ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ `ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਦੇਸ਼ ਦੀਆਂ ਪਹਿਲੀਆਂ 10 ਸੰਸਥਾਵਾਂ `ਚ ਸ਼ਾਮਲ ਕੀਤਾ ਗਿਆ ਹੈ। ਕੀਵੀ ਬੈਂਕ ਦੇ ਸਲਾਨਾ ਐਵਾਰਡ ਵਾਸਤੇ ਇਕ ਹਜ਼ਾਰ ਅਰਜ਼ੀਆਂ ਪੁੱਜੀਆਂ ਸਨ। ਹਾਲਾਂਕਿ ਇਨ੍ਹਾਂ ਦਸਾਂ ਨਾਵਾਂ ਚੋਂ ਵੀ ਪਹਿਲੇ ਤਿੰਨ ਨਾਂ ਅਗਲੇ ਸਾਲ ਫ਼ਰਵਰੀ `ਚ ਵਿਚਾਰੇ ਜਾਣਗੇ।
ਜਾਣਕਾਰੀ ਅਨੁਸਾਰ ਹਰ ਸਾਲ ਵੱਖ-ਵੱਖ ਖੇਤਰਾਂ `ਚ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਵਾਲੀ ਕੀਵੀ ਬੈਂਕ ਨੇ ਇਸ ਚੋਣ ਸਬੰਧੀ ਸਿੱਖ ਸੁਸਾਇਟੀ ਵੱਲੋਂ ਲੌਕਡਾਊਣ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਾਉਣ, ਸਿੱਖ ਹੈਰੀਟੇਜ ਸਕੂਲ,ਚਾਈਲਡਜ ਚੁਆਇਸ ਪ੍ਰੀ-ਸਕੂਲ ਅਤੇ ਸਿੱਖ ਸਪੋਰਟਸ ਕੰਪਲੈਕਸ ਦੀ ਸਥਾਪਨਾ ਕੀਤੇ ਜਾਣ ਦੀ ਪ੍ਰਸੰਸਾ ਕੀਤੀ ਹੈ ਕਿ ਅਜਿਹੀਆਂ ਸਹੂਲਤਾਂ ਨਾਲ ਸਥਾਨਕ ਭਾਈਚਾਰੇ ਨੂੰ ਬਹੁਤ ਫਾਇਦਾ ਹੋਇਆ ਹੈ। ਸੁਸਾਇਟੀ ਦੇ ਵਲੰਟੀਅਰਜ ਨੂੰ ਵੀ ਸਲਾਹਿਆ ਹੈ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਅਣਥੱਕ ਸੇਵਾਵਾਂ ਨਿਭਾਉਂਦਿਆਂ ਹਰ ਧਰਮ, ਨਸਲ ਅਤੇ ਸੱਿਭਆਚਾਰ ਨਾਲ ਸਬੰਧਤ ਲੋੜਵੰਦਾਂ ਲਈ ਦਰ ਹਰ ਵੇਲੇ ਖੋਲ੍ਹ ਕੇ ਰੱਖੇ ਹਨ। ਬੈਂਕ ਨੇ ਇਸ ਗੱਲ `ਤੇ ਵੀ ਤਸੱਲੀ ਪ੍ਰਗਟ ਕੀਤੀ ਹੈ ਕਿ ਸੁਸਾਇਟੀ ਦੀ ਦੂਰਦਰਸ਼ੀ ਸੋਚ ਅਤੇ ਪ੍ਰਾਪਤੀਆਂ ਨਾਲ ਟਾਕਾਨਿਨੀ `ਚ ਚੰਗਾ ਅਸਰ ਪਿਆ ਹੈ।
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ (ਆਕਲੈਂਡ) ਅਤੇ ਹੋਰ ਕਈ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਲੀ ਸੁਪਰੀਮ ਸਿੱਖ ਸੁਸਾਇਟੀ ਦੀ ਦਫ਼ਤਰ ਮੈਨੇਜਰ ਸਰਬਜੀਤ ਕੌਰ ਨੇ ਦੱਸਿਆ ਕਿ ਸਾਰੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਅਤੇ ਸੁਸਾਇਟੀ ਸਾਰੇ ਹੀ ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਸਦਕੇ ਸਿੱਖ ਕਮਿਊਨਿਟੀ ਦਾ ਪੂਰੇ ਦੇਸ਼ `ਚ ਨਾਂ ਉੱਚਾ ਹੋਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਐਵਾਰਡ ਬਾਰੇ ਸੁਸਾਇਟੀ ਦੇ ਕਿਸੇ ਵੀ ਮੈਂਬਰ ਨੇ ਅਪਲਾਈ ਨਹੀਂ ਕੀਤਾ ਸੀ ਸਗੋਂ ਕੀਵੀ ਬੈਂਕ ਵੱਲੋਂ ਵਧਾਈਆਂ ਭਰੀ ਆਈ ਈਮੇਲ ਰਾਹੀਂ ਪਤਾ ਲੱਗਾ ਹੈ ਕਿ ਸੁਸਾਇਟੀ ਦਾ ਨਾਂ ਪਹਿਲੀਆਂ 10 ਸੰਸਥਾਵਾਂ `ਚ ਸ਼ੁਮਾਰ ਹੋ ਗਿਆ ਹੈ। ਉਨਾਂ੍ਹ ਇਹ ਤੱਥ ਵੀ ਉਜਾਗਰ ਕੀਤਾ ਕਿ ਹੁਣ ਤੱਕ ਕਰੀਬ ਇੱਕ ਮਿਲੀਅਨ ਡਾਲਰ ਦੀ ਕੀਮਤ ਬਰਾਬਰ ਢਾਈ ਲੱਖ ਫੂਡ ਬੈਗ ਲੋੜਵੰਦ ਲੋਕਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ ਲੋੜ ਪੈਣ `ਤੇ ਸੇਵਾ ਵਾਲਾ ਕਾਰਜ ਅਗਲੇ ਸਮੇਂ ਦੌਰਾਨ ਵੀ ਜਾਰੀ ਰੱਖਿਆ ਜਾਵੇਗਾ ਤਾਂ ਜੋ ਕੋਈ ਵੀ ਲੋੜਵੰਦ ਵਾਂਝਾ ਨਾ ਰਹਿ ਸਕੇ।