ਸਿਓਲ (ਏਐੱਫਪੀ) : ਉੱਤਰੀ ਕੋਰੀਆ ਨੇ ਕਿਹਾ ਹੈ ਕਿ ਤਾਜ਼ਾ ਮਿਜ਼ਾਈਲ ਪ੍ਰੀਖਣ ਨਵੇਂ ਹਥਿਆਰ ਨਾਲ ਜੁੜਿਆ ਸੀ। ਸਰਕਾਰੀ ਮੀਡੀਆ ਮੁਤਾਬਕ, ਸ਼ਨਿਚਰਵਾਰ ਨੂੰ ਇਸ ਪ੍ਰੀਖਣ ਦੌਰਾਨ ਦੇਸ਼ ਦੇ ਸਰਬਉੱਚ ਆਗੂ ਕਿਮ ਜੋਂਗ ਉਨ ਵੀ ਮੌਜੂਦ ਸਨ। ਦੱਖਣੀ ਕੋਰੀਆ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਘੱਟ ਦੂਰੀ ਦੀਆਂ ਦੋ ਮਿਜ਼ਾਈਲਾਂ ਦਾ ਪ੍ਰਰੀਖਣ ਕੀਤਾ ਹੈ। ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੀ ਜੰਗੀ ਮਸ਼ਕ ਦੇ ਵਿਰੋਧ 'ਚ ਬੀਤੇ ਦੋ ਹਫ਼ਤਿਆਂ 'ਚ ਉੱਤਰੀ ਕੋਰੀਆ ਪੰਜ ਵਾਰ ਮਿਜ਼ਾਈਲ ਪ੍ਰਰੀਖਣ ਕਰ ਚੁੱਕਾ ਹੈ।
ਉੱਤਰੀ ਕੋਰੀਆ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਐਤਵਾਰ ਨੂੰ ਨਵੇਂ ਹਥਿਆਰ ਦੀ ਜਾਣਕਾਰੀ ਦਿੱਤੀ। ਪਰ ਉਸ ਨੇ ਆਪਣੀ ਰਿਪੋਰਟ 'ਚ ਇਸ ਹਥਿਆਰ ਦੀਆਂ ਖ਼ੂਬੀਆਂ ਨੂੰ ਉਜਾਗਰ ਨਹੀਂ ਕੀਤਾ। ਇਸ ਨੂੰ ਉੱਤਰੀ ਕੋਰੀਆ ਦੇ ਸੈਨਿਕ ਆਧੁਨਿਕੀਕਰਨ ਦੇ ਯਤਨਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਰਿਪੋਰਟ 'ਚ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਅਮਰੀਕਾ ਤੇ ਦੱਖਣੀ ਕੋਰੀਆ ਦੀ ਜੰਗੀ ਮਸ਼ਕ 'ਤੇ ਨਾਰਾਜ਼ਗੀ ਵੀ ਪ੍ਰਗਟਾਈ ਗਈ। ਮੰਤਰਾਲੇ ਨੇ ਕਿਹਾ, 'ਅਭਿਆਸ ਨਾ ਰੋਕਣ ਦਾ ਫ਼ੈਸਲਾ ਕਰ ਕੇ ਦੱਖਣੀ ਕੋਰੀਆ ਨੇ ਗੱਲਬਾਤ ਦੇ ਸਾਰੇ ਰਸਤੇ ਬੰਦ ਕਰ ਲਏ ਹਨ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਵਿੱਖ 'ਚ ਸਿਰਫ਼ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਹੀ ਗੱਲਬਾਤ ਹੋਵੇਗੀ।'