ਦਲਜੀਤ ਮੱਕੜ, ਮਿਲਾਨ : ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਸਨ ਜਵਾਨੀ ਇਨ ਕਰੇਚੋ, ਕਰੇਮੋਨਾ ਇਟਲੀ ਵੱਲੋਂ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਤੇ 1984 ਦੇ ਘੱਲੂਘਾਰੇ ਤੇ ਕੌਮ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ 'ਤੇ ਸਿੱਖ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ।
ਇਸ ਮੌਕੇ ਬਾਬਾ ਜੌਰਾਵਰ ਸਿੰਘ ਬਾਬਾ ਫਤਹਿ ਸਿੰਘ ਦਸਤਾਰ ਲਹਿਰ ਇਟਲੀ ਵੱਲੋਂ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਗਈਆਂ। ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਸਨ। ਇਹ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ 'ਚ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਸਿੱਖੀ ਪਰੰਪਰਾਵਾਂ ਤਹਿਤ ਮਾਰਤੀਆਨਾ ਦੀ ਪੋ ਵਿਖੇ ਆਰੰਭ ਹੋਇਆ।
ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ। ਥਾਂ-ਥਾਂ 'ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਵਿਦੇਸ਼ੀ ਮੂਲ ਦੇ ਲੋਕ ਵੀ ਸਿੱਖੀ ਸਿਧਾਤਾਂ ਤੋਂ ਪ੍ਰਭਾਵਿਤ ਹੋ ਰਹੇ ਸਨ। ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਵੱਖ-ਵੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਲੰਗਰ ਲਗਾਏ।
ਇਸ ਵਿਸ਼ਾਲ ਨਗਰ ਕੀਰਤਨ 'ਚ ਕਲਗੀਧਰ ਗੱਤਕਾ ਅਕੈਡਮੀ ਕਰੇਮੋਨਾ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਹੋਈ। ਜਿੱਥੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਸਮਾਪਤੀ 'ਤੇ ਪੰਡਾਲ ਸਜਾਇਆ ਗਿਆ। ਜਿੱਥੇ ਭਾਈ ਮੇਜਰ ਸਿੰਘ ਮਾਨ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਨਾਲ ਨਿਹਾਲ ਕੀਤਾ।
ਇਸ ਮੌਕੇ ਗੁਰਦਆਰਾ ਪ੍ਰਬੰਧਕ ਕਮੇਟੀ ਸਨ ਜਵਾਨੀ ਇਨ ਕਰੇਚੋ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੀ ਸੰਗਤਾਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਗੁਰਦੁਆਰਾ ਸਾਹਿਬ ਸਨ ਜਵਾਨੀ ਇਨ ਕਰੇਚੋ ਦੇ ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ।