨ ਸਰਗਨਾ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਕਾਬੁਲ ਦੇ ਇਕ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨਾਲ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਸ 'ਚ 18 ਲੋਕ ਮਾਰੇ ਗਏ ਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ। ਮੁੱਲਾ ਹੈਬਤੁੱਲਾ ਨੇ ਆਪਣੇ ਸੰਦੇਸ਼ 'ਚ ਅਮਰੀਕਾ ਨਾਲ ਚੱਲ ਰਹੀ ਸ਼ਾਂਤੀ ਵਾਰਤਾ 'ਤੇ ਵੀ ਸੰਦੇਸ਼ ਜਾਰੀ ਕੀਤਾ ਹੈ। ਅਮਰੀਕਾ ਤੇ ਤਾਲਿਬਾਨ ਵਿਚਕਾਰ ਪਿਛਲੇ ਦਸੰਬਰ ਤੋਂ ਦੋਹਾ 'ਚ ਸ਼ਾਂਤੀ ਵਾਰਤਾ ਚੱਲ ਰਹੀ ਹੈ।