ਬੀਜਿੰਗ (ਏਪੀ) : ਏਸ਼ੀਆ ਤੇ ਪ੍ਰਸ਼ਾਂਤ ਖੇਤਰ 'ਚ ਮਿਜ਼ਾਈਲਾਂ ਤਾਇਨਾਤ ਕਰਨ ਦੀ ਅਮਰੀਕਾ ਦੀ ਯੋਜਨਾ 'ਤੇ ਚੀਨ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਚੀਨ ਨੇ ਮੰਗਲਵਾਰ ਨੂੰ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਅਮਰੀਕਾ ਨੇ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਮੱਧਮ ਦੂਰੀ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕੀਤੀਆਂ ਤਾਂ ਉਹ ਚੁੱਪ ਨਹੀਂ ਬੈਠੇਗਾ। ਇਸ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਚੀਨੀ ਵਿਦੇਸ਼ ਮੰਤਰਾਲੇ ਦੇ ਹਥਿਆਰ ਕੰਟਰੋਲ ਵਿਭਾਗ ਦੇ ਨਿਰਦੇਸ਼ਕ ਫੂ ਕਾਂਗ ਨੇ ਕਿਹਾ, 'ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸਿਜ਼ (ਆਈਐੱਨਐੱਫ) ਸੰਧੀ ਖ਼ਤਮ ਹੋਣ ਨਾਲ ਕੌਮਾਂਤਰੀ ਰਣਨੀਤਕ ਸਥਿਰਤਾ ਨਾਲ ਹੀ ਯੂਰਪ ਤੇ ਏਸ਼ੀਆ-ਪ੍ਰਸ਼ਾਂਤ ਦੀ ਸੁਰੱਖਿਆ 'ਤੇ ਸਿੱਧਾ ਨਕਾਰਾਤਮਕ ਅਸਰ ਪਵੇਗਾ। ਚੀਨ ਖ਼ਾਸ ਤੌਰ 'ਤੇ ਉਸ ਬਿਆਨ ਤੋਂ ਚਿੰਤਤ ਹਨ ਜਿਸ 'ਚ ਇਕ ਅਮਰੀਕੀ ਅਧਿਕਾਰੀ ਨੇ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਛੇਤੀ ਹੀ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦੇ ਵਿਕਾਸ ਤੇ ਪ੍ਰੀਖਣ ਦੀ ਯੋਜਨਾ ਦਾ ਐਲਾਨ ਕੀਤਾ। ਚੀਨ ਚੁੱਪ ਨਹੀਂ ਬੈਠੇਗਾ ਤੇ ਦੁਨੀਆ ਦੇ ਇਸ ਹਿੱਸੇ 'ਚ ਅਮਰੀਕੀ ਮਿਜ਼ਾਈਲ ਤਾਇਨਾਤੀ ਦਾ ਜਵਾਬ ਦੇਣ ਲਈ ਮਜਬੂਰ ਹੋਵੇਗਾ।' ਇਸਦੇ ਨਾਲ ਹੀ ਉਨ੍ਹਾਂ ਨੇ ਦੂਜੇ ਦੇਸ਼ਾਂ ਖ਼ਾਸ ਤੌਰ 'ਤੇ ਦੱਖਣੀ ਕੋਰੀਆ, ਜਾਪਾਨ ਤੇ ਆਸਟ੍ਰੇਲੀਆ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਇੱਥੇ ਅਮਰੀਕਾ ਨੂੰ ਮਿਜ਼ਾਈਲਾਂ ਤਾਇਨਾਤ ਕਰਨ ਦੀ ਇਜਾਜ਼ਤ ਨਾ ਦੇਣ।
ਅਮਰੀਕਾ ਰੱਖਿਆ ਮੰਤਰੀ ਨੇ ਕੀਤਾ ਸੀ ਐਲਾਨ
ਹਾਲੀਆ ਹੀ 'ਚ ਆਸਟ੍ਰੇਲੀਆ ਦੌਰੇ 'ਤੇ ਗਏ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਅਸੀਂ ਕੁਝ ਮਹੀਨੇ ਅੰਦਰ ਮੱਧਮ ਦੂਰੀ ਤਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਇਸ ਬਿਆਨ 'ਤੇ ਆਸਟ੍ਰੇਲੀਆ ਨੇ ਆਪਣੀ ਜ਼ਮੀਨ 'ਤੇ ਅਮਰੀਕੀ ਮਿਜ਼ਾਈਲ ਤਾਇਨਾਤੀ ਦੀ ਯੋਜਨਾ ਤੋਂ ਇਨਕਾਰ ਕੀਤਾ ਸੀ।
ਪਿਛਲੇ ਹਫ਼ਤੇ ਖ਼ਤਮ ਹੋਈ ਆਈਐੱਨਐੱਫ ਸੰਧੀ
ਅਮਰੀਕਾ ਤੇ ਰੂਸ ਦਰਮਿਆਨ 1987 'ਚ ਹੋਈ ਆਈਐੱਨਐੱਫ ਸੰਧੀ ਪਿਛਲੇ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਸੀ। ਸੰਧੀ ਤਹਿਤ ਮੱਧਮ ਦੂਰੀ ਤਕ ਮਾਰ ਕਰਨ ਵਾਲੀਆਂ ਕਈ ਮਿਜ਼ਾਈਲਾਂ 'ਤੇ ਪਾਬੰਦੀ ਲਾਈ ਗਈ ਸੀ। ਇਸ ਸੰਧੀ ਦੇ ਖ਼ਤਮ ਹੋਣ ਨਾਲ ਦੁਨੀਆ 'ਚ ਨਵੇਂ ਹਥਿਆਰਾਂ ਦੇ ਵਿਕਾਸ ਦੀ ਹੋੜ ਸ਼ੁਰੂ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਹੈ।