Italy Coronavirus Update : ਦਲਜੀਤ ਮੱਕੜ, ਮਿਲਾਨ : ਕੋਰੋਨਾ ਵਾਇਰਸ (Coronavirus) ਤੋਂ ਉਭਾਰ ਦੀ ਸਥਿਤੀ ਕਾਰਨ ਵਿਦੇਸ਼ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ 14 ਫਰਵਰੀ ਤੋਂ ਲਾਗੂ ਕੀਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 82 ਦੇਸ਼ਾਂ ਦੇ ਯਾਤਰੀਆਂ ਨੂੰ ਬੋਰਡਿੰਗ ਰਾਹੀਂ 72 ਘੰਟੇ ਪਹਿਲਾਂ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ (Negative RT-PCR Report) ਦੀ ਬਜਾਏ ਪੂਰਨ ਟੀਕਾਕਰਨ ਦਾ ਸਰਟੀਫਿਕੇਟ ਅਪਲੋਡ ਕਰਨ ਦੀ ਇਜਾਜ਼ਤ ਹੈ। ਇਨ੍ਹਾਂ 82 ਦੇਸ਼ਾਂ ’ਚ ਉਹ ਸ਼ਾਮਲ ਹਨ ਜਿਨ੍ਹਾਂ ਦਾ ਭਾਰਤ ਨਾਲ ਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਜਾਂ ਡਬਲਯੂਐੱਚਓ ਤੋਂ ਮਾਨਤਾ ਪ੍ਰਾਪਤ ਟੀਕਿਆਂ ਦੇ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਦਾ ਸਮਝੌਤਾ ਹੈ। ਇਨ੍ਹਾਂ 82 ਦੇਸ਼ਾ ਦੀ ਜਾਰੀ ਹੋਈ ਸੂਚੀ ਵਿੱਚ ਇਟਲੀ ਦਾ ਨਾਂ ਸ਼ਾਮਿਲ ਨਹੀਂ ਹੈ ਜਿਸ ਕਾਰਨ ਉਨ੍ਹਾਂ ਲੋਕਾਂ ਵਿੱਚ ਭਾਰੀ ਨਿਰਾਸ਼ਾ ਦੇਖੀ ਜਾ ਰਹੀ ਹੈ ਜਿਹੜੇ ਭਾਰਤ ਜਾਣ ਦੇ ਇਛੁੱਕ ਹਨ।
ਹਾਲਾਂਕਿ ਇਟਲੀ ਸਰਕਾਰ ਨੇ ਭਾਰਤ ਦੀ ਵੈਕਸੀਨ ਕੋਵੀਸ਼ੀਲਡ (CovidShield) ਨੂੰ ਮਾਨਤਾ ਵੀ ਦਿੱਤੀ ਹੋਈ ਹੈ, ਫਿਰ ਵੀ ਭਾਰਤ ਸਰਕਾਰ ਵੱਲੋਂ ਜਾਰੀ ਹੋਈ ਦਿਸ਼ਾ ਨਿਰਦੇਸ਼ਾਂ ਵਿਚ ਇਟਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਈ ਰਾਹਤ ਨਹੀਂ ਹੈ। ਅਤੇ ਉਹਨਾਂ ਨੂੰ ਭਾਰਤ ਜਾਣ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹਾਲੇ ਵੀ ਕਰਵਾਉਣੀ ਪਏਗੀ। ਪਿਛਲੇ ਦਿਨੀ ਭਾਰਤ ਸਰਕਾਰ ਦੁਆਰਾ ਵਿਦੇਸ਼ਾ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਸਨ। ਕਈ ਭਾਰਤ ਨੂੰ ਜਾਣ ਵਾਲੇ ਯਾਤਰੀਆ ਵਿੱਚ ਇਹ ਭੰਬਲਭੂਸਾ ਸੀ ਕਿ ਭਾਰਤ ਜਾਣ ਸਮੇਂ ਨੈਗੇਟਿਵ ਰਿਪੋਰਟ ਕਰਵਾਉਣੀ ਜ਼ਰੂਰੀ ਨਹੀ। ਪੰਜਾਬ ਸਰਵਿਸ ਦੇ ਡਾਇਰੈਕਟਰ ਸੰਜੀਵ ਲਾਂਬਾ ਨੇ ਇਟਲੀ ਤੋਂ ਭਾਰਤ ਜਾ ਰਹੇ ਯਾਤਰੀਆਂ ਨੂੰ ਅਪੀਲ ਕੀਤੀ ਹੈ, ਉਹ ਪਹਿਲਾਂ ਦੀ ਤਰਾਂ ਹੀ ਭਾਰਤ ਜਾਣ ਸਮੇਂ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਜ਼ਰੂਰ ਕਰਵਾਉਣ ਤਾਂ ਜੋ ਉਹਨਾ ਨੂੰ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ।