ਸਟ੍ਰਾਸਬਰਗ (ਏਐੱਫਪੀ) : ਬਰਤਾਨਵੀ ਸਰਕਾਰ ਬ੍ਰੈਗਜ਼ਿਟ ਲਈ ਠੋਸ ਮਤਿਆਂ ਦਾ ਖਰੜਾ ਸਾਹਮਣੇ ਨਹੀਂ ਰੱਖਿਆ ਤਾਂ ਬਿਨਾਂ ਸ਼ਰਤ ਹੀ ਵੱਖ ਹੋਣ ਦੀ ਪ੍ਰਕਿਰਿਆ ਪੂਰੀ ਹੋ ਸਕਦੀ ਹੈ। ਇਹ ਚਿਤਾਵਨੀ ਯੂਰਪੀ ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨੇ ਯੂਰਪੀ ਸੰਸਦ ਵਿਚ ਆਪਣੇ ਭਾਸ਼ਣ ਵਿਚ ਦਿੱਤੀ ਹੈ। ਜੰਕਰ ਬ੍ਰੈਗਜ਼ਿਟ ਮਸਲੇ 'ਤੇ ਯੂਰਪੀ ਯੂਨੀਅਨ (ਈਯੂ) ਵੱਲੋਂ ਪ੍ਰਮੁੱਖ ਵਾਰਤਾਕਾਰ ਹਨ।
ਜੰਕਰ ਨੇ ਕਿਹਾ ਕਿ ਬਿਨਾਂ ਸ਼ਰਤ ਵੱਖ ਹੋਣ ਦਾ ਖ਼ਤਰਾ ਬਹੁਤ ਵਾਸਤਵਿਕ ਹੈ। ਬਿਨਾਂ ਸ਼ਰਤ ਵੱਖ ਹੋਣਾ ਬਰਤਾਨੀਆ ਲਈ ਵਿਚਾਰ ਦਾ ਵਿਸ਼ਾ ਹੋ ਸਕਦਾ ਹੈ, ਯੂਰਪੀ ਯੂਨੀਅਨ ਨੂੰ ਇਸ ਨਾਲ ਖ਼ਾਸ ਮਤਲਬ ਨਹੀਂ ਹੈ। ਯੂਰਪੀ ਯੂਨੀਅਨ ਵੱਲੋਂ ਇਹ ਚਿਤਾਵਨੀ ਜੰਕਰ ਦੀ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਮੁਲਾਕਾਤ ਦੇ ਦੋ ਦਿਨ ਬਾਅਦ ਆਈ ਹੈ। ਲਗਜ਼ਮਬਰਗ ਦੇ ਉਸ ਦੌਰੇ ਵਿਚ ਜੌਨਸਨ ਨੇ ਜੰਕਰ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਸੀ ਅਤੇ ਉਹ ਬ੍ਰੈਗਜ਼ਿਟ ਨੂੰ ਲੈ ਕੇ ਸਵਾਲਾਂ ਦੇ ਜਵਾਬ ਦਿੱਤੇ ਬਗੈਰ ਬਰਤਾਨੀਆ ਪਰਤ ਆਏ ਸਨ। ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ ਹੁਣ ਮਹਿਜ਼ ਛੇ ਹਫ਼ਤਿਆਂ ਦਾ ਸਮਾਂ ਬਚਿਆ ਹੈ। ਜੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਬਰਤਾਨੀਆ ਨੇ ਹਾਲੇ ਤਕ ਸ਼ਰਤਾਂ ਤਹਿਤ ਵੱਖ ਹੋਣ ਲਈ ਕੋਈ ਠੋਸ ਮਤਾ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ, ਨਹੀਂ ਲੱਗਦਾ ਕਿ ਅਸੀਂ ਸਮਝੌਤੇ ਦੀ ਸਥਿਤੀ ਤਕ ਪਹੁੰਚ ਪਾਵਾਂਗੇ। ਸਮਝੌਤੇ ਲਈ ਸਾਡੇ ਕੋਲ ਬਹੁਤ ਘੱਟ ਸਮਾਂ ਬਚਿਆ ਹੈ ਪਰ ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ।
ਬ੍ਰੈਗਜ਼ਿਟ ਮਾਮਲੇ ਵਿਚ ਯੂਰਪੀ ਯੂਨੀਅਨ ਦੇ ਇਕ ਹੋਰ ਪ੍ਰਮੁੱਖ ਵਾਰਤਾਕਾਰ ਮਾਈਕਲ ਬਰਨੀਅਰ ਨੇ ਕਿਹਾ, 'ਹੁਣ ਆਪਸੀ ਗੱਲਬਾਤ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬ੍ਰੈਗਜ਼ਿਟ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਸੁਚਾਰੂ ਰੂਪ ਨਾਲ ਅੱਗੇ ਵਧਾਈਏ। ਬਰਨੀਅਰ ਦਾ ਇਹ ਬਿਆਨ ਪ੍ਰਧਾਨ ਮੰਤਰੀ ਜੌਨਸਨ ਵੱਲੋਂ ਆਉਣ ਵਾਲੇ ਸ਼ੱਕ ਪੂਰਨ ਬਿਆਨਾਂ ਦਾ ਜਵਾਬ ਮੰਨਿਆ ਜਾ ਰਿਹਾ ਹੈ ਜਿਸ ਵਿਚ ਸ਼ਰਤਾਂ ਤਹਿਤ ਜਾਂ ਬਿਨਾਂ ਸ਼ਰਤ ਬ੍ਰੈਗਜ਼ਿਟ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦੀ ਸਿਫਾਰਸ਼ 'ਤੇ ਬਰਤਾਨਵੀ ਸੰਸਦ ਇਸ ਸਮੇਂ ਮੁਲਤਵੀ ਸਥਿਤੀ ਵਿਚ ਹੈ ਅਤੇ ਉਸ ਦੀ ਮੁਲਤਵੀ ਦਾ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਵਿਚ ਲੰਬਿਤ ਹੈ। 17-18 ਅਕਤੂਬਰ ਨੂੰ ਯੂਰਪੀ ਯੂਨੀਅਨ ਨੇਤਾਵਾਂ ਦਾ ਮਹੱਤਵਪੂਰਨ ਸਮਿਟ ਪ੍ਰਸਤਾਵਿਤ ਹੈ। ਇਸ ਵਿਚ ਬ੍ਰੈਗਜ਼ਿਟ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ।