ਨਵੀਂ ਦਿੱਲੀ, ਟੈੱਕ ਡੈਸਕ : ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਨਿਊਜ਼ ਏਜੰਸੀ ਆਈਐੱਨਐੱਸ ਦੀ ਰਿਪੋਰਟ ਮੁਤਾਬਕ ਟਵਿੱਟਰ ਦੇ ਸੋਰਸ ਕੋਡ ਆਨਲਾਈਨ ਲੀਕ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਓਪਨ ਸੋਰਸ ਕੋਡਿੰਗ GitHub ’ਤੇ ਟਵਿੱਟਰ ਦੇ ਸਹਿਯੋਗ ਨਾਲ ਜਾਰੀ ਕੀਤਾ ਗਿਆ ਹੈ। ਇੰਨਾ ਹੀ ਨਹੀਂ ਟਵਿੱਟਰ ਨੇ ਇਸ ਮਾਮਲੇ ’ਚ ਕਾਪੀਰਾਈਟ ਉਲੰਘਣਾ ਦਾ ਨੋਟਿਸ ਵੀ ਭੇਜਿਆ ਹੈ। ਕੋਰਟ ਫਾਈਲ ਤੋਂ ਸਾਹਮਣੇ ਆਇਆ ਹੈ ਕਿ ਟਵਿੱਟਰ ਨੇ ਇਸ ਮਾਮਲੇ ਦੀ ਸ਼ਿਕਾਇਤ ਅਮਰੀਕੀ ਜ਼ਿਲ੍ਹਾ ਅਦਾਲਤ ਨੂੰ ਕੀਤੀ ਹੈ ਅਤੇ ਅਦਾਲਤ ਤੋਂ GitHub ’ਤੇ ਵਿਅਕਤੀ ਦੀ ਪਛਾਣ ਨਾਲ ਸਬੰਧਤ ਜਾਣਕਾਰੀ ਨੂੰ ਉਜਾਗਰ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ’ਚ ਗਿਟਹਬ ਤੋਂ ਟਵਿਟਰ ਦਾ ਸੋਰਸ ਕੋਡ ਲੀਕ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਲੋਕਾਂ ਦੀ ਵੀ ਜਾਣਕਾਰੀ ਮੰਗੀ ਗਈ ਹੈ, ਜਿਨ੍ਹਾਂ ਨੇ ਸੋਰਸ ਕੋਡ ਡਾਊਨਲੋਡ ਕੀਤਾ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਟਵਿੱਟਰ ਦੇ ਸੋਰਸਕੋਡ ਨੂੰ GitHub’ਤੇ ਕਿੰਨੇ ਸਮੇਂ ਲਈ ਜਨਤਕ ਕੀਤਾ ਗਿਆ ਸੀ।
ਅਸਲ ਵਿਚ ਤਕਨੀਕੀ ਕੰਪਨੀਆਂ ਸਰੋਤ ਕੋਡ ਦੀ ਜਾਣਕਾਰੀ ਨੂੰ ਗੁਪਤ ਰੱਖਦੀਆਂ ਹਨ। ਦੂਜੇ ਪਾਸੇ, ਅਜਿਹੀ ਜਾਣਕਾਰੀ ਦੇ ਲੀਕ ਹੋਣ ਨਾਲ ਹੋਰ ਕੰਪਨੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੰਨਾ ਹੀ ਨਹੀਂ ਕਿਸੇ ਵੀ ਕੰਪਨੀ ਦਾ ਸੋਰਸਕੋਡ ਲੀਕ ਹੋਣ ਦਾ ਮਤਲਬ ਹੈ ਕਿ ਉਸ ਦੀਆਂ ਸੁਰੱਖਿਆ ਖਾਮੀਆਂ ਸਾਹਮਣੇ ਆ ਜਾਂਦੀਆਂ ਹਨ, ਜਿਸ ਦਾ ਗਲਤ ਫਾਇਦਾ ਉਠਾਇਆ ਜਾ ਸਕਦਾ ਹੈ। ਹਾਲਾਂਕਿ ਟਵਿੱਟਰ ਦੇ ਸੀਈਓ ਐਲਨ ਮਸਕ ਵੱਲੋਂ ਇਸ ਮਾਮਲੇ ’ਚ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।