ਵਿਸ਼ਾਖਾਪਟਨਮ (ਆਈਏਐੱਨਐੱਸ) : ਦੱਖਣੀ ਕੋਰੀਆ ਦੀ ਪੈਟਰੋਕੈਮੀਕਲ ਕੰਪਨੀ ਐੱਲਜੀ ਕੈਮ ਨੇ ਐੱਲਜੀ ਪੋਲੀਮਰਸ ਇੰਡੀਆ ਦੇ ਪਲਾਂਟ ਵਿਚ ਹੋਈ ਗੈਸ ਲੀਕ ਘਟਨਾ ਦੀ ਜਾਂਚ ਲਈ ਸਿਓਲ ਸਥਿਤ ਆਪਣੇ ਹੈੱਡਕੁਆਰਟਰ ਤੋਂ ਅੱਠ ਮੈਂਬਰੀ ਤਕਨੀਕੀ ਟੀਮ ਵਿਸ਼ਾਖਾਪਟਨਮ ਭੇਜੀ ਹੈ। ਇਸ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਸੌ ਲੋਕ ਪ੍ਰਭਾਵਿਤ ਹੋਏ ਸਨ।
ਐੱਲਜੀ ਕੈਮ ਦੀ ਹੀ ਇਕਾਈ ਐੱਲਜੀ ਪੋਲੀਮਰਸ ਇੰਡੀਆ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਅੱਠ ਮੈਂਬਰੀ ਟੀਮ ਦੀ ਅਗਵਾਈ ਪੈਟਰੋਕੈਮੀਕਲ ਕੰਪਨੀ ਦੇ ਪ੍ਰਰੈਜ਼ੀਡੈਂਟ ਕਰ ਰਹੇ ਹਨ। ਇਸ ਵਿਚ ਉਤਪਾਦਨ, ਵਾਤਾਵਰਨ ਅਤੇ ਸੇਫਟੀ ਨਾਲ ਜੁੜੇ ਮਾਹਿਰ ਸ਼ਾਮਲ ਹਨ। ਇਹ ਟੀਮ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਮੁੜ ਵਸੇਬੇ ਵਿਚ ਵੀ ਮਦਦ ਕਰੇਗੀ। ਨਾਲ ਹੀ ਪ੍ਰਰੈਜ਼ੀਡੈਂਟ ਅਤੇ ਟੀਮ ਦੇ ਹੋਰ ਮੈਂਬਰ ਪੀੜਤ ਲੋਕਾਂ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਾਵਾਂ ਦੀ ਜਾਣਕਾਰੀ ਦੇਣਗੇ। ਇਹ ਟੀਮ ਸਥਾਨਕ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰੇਗੀ। ਦੱਸਣਯੋਗ ਹੈ ਕਿ 7 ਮਈ ਨੂੰ ਐੱਲਜੀ ਪੋਲੀਮਰਸ ਇੰਡੀਆ ਦੇ ਪਲਾਂਟ ਤੋਂ ਸਟਾਈਰੀਨ ਗੈਸ ਦਾ ਰਿਸਾਅ ਹੋਣ ਤੋਂ ਬਾਅਦ ਨਜ਼ਦੀਕ ਦੇ ਵੇਂਕਟਪੁਰਮ ਅਤੇ ਚਾਰ ਹੋਰਨਾਂ ਪਿੰਡਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ।