ਪੈਰਿਸ (ਏਜੰਸੀ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮੰਗਲਵਾਰ ਨੂੰ ਇੱਥੇ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਗੱਲ ਕੀਤੀ। ਫਰਾਂਸ ਦੇ ਰਾਸ਼ਟਰਪਤੀ ਭਵਨ ਦੇ ਮੁਤਾਬਕ, ਗੱਲਬਾਤ ਦਾ ਮੁੱਖ ਮੁੱਦਾ ਅਮਰੀਕਾ ਤੇ ਈਰਾਨ ਦਰਮਿਆਨ ਚੱਲ ਰਹੇ ਵਿਵਾਦ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ 'ਚ ਖੁੱਲ੍ਹੀ ਗੱਲਬਾਤ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਫਰਾਂਸ ਦੀ ਜ਼ਿੰਮੇਵਾਰੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 'ਚ ਹੋਏ ਈਰਾਨ ਪਰਮਾਣੂ ਸਮਝੌਤੇ ਤੋਂ ਪਿਛਲੇ ਸਾਲ ਅਮਰੀਕਾ ਨੂੰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਈਰਾਨ 'ਤੇ ਫਿਰ ਤੋਂ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਇਦੋਂ ਤੋਂ ਦੋਵਾਂ ਦੇਸ਼ਾਂ 'ਚ ਤਣਾਅ ਜਾਰੀ ਹੈ। ਪਰਮਾਣੂ ਸਮਝੌਤੇ 'ਚ ਈਰਾਨ ਤੇ ਅਮਰੀਕਾ ਨਾਲ ਫਰਾਂਸ, ਰੂਸ, ਬਰਤਾਨੀਆ, ਚੀਨ ਅਤੇ ਜਰਮਨੀ ਵੀ ਸ਼ਾਮਲ ਸਨ। ਇਹ ਸਾਰੇ ਦੇਸ਼ ਕਿਸੇ ਵੀ ਹਾਲ 'ਚ ਸਮਝੌਤਾ ਜਾਰੀ ਰੱਖਣਾ ਚਾਹੁੰਦੇ ਹਨ। ਪਰ ਈਰਾਨ ਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨਾਲ ਇਨ੍ਹਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਹਨ। ਅਮਰੀਕਾ ਤੇ ਈਰਾਨ ਦੇ ਸਬੰਧ ਸਹੀ ਕਰਨ ਲਈ ਫਰਾਂਸ ਕੂਟਨੀਤਕ ਪੱਧਰ 'ਤੇ ਵੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਮੈਕਰੋਂ ਦੇ ਵਿਦੇਸ਼ੀ ਸਲਾਹਕਾਰ ਇਮੈਨੁਅਲ ਬੋਨ ਨੇ ਦੋ ਵਾਰੀ ਈਰਾਨ ਦੀ ਯਾਤਰਾ ਕੀਤੀ ਹੈ। ਅਗਸਤ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੈਕਰੋਂ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਬੈਠਕ 'ਚ ਵੀ ਈਰਾਨ ਦੇ ਮੁੱਦੇ 'ਤੇ ਚਰਚਾ ਹੋ ਸਕਦੀ ਹੈ।