ਮਾਸਕੋ (ਏਐੱਫਪੀ/ਰਾਇਟਰ) : ਰੂਸ ਦੇ ਪਹਿਲੇ ਰੋਬੋਟ ਨੂੰ ਲੈ ਕੇ ਰਵਾਨਾ ਹੋਇਆ ਸੋਯੂਜ ਪੁਲਾੜ ਜਹਾਜ਼ ਸ਼ਨਿਚਰਵਾਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) 'ਤੇ ਉਤਰ ਨਹੀਂ ਸਕਿਆ। ਇਸ ਜਹਾਜ਼ ਨੂੰ ਧਰਤੀ ਦੀ ਪਰਿਕਰਮਾ ਕਰ ਰਹੇ ਆਈਐੱਸਐੱਸ 'ਤੇ ਉਤਾਰਣ ਲਈ ਹੁਣ ਸੋਮਵਾਰ ਨੂੰ ਦੁਬਾਰਾ ਯਤਨ ਕੀਤਾ ਜਾਵੇਗਾ। ਰੂਸੀ ਨਿਊਜ਼ ਏਜੰਸੀਆਂ ਮੁਤਾਬਕ, ਆਟੋਮੈਟਿਕ ਸਿਸਟਮ 'ਚ ਆਈ ਗੜਬੜੀ ਕਾਰਨ ਇਹ ਜਹਾਜ਼ ਆਈਐੱਸਐੱਸ 'ਤੇ ਉਤਰਣ 'ਚ ਅਸਫਲ ਰਿਹਾ। ਆਈਐੱਸਐੱਸ 'ਤੇ ਸੋਯੂਜ ਦੇ ਉਤਰਣ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਜਹਾਜ਼ ਹਾਲੇ ਆਈਐੱਸਐੱਸ ਤੋਂ 96 ਮੀਟਰ ਦੂਰ ਹੈ। ਰੂਸੀ ਫਲਾਈਟ ਕੰਟਰੋਲ ਸੈਂਟਰ ਦੇ ਅਧਿਕਾਰੀਆਂ ਮੁਤਾਬਕ, ਹੁਣ ਇਸ ਜਹਾਜ਼ ਨੂੰ ਪੁਲਾੜ ਸਟੇਸ਼ਨ 'ਤੇ ਉਤਾਰਣ ਲਈ ਸੋਮਵਾਰ ਸਵੇਰੇ ਮੁੜ ਯਤਨ ਕੀਤਾ ਜਾਵੇਗਾ।
ਫੇਡੋਰ ਨਾਂ ਦਾ ਰੋਬੋਟ ਲੈ ਕੇ ਸੋਯੂਜ ਐੱਮਐੱਸ-14 ਪੁਲਾੜ ਜਹਾਜ਼ ਵੀਰਵਾਰ ਸਵੇਰੇ ਕਜ਼ਾਖਸਤਾਨ ਦੇ ਬੈਕਾਨੂਰ ਪੁਲਾੜ ਕੇਂਦਰ ਤੋਂ ਆਈਐੱਸਐੱਸ ਲਈ ਰਵਾਨਾ ਹੋਇਆ ਸੀ। ਇਸ ਨੂੰ ਸ਼ਨਿਚਰਵਾਰ ਤਕ ਆਈਐੱਸਐੱਸ 'ਤੇ ਪਹੁੰਚਣਾ ਸੀ। ਸੋਯੂਜ ਆਮ ਤੌਰ 'ਤੇ ਪੁਲਾੜ ਯਾਤਰੀਆਂ ਨੂੰ ਲੈ ਕੇ ਆਈਐੱਸਐੱਸ 'ਤੇ ਜਾਂਦਾ ਹੈ, ਪਰ ਇਸ ਵਾਰ ਐਮਰਜੈਂਸੀ ਬਚਾਅ ਪ੍ਰਣਾਲੀ ਦੀ ਜਾਂਚ ਲਈ ਇਸ ਨੂੰ ਮਨੁੱਖ ਰਹਿਤ ਰਵਾਨਾ ਕੀਤਾ ਗਿਆ ਹੈ। ਸੋਯੂਜ ਦੀ ਪਾਇਲਟ ਸੀਟ 'ਤੇ ਰੋਬੋਟ ਫੇਡੋਰ ਨੂੰ ਬਿਠਾਇਆ ਗਿਆ ਹੈ। ਉਸ ਦੇ ਹੱਥ 'ਚ ਰੂਸ ਦਾ ਇਕ ਛੋਟਾ ਝੰਡਾ ਵੀ ਹੈ। ਇਸ ਰੋਬੋਟ ਦੀ ਲੰਬਾਈ ਪੰਜ ਫੁੱਟ 11 ਇੰਚ ਹੈ ਤੇ ਇਸ ਦਾ ਵਜ਼ਨ 160 ਕਿੱਲੋ ਹੈ। ਇਹ ਰੋਬੋਟ 10 ਦਿਨਾਂ ਤਕ ਆਈਐੱਸਐੱਸ 'ਤੇ ਰਹੇਗਾ ਤੇ ਪੁਲਾੜ ਯਾਤਰੀਆਂ ਦੀ ਮਦਦ ਕਰਨਾ ਸਿੱਖੇਗਾ।