ਬ੍ਰਾਸੀਲੀਆ (ਪੀਟੀਆਈ) : ਭਾਰਤ ਨੂੰ ਐੱਸ-400 ਏਅਰ ਡਿਫੈਂਸ ਸਿਸਟਮ ਦੀ ਸਪਲਾਈ ਨਿਰਧਾਰਤ ਸਮੇਂ 'ਤੇ ਹੋਵੇਗੀ। ਇਸ ਸੌਦੇ 'ਚ ਸਭ ਕੁਝ ਯੋਜਨਾ ਦੇ ਮੁਤਾਬਕ ਹੋ ਰਿਹਾ ਹੈ। ਭਾਰਤੀ ਸਾਥੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੇ ਸੌਦੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੁਝ ਨਹੀਂ ਕਿਹਾ ਹੈ। ਸਭ ਕੁਝ ਉਚਿਤ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਇਹ ਗੱਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਡਿਫੈਂਸ ਸਿਸਟਮ ਦੇ 5.43 ਅਰਬ ਡਾਲਰ (40 ਹਜ਼ਾਰ ਕਰੋੜ ਰੁਪਏ) ਦੇ ਸੌਦੇ 'ਤੇ ਕਹੀ ਹੈ। ਪੁਤਿਨ ਅਤੇ ਮੋਦੀ ਬਿ੍ਕਸ ਸੰਮੇਲਨ ਵਿਚ ਹਿੱਸਾ ਲੈਣ ਬ੍ਰਾਜ਼ੀਲ ਆਏ ਸਨ। ਰੂਸ ਅਤੇ ਭਾਰਤ ਵਿਚਾਲੇ ਹੋਏ ਇਸ ਸੌਦੇ ਦਾ ਅਮਰੀਕਾ ਵਿਰੋਧ ਕਰ ਰਿਹਾ ਹੈ ਅਤੇ ਕਈ ਮੌਕਿਆਂ 'ਤੇ ਉਹ ਆਪਣੇ ਪ੍ਰਤੀਬੰਧ ਕਾਨੂੰਨਾਂ ਦਾ ਹਵਾਲਾ ਦੇ ਕੇ ਭਾਰਤ 'ਤੇ ਦਬਾਅ ਪਾ ਚੁੱਕਾ ਹੈ।
ਭਾਰਤ ਅਤੇ ਰੂਸ ਵਿਚਾਲੇ ਐੱਸ-400 ਡਿਫੈਂਸ ਸਿਸਟਮ ਨੂੰ ਲੈ ਕੇ 2015 ਵਿਚ ਸੌਦਾ ਹੋਇਆ ਸੀ। ਅਮਰੀਕਾ ਉਦੋਂ ਤੋਂ ਇਸ ਦਾ ਵਿਰੋਧ ਕਰ ਰਿਹਾ ਹੈ। ਰੂਸੀ ਸਿਸਟਮ ਨੂੰ ਦੁਨੀਆ ਦਾ ਸਰਬੋਤਮ ਏਅਰ ਡਿਫੈਂਸ ਸਿਸਟਮ ਮੰਨਿਆ ਜਾਂਦਾ ਹੈ। ਇਹ ਦੁਸ਼ਮਣ ਵੱਲੋਂ ਹੋਣ ਵਾਲੇ ਕਿਸੇ ਵੀ ਹਵਾਈ ਹਮਲੇ ਨੂੰ 400 ਕਿਲੋਮੀਟਰ ਦੂਰੀ 'ਤੇ ਹੀ ਖ਼ਤਮ ਕਰਨ ਵਿਚ ਸਮਰੱਥ ਹੈ। ਇਹ ਮਿਜ਼ਾਈਲ, ਜੰਗੀ ਜਹਾਜ਼ ਅਤੇ ਹਰ ਤਰ੍ਹਾਂ ਦੇ ਡ੍ਰੋਨ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ। ਜਦਕਿ ਅਮਰੀਕਾ ਦਾ ਬਹੁ-ਚਰਚਿਤ ਥਾਡ ਡਿਫੈਂਸ ਸਿਸਟਮ ਸਿਰਫ਼ ਮਿਜ਼ਾਈਲ ਹਮਲੇ ਨੂੰ ਹੀ ਰੋਕ ਸਕਦਾ ਹੈ। ਭਾਰਤ ਰੂਸੀ ਡਿਫੈਂਸ ਸਿਸਟਮ ਲਈ ਪੂਰੀ ਰਕਮ ਦਾ ਭੁਗਤਾਨ ਕਰ ਚੁੱਕਾ ਹੈ, ਇਸ ਲਈ ਇਸ ਦੀ ਸਪਲਾਈ ਪਹਿਲੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੋਵੇਗੀ। ਸਿਸਟਮ ਦੀ ਪਹਿਲੀ ਬੈਟਰੀ 2021 ਵਿਚ ਭਾਰਤ ਨੂੰ ਮਿਲ ਜਾਵੇਗੀ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਬੁੱਧਵਾਰ ਨੂੰ ਬ੍ਰਾਸੀਲੀਆ ਵਿਚ ਸੰਮੇਲਨ ਤੋਂ ਪਹਿਲਾਂ ਦੁਵੱਲੇ ਮਸਲਿਆਂ 'ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਆਪਸੀ ਸਮਝੌਤਿਆਂ ਅਤੇ ਸੌਦਿਆਂ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ। ਦੋਵੇਂ ਨੇਤਾਵਾਂ ਨੇ ਆਪਸੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ। ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਦਬਾਅ ਵਿਚ ਆਏ ਬਗੈਰ ਆਪਣੇ ਹਿੱਤਾਂ ਦੇ ਮੁਕਾਬਕ ਫ਼ੈਸਲੇ ਲੈਣ ਦੀ ਨੀਤੀ 'ਤੇ ਚੱਲਦਾ ਰਹੇਗਾ।