ਕਾਇਰੋ (ਏਜੰਸੀ) : ਕਰੀਬ ਦੋ ਸਾਲ ਪਹਿਲਾਂ ਸੁੰਨੀ ਮੁਸਲਮਾਂ ਦੀ ਸਿਖਲਾਈ ਸੰਸਥਾ ਅਲ-ਅਜਹਰ ਵਿਚੋਂ ਉਈਗਰ ਵਿਦਿਆਰਥੀ ਅਬੁਦਲਮਲਿਕ ਅਬੁਦਲਅਜ਼ੀਜ ਨੂੰ ਮਿਸਰ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ। ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਹੱਥਕੜੀ ਲਗਾਈ ਅਤੇ ਫਿਰ ਉਨ੍ਹਾਂ ਦਾ ਚਿਹਰਾ ਢੱਕ ਦਿੱਤਾ। ਜਦ ਉਨ੍ਹਾਂ ਨਕਾਬ ਹਟਾਇਆ ਗਿਆ ਤਾਂ ਉਹ ਰਾਜਧਾਨੀ ਕਾਇਰੋ ਦੇ ਪੁਲਿਸ ਥਾਣੇ ਵਿਚ ਸਨ ਅਤੇ ਚੀਨੀ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਸਨ। ਅਬਦੁਲਅਜ਼ੀਜ ਇਕੱਲੇ ਉਈਗਰ ਨਹੀਂ ਹੈ, ਜਿਨ੍ਹਾਂ ਨੂੰ ਇਸ ਤਰ੍ਹਾਂ ਗਿ੍ਫ਼ਤਾਰ ਕਰ ਕੇ ਇਥੇ ਚੀਨ ਦੇ ਸਪੁਰਦ ਕਰ ਦਿੱਤਾ ਗਿਆ ਸੀ। ਜੁਲਾਈ 2017 ਵਿਚ 90 ਤੋਂ ਜ਼ਿਆਦਾ ਉਈਗਰ ਮੁਸਲਮਾਨਾਂ ਨੂੰ ਮਿਸਰ ਵਿਚ ਇਸੇ ਤਰ੍ਹਾਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਨ੍ਹਾਂ ਵਿਚੋਂ ਕਈ ਅਲ-ਅਜਹਰ ਵਿਚ ਇਸਲਾਮ ਦੀ ਪੜ੍ਹਾਈ ਕਰ ਰਹੇ ਸਨ।
ਅਬਦੁਲਅਜ਼ੀਜ ਨੇ ਕਿਹਾ, 'ਚੀਨੀ ਅਧਿਕਾਰੀ ਮੈਨੂੰ ਮੇਰੇ ਉਈਗਰ ਨਹੀਂ ਬਲਕਿ ਚੀਨੀ ਨਾਮ ਤੋਂ ਸੰਬੋਧਨ ਕਰ ਰਹੇ ਸਨ। ਮਿਸਰ ਦੀ ਪੁਲਿਸ ਨੇ ਦੱਸਿਆ ਕਿ ਚੀਨ ਸਰਕਾਰ ਮੈਨੂੰ ਅੱਤਵਾਦੀ ਦੱਸ ਰਹੀ ਹੈ ਪਰ ਮੈਂ ਉਨ੍ਹਾਂ ਨੂੰ ਨਹੀਂ ਵਿਚ ਜਵਾਬ ਦਿੱਤਾ ਸੀ।' ਗਿ੍ਫ਼ਤਾਰ ਕੀਤੇ ਗਏ ਹੋਰ ਲੋਕਾਂ ਤੋਂ ਵੀ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਸਨ। ਕਈ ਦਿਨ ਤਕ ਹਿਰਾਸਤ ਵਿਚ ਰੱਖਣ ਤੋਂ ਬਾਅਦ ਸਾਰਿਆਂ ਨੂੰ ਤਿੰਨ ਸਮੂਹਾਂ ਵਿਚ ਵੰਡ ਕੇ ਲਾਲ, ਪੀਲੇ ਅਤੇ ਹਰੇ ਕਾਰਡ ਦਿੱਤੇ ਗਏ ਸਨ। ਇਨ੍ਹਾਂ ਕਾਰਡਾਂ ਤੋਂ ਤੈਅ ਹੁੰਦਾ ਸੀ ਕਿ ਉਨ੍ਹਾਂ ਨੂੰ ਰਿਹਾਅ ਕਰਨਾ ਹੈ, ਹਿਰਾਸਤ 'ਚ ਰੱਖਣਾ ਹੈ ਜਾਂ ਅੱਗੇ ਪੁੱਛਗਿੱਛ ਕੀਤੀ ਜਾਣੀ ਹੈ। ਨਾਰਵੇ ਵਿਚ ਰਹਿਣ ਵਾਲੇ ਭਾਸ਼ਾ ਮਾਹਿਰ ਅਬਦੁਲਵੇਲੀ ਅਯੂਪ ਕਹਿੰਦੇ ਹਨ, ਚੀਨ ਦੇ ਸ਼ਿਨਜ਼ਿਯਾਂਗ ਪ੍ਰਾਂਤ ਵਿਚ ਇਹੀ ਕੀਤਾ ਜਾਂਦਾ ਹੈ। ਸ਼ਿਨਜ਼ਿਯਾਂਗ ਵਿਚ ਕਰੀਬ ਦਸ ਲੱਖ ਉਈਗਰਾਂ ਅਤੇ ਹੋਰ ਮੁਸਲਮਾਨਾਂ ਨੂੰ ਹਿਰਾਸਤ ਕੇਂਦਰਾਂ ਵਿਚ ਰੱਖਿਆ ਗਿਆ ਹੈ। ਚੀਨ ਦੀ ਸਰਕਾਰ ਇਨ੍ਹਾਂ ਨੂੰ ਸਿਖਲਾਈ ਕੇਂਦਰ ਦੱਸਦੀ ਹੈ। ਉਸ ਦਾ ਕਹਿਣਾ ਹੈ ਕਿ ਧਾਰਮਿਕ ਕੱਟੜਤਾ ਰੋਕਣ ਲਈ ਇਹ ਜ਼ਰੂਰੀ ਹੈ।
ਮਿਸਰ ਵਿਚ ਸਭ ਤੋਂ ਵੱਡਾ ਨਿਵੇਸ਼ਕ ਹੈ ਚੀਨ
ਅਯੂਪ ਅਨੁਸਾਰ ਮਿਸਰ ਵਿਚ ਉਈਗਰਾਂ ਦੀ ਗਿ੍ਫ਼ਤਾਰ ਸੰਯੋਗ ਨਹੀਂ ਹੈ। ਦਰਅਸਲ ਚੀਨ, ਮਿਸਰ ਵਿਚ ਸਭ ਤੋਂ ਵੱਡਾ ਨਿਵੇਸ਼ਕ ਹੈ। ਉਈਗਰਾਂ ਦੀ ਗਿ੍ਫ਼ਤਾਰੀ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਚੀਨ ਅਤੇ ਮਿਸਰ ਨੇ ਅੱਤਵਾਦ ਦਾ ਸਾਹਮਣਾ ਕਰਨ ਲਈ ਇਕ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।