ਨਵਦੀਪ ਢੀਂਗਰਾ, ਪਟਿਆਲਾ : ਧੋਖਾਧੜੀ ਦੇ ਮਾਮਲੇ 'ਚ ਸੀਬੀਆਈ ਨੇ ਨਾਮਜ਼ਦ ਕੀਤਾ ਤਾਂ ਇਕ ਵਿਅਕਤੀ ਨੇ ਪਰਿਵਾਰ ਰਾਹੀਂ ਮੌਤ ਸਰਟੀਫਿਕੇਟ ਦੇ ਕੇ ਆਪਣੇ-ਆਪ ਨੂੰ ਮਰਿਆ ਹੋਇਆ ਸਾਬਤ ਕਰਵਾ ਦਿੱਤਾ। ਲਗਪਗ 27 ਸਾਲ ਪਹਿਲਾਂ ਸੀਬੀਆਈ ਦੀਆਂ ਅੱਖਾਂ 'ਚ ਘੱਟਾ ਪਾ ਕੇ ਵਿਦੇਸ਼ ਪੁੱਜੇ ਉਕਤ ਵਿਅਕਤੀ ਨੇ ਅਮਰੀਕਾ ਦੀ ਨਾਗਰਿਕਤਾ ਵੀ ਹਾਸਲ ਕਰ ਲਈ। ਉਕਤ ਵਿਅਕਤੀ ਨੂੰ ਸੀਬੀਆਈ ਨੇ ਸ਼ਨਿਚਰਵਾਰ ਪਟਿਆਲੇ ਦੇ ਪੰਜਾਬੀ ਬਾਗ਼ 'ਚੋਂ ਉਸ ਦੀ ਕੋਠੀ 'ਚੋਂ ਜਿਊਂਦਾ ਗਿ੍ਫ਼ਤਾਰ ਕਰ ਲਿਆ ਹੈ। ਉਕਤ ਮੁਲਜ਼ਮ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ ਤੇ ਸੀਬੀਆਈ ਨੇ ਇਸ ਮਾਮਲੇ 'ਚ ਨਿਰਮਲ ਸਿੰਘ ਦੀ ਪਤਨੀ ਪੀਐੱਸ ਬਾਠ ਨੂੰ ਵੀ ਨਾਮਜ਼ਦ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਨਿਰਮਲ ਸਿੰਘ ਦੀ ਲੁਕਣ 'ਚ ਮਦਦ ਕੀਤੀ। ਏਐੱਸਆਈ ਵਿਕਾਸ ਕੁਮਾਰ ਤੇ ਹੋਰ ਮੁਲਾਜ਼ਮਾਂ ਦੀ ਟੀਮ ਸ਼ਨਿਚਰਵਾਰ ਨੂੰ ਪਟਿਆਲੇ ਪੁੱਜੀ ਤੇ ਉਕਤ ਜੋੜੇ ਨੂੰ ਉਨ੍ਹਾਂ ਦੇ ਘਰ 'ਚੋਂ ਹੀ ਕਾਬੂ ਕੀਤਾ।
ਜਾਣਕਾਰੀ ਅਨੁਸਾਰ 1985 'ਚ ਧੋਖਾਧੜੀ ਦਾ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਨਿਰਮਲ ਸਿੰਘ ਖ਼ਿਲਾਫ਼ 1990 'ਚ ਸੀਬੀਆਈ ਚੰਡੀਗੜ੍ਹ ਵਿਖੇ ਮਾਮਲਾ ਦਰਜ ਕੀਤਾ ਗਿਆ। ਦੋ ਸਾਲ ਅੰਦਰ ਹੀ ਅਦਾਲਤ ਨੇ ਨਿਰਮਲ ਸਿੰਘ ਨੂੰ ਭਗੌੜਾ ਕਰਾਰ ਦਿੱਤਾ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੂੰ ਦੱਸਿਆ ਕਿ ਨਿਰਮਲ ਸਿੰਘ ਮਰ ਚੁੱਕਾ ਹੈ ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਪਿੱਛੋਂ ਉਸ ਦੀ ਮੌਤ ਸਰਟੀਫਿਕੇਟ ਬਣਵਾ ਲਿਆ ਤੇ ਉਸ ਨੂੰ ਸੀਬੀਆਈ ਕੋਲ ਜਮ੍ਹਾਂ ਕਰਵਾ ਦਿੱਤਾ। ਉਧਰ ਨਿਰਮਲ ਸਿੰਘ ਫ਼ਰਜ਼ੀ ਨਾਂ 'ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਚਲਾ ਗਿਆ। ਨਿਰਮਲ ਸਿੰਘ ਦੀ ਪਤਨੀ ਇਕ 'ਯੂ-ਟਿਊਬ' ਚੈਨਲ ਚਲਾਉਂਦੀ ਸੀ, ਜਿਸ ਨੂੰ ਪਿਛਲੇ ਮਹੀਨੇ ਇਕ ਹੋਰ ਵਿਅਕਤੀ ਹਵਾਲੇ ਕੀਤਾ ਗਿਆ ਸੀ। ਇਸ ਵਿਅਕਤੀ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਸੀ ਤੇ ਮਾਮਲਾ ਥਾਣਾ ਸਿਵਲ ਲਾਈਨ ਪੁਲਿਸ ਕੋਲ ਪੁੱਜ ਗਿਆ। ਇਸ ਸ਼ਿਕਾਇਤ 'ਚ ਪੀਐੱਸ ਬਾਠ 'ਤੇ ਦਫ਼ਤਰ ਵਿਚ ਰੱਖੇ ਧਾਰਮਿਕ ਚਿੰਨ੍ਹ ਦੀ ਬੇਅਦਮੀ ਕਰਨ ਦੇ ਦੋਸ਼ ਲਾਏ ਗਏ। ਇਸੇ ਦੌਰਾਨ ਹੀ ਨਿਰਮਲ ਸਿੰਘ ਵੀ ਵਿਦੇਸ਼ ਤੋਂ ਵਾਪਸ ਪਟਿਆਲਾ ਆ ਗਿਆ। ਮਾਮਲੇ ਦੀ ਸੂਚਨਾ ਵੀ ਸੀਬੀਆਈ ਕੋਲ ਪੁੱਜ ਗਈ ਤੇ ਟੀਮ ਨੇ ਛਾਪਾ ਮਾਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ।
ਚੱਕਰਾਂ 'ਚ ਪਾਉਣ ਵਾਲਾ ਸੀਬੀਆਈ ਨੂੰ ਦੇਖ ਕੇ ਹੋਇਆ ਬੇਹੋਸ਼
ਸੀਬੀਆਈ ਨੂੰ ਕਈ ਸਾਲਾਂ ਤੋਂ ਚੱਕਰਾਂ ਵਿਚ ਪਾਉਣ ਵਾਲਾ ਨਿਰਮਲ ਸਿੰਘ ਖ਼ੁਦ ਸੀਬੀਆਈ ਨੂੰ ਸਾਹਮਣੇ ਦੇਖ ਕੇ ਬੇਹੋਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ (62) ਦਿਲ ਦਾ ਮਰੀਜ਼ ਹੈ ਤੇ ਉਸ ਦਾ ਆਪ੍ਰਰੇਸ਼ਨ ਵੀ ਹੋ ਚੁੱਕਾ ਹੈ। ਸ਼ਨਿਚਰਵਾਰ ਸਵੇਰੇ ਜਦੋਂ ਸੀਬੀਆਈ ਟੀਮ ਨਿਰਮਲ ਦੇ ਘਰ ਪੁੱਜੀ ਤਾਂ ਇਨਾਂ ਨੂੰ ਦੇਖ ਕੇ ਉਸ ਬੇਸੁੱਧ ਹੋ ਗਿਆ। ਲੰਬਾ ਸਮਾਂ ਘਰ ਵਿਚ ਰਹਿਣ ਤੋਂ ਬਾਅਦ ਸੀਬੀਆਈ ਟੀਮ ਨਿਰਮਲ ਸਿੰਘ ਤੇ ਉਸ ਦੀ ਪਤੀ ਨੂੰ ਲੈ ਕੇ ਚੰਡੀਗੜ੍ਹ ਰਵਾਨਾ ਹੋ ਗਈ। ਟੀਮ ਅਨੁਸਾਰ ਚੰਡੀਗੜ੍ਹ ਵਿਖੇ ਨਿਰਮਲ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।