ਯੇਰੂਸ਼ਲਮ (ਪੀਟੀਆਈ) : ਇਜ਼ਰਾਈਲ 'ਚ ਸਿਰਫ਼ ਪੰਜ ਮਹੀਨੇ ਅੰਦਰ ਦੂਜੀ ਵਾਰ ਹੋਈ ਸੰਸਦੀ ਚੋਣ 'ਚ ਵੀ ਬਹੁਮਤ ਨਾ ਮਿਲਣ 'ਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਰਕਾਰ ਬਣਾਉਣ ਲਈ ਮੁੱਖ ਵਿਰੋਧੀ ਬੇਨੀ ਗੇਂਟਜ ਵੱਲ ਹੱਥ ਵਧਾਇਆ ਹੈ। ਲਿਕੁਡ ਪਾਰਟੀ ਦੇ ਨੇਤਾ ਨੇਤਨਯਾਹੂ ਨੇ ਤੀਜੀ ਚੋਣ ਟਾਲਣ ਲਈ ਬਲੂ ਐਂਡ ਵ੍ਹਾਈਟ ਪਾਰਟੀ ਦੇ ਆਗੂ ਗੇਂਟਸ ਨੂੰ ਸਾਂਝੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ। ਇਜ਼ਰਾਈਲ ਦੀ 120 ਮੈਂਬਰੀ ਸੰਸਦ ਲਈ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲਿਆ। ਵੀਰਵਾਰ ਤਕ 95 ਫ਼ੀਸਦੀ ਵੋਟਾਂ 'ਚ ਗਿਣਤੀ 'ਚ ਨੇਤਨਯਾਹੂ ਦੀ ਲਿਕੁਡ ਪਾਰਟੀ ਦੇ ਖਾਤੇ 'ਚ 32 ਤੇ ਬਲੂ ਐਂਡ ਵ੍ਹਾਈਟ ਪਾਰਟੀ ਦੇ ਹਿੱਸੇ 'ਚ 33 ਸੀਟਾਂ ਆਈਆਂ ਹਨ। ਇਨ੍ਹਾਂ ਨਤੀਜਿਆਂ ਨਾਲ ਨੇਤਨਯਾਹੂ ਦੇ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਯੇਰੂਸ਼ਲਮ ਪੋਸਟ ਅਖ਼ਬਾਰ ਨਾਲ ਗੱਲਬਾਤ 'ਚ ਨੇਤਨਯਾਹੂ ਨੇ ਕਿਹਾ, 'ਮੈਂ ਚੋਣ ਪ੍ਰਚਾਰ ਦੌਰਾਨ ਦੱਖਣਪੰਥੀ ਸਰਕਾਰ ਦੇ ਗਠਨ ਦੀ ਅਪੀਲ ਕੀਤੀ ਸੀ। ਅਫਸੋਸ ਦੀ ਗੱਲ ਹੈ ਕਿ ਚੋਣ ਨਤੀਜਿਆਂ ਨਾਲ ਇਹ ਸੰਭਵ ਨਹੀਂ ਦਿਸ ਰਿਹਾ। ਫਿਲਹਾਲ ਸਾਂਝੀ ਸਰਕਾਰ ਬਣਨੀ ਚਾਹੀਦੀ ਹੈ। ਇਸ ਲਈ ਮੈਂ ਬੇਨੀ ਗੇਂਟਜ ਨੂੰ ਅਪੀਲ ਕਰਦਾ ਹਾਂ ਕਿ ਸਾਂਝੀ ਸਰਕਾਰ ਬਣਾਉਣੀ ਸਾਡੇ 'ਤੇ ਨਿਰਭਰ ਹੈ। ਰਾਸ਼ਟਰ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਦੋਵੇਂ ਮਿਲ ਕੇ ਇਕੱਠੇ ਕੰਮ ਕਰੀਏ।' ਨੇਤਨਯਾਹੂ ਨੇ ਇਹ ਵੀ ਕਿਹਾ, 'ਸਾਡੇ ਕੋਲ ਤੀਜੀ ਵਾਰ ਚੋਣਾਂ ਕਰਵਾਉਣ ਦਾ ਕੋਈ ਕਾਰਨ ਨਹੀਂ ਹੈ। ਮੈਂ ਇਸ ਦਾ ਵਿਰੋਧ ਕਰਦਾ ਹਾਂ।'
ਪਿਛਲੀਆਂ ਚੋਣਾਂ 'ਚ ਵੀ ਨਹੀਂ ਮਿਲਿਆ ਸੀ ਬਹੁਮਤ
ਇਜ਼ਰਾਈਲ 'ਚ ਬੀਤੀ ਅਪ੍ਰੈਲ 'ਚ ਹੋਈਆਂ ਸੰਸਦੀ ਚੋਣਾਂ 'ਚ ਲਿਕੁਡ ਪਾਰਟੀ ਨੂੰ ਸਭ ਤੋਂ ਵੱਧ 36 ਵੋਟਾਂ ਮਿਲੀਆਂ ਸਨ। ਜਦਕਿ ਬਲੂ ਐਂਡ ਵ੍ਹਾਈਟ ਪਾਰਟੀ ਦੇ ਖਾਤੇ 'ਚ 35 ਸੀਟਾਂ ਆਈਆਂ ਸਨ। ਬਾਕੀ ਸੀਟਾਂ 'ਤੇ ਹੋਰ ਛੋਟੀਆਂ ਪਾਰਟੀਆਂ ਨੇ ਜਿੱਤ ਦਰਜ ਕੀਤੀ ਸੀ। ਨੇਤਨਯਾਹੂ ਉਦੋਂ ਗਠਜੋੜ ਸਰਕਾਰ ਬਣਾਉਣ 'ਚ ਅਸਫਲ ਰਹੇ ਸਨ। ਇਸ ਦੀ ਵਜ੍ਹਾ ਨਾਲ ਸੰਸਦ ਭੰਗ ਕਰ ਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।
ਤੈਅ ਸਮਾਂ ਹੱਦ 'ਚ ਬਣਾਉਣੀ ਹੁੰਦੀ ਹੈ ਸਰਕਾਰ
ਇਜ਼ਰਾਈਲ ਦੀ ਸੰਵਿਧਾਨਕ ਵਿਵਸਥਾ ਤਹਿਤ ਚੋਣਾਂ ਹੋਣ ਦੇ 50 ਦਿਨਾਂ ਅੰਦਰ ਨਵੀਂ ਸਰਕਾਰ ਦਾ ਗਠਨ ਹੋ ਜਾਣਾ ਚਾਹੀਦਾ ਹੈ। ਅਜਿਹਾ ਨਾ ਹੋਣ 'ਤੇ ਸੰਸਦ ਭੰਗ ਕਰ ਦਿੱਤੀ ਜਾਂਦੀ ਹੈ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਵਿਵਸਥਾ ਹੈ।