ਕੁਲਦੀਪ ਜਾਫਲਪੁਰ, ਕਾਹਨੂੰਵਾਨ : ਨੇੜਲੇ ਪਿੰਡ ਕੋਟ ਯੋਗਰਾਜ ਦੇ ਇਕ ਨੌਜਵਾਨ ਦੀ ਕੁਵੈਤ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਕੁਝ ਸਾਲ ਪਹਿਲਾਂ ਰੋਜ਼ੀ ਰੋਟੀ ਖਾਤਰ ਕੁਵੈਤ 'ਚ ਗਿਆ ਸੀ। ਮਿ੍ਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਪਿਛਲੇ ਸਾਲ ਉਹ ਘਰ ਛੁੱਟੀ ਪਰਤਿਆ ਸੀ ਤੇ ਕੁਝ ਸਮੇਂ ਮਗਰੋਂ ਉਹ ਫਿਰ ਮੁੜ ਕੁਵੈਤ ਪਰਤ ਗਿਆ ਸੀ। ਸੋਮਵਾਰ ਦੀ ਸ਼ਾਮ ਉਨ੍ਹਾਂ ਨੂੰ ਪਿੰਡ ਦੇ ਹੀ ਇਕ ਹੋਰ ਕੁਵੈਤ ਰਹਿੰਦੇ ਲੜਕੇ ਦਾ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਜਦੋਂ ਗੁਰਵਿੰਦਰ ਸਿੰਘ ਦੇ ਇੰਗਲੈਂਡ ਰਹਿੰਦੇ ਭਰਾ ਨੇ ਕੁਵੈਤ 'ਚ ਆਪਣੇ ਪੱਧਰ 'ਤੇ ਪੜਤਾਲ ਕੀਤੀ ਤਾਂ ਤੋਂ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਦੀ ਮੌਤ ਸ਼ੱਕੀ ਹਾਲਾਤ 'ਚ ਹੋਈ ਹੈ। ਇਸ ਮੌਕੇ ਗੁਰਵਿੰਦਰ ਸਿੰਘ ਦੇ ਪਿਤਾ ਤੇ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੇ ਓਥੇ ਕੁਝ ਵਿਅਕਤੀਆਂ ਕੋਲੋਂ ਦਸ ਲੱਖ ਦੇ ਕਰੀਬ ਰਕਮ ਲੈਣੀ ਸੀ, ਜਿਸ ਕਾਰਨ ਉਨ੍ਹਾਂ ਦਾ ਆਪਸ 'ਚ ਕੋਈ ਕਲੇਸ਼ ਹੋ ਗਿਆ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਕਤ ਲੋਕਾਂ ਨੇ ਹੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਵੈਤ ਪੁਲਿਸ ਨੇ ਇਸ ਮਾਮਲੇ 'ਚ 6 ਸਾਥੀਆਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਘਰ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਪਿੰਡ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵੀ ਕੁਵੈਤ ਸਰਕਾਰ ਨੂੰ ਅਪੀਲ ਕੀਤੀ ਜਾਵੇ।