ਨਵੀਂ ਦਿੱਲੀ, ਜੇਐੱਨਐੱਨ : ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ (Mukesh Ambani) ਬ੍ਰਿਟਿਸ਼ ਟੈਲੀਕਾਮ ਕੰਪਨੀ 'ਚ ਵੱਡੀ ਹਿੱਸੇਦਾਰੀ ਖਰੀਦ ਸਕਦੇ ਹਨ। ਖਬਰਾਂ ਮੁਤਾਬਕ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਬ੍ਰਿਟੇਨ ਦੀ ਟੈਲੀਕਾਮ ਕੰਪਨੀ ਬ੍ਰਿਟਿਸ਼ ਟੈਲੀਕਾਮ (BT) 'ਚ ਹਿੱਸੇਦਾਰੀ ਖਰੀਦਣ ਲਈ ਬੋਲੀ ਲਗਾ ਸਕਦੀ ਹੈ। ਬੀਟੀ ਗਰੁੱਪ ਨੂੰ ਬ੍ਰਿਟਿਸ਼ ਟੈਲੀਕਾਮ ਵਜੋਂ ਜਾਣਿਆ ਜਾਂਦਾ ਹੈ। ਮੁਕੇਸ਼ ਅੰਬਾਨੀ ਦੇ ਇਸ ਕਦਮ ਨੂੰ ਵਿਦੇਸ਼ਾਂ 'ਚ ਜੀਓ ਲਈ ਇਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਯੂਕੇ ਸਥਿਤ ਬੀਟੀ ਟੈਲੀਕਾਮ ਦੇ 419 ਸੰਸਥਾਗਤ ਨਿਵੇਸ਼ਕਾਂ ਵਿੱਚੋਂ ਕੁਝ ਸਹੀ ਪੇਸ਼ਕਸ਼ ਲਈ ਕੰਪਨੀ ਵਿੱਚ ਆਪਣੀ ਹਿੱਸੇਦਾਰੀ ਵੇਚ ਸਕਦੇ ਹਨ।
ਸ਼ੁਰੂਆਤੀ ਦੌਰ ਵਿਚ ਹੈ ਚਰਚਾ
ਰਾਇਟਰਜ਼ ਦੀ ਖਬਰ ਮੁਤਾਬਕ ਰਿਲਾਇੰਸ ਇੰਡਸਟਰੀਜ਼ ਬੀਟੀ ਕੰਪਨੀ 'ਚ ਹਿੱਸੇਦਾਰੀ ਖਰੀਦਣ ਦਾ ਦਾਅਵਾ ਕਰ ਸਕਦੀ ਹੈ। ਨਾਲ ਹੀ, ਬੀਟੀ ਗਰੁੱਪ ਵੱਲੋਂ ਕੰਪਨੀ ਵਿਚ ਹਿੱਸੇਦਾਰੀ ਖਰੀਦਣ ਦੀ ਪੇਸ਼ਕਸ਼ ਵੀ ਹੋ ਸਕਦੀ ਹੈ। ਹਾਲਾਂਕਿ, ਪਹਿਲਾਂ ਬੀਟੀ ਗਰੁੱਪ ਦੀ ਕੰਪਨੀ ਵਿਚ ਰਣਨੀਤਕ ਹਿੱਸੇਦਾਰੀ ਬਣਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਸੀ ਕਿ ਉਹ ਆਪਣੀਆਂ ਯੋਜਨਾਵਾਂ ਦਾ ਵਿਸਤਾਰ ਕਰਨ ਲਈ ਖੁਦ ਫੰਡ ਦੇਵੇਗੀ। ਰਿਲਾਇੰਸ ਇੰਡਸਟਰੀਜ਼ ਤੇ ਬੀਟੀ ਗਰੁੱਪ ਵਿਚਾਲੇ ਹਿੱਸੇਦਾਰੀ ਦੀ ਖਰੀਦ 'ਤੇ ਚਰਚਾ ਸ਼ੁਰੂਆਤੀ ਪੜਾਅ 'ਤੇ ਹੈ।
ਕੀ ਹੈ ਬੀਟੀ ਗਰੁੱਪ
ਬੀਟੀ ਬਰਤਾਨੀਆ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਤੇ ਨੈੱਟਵਾਰ ਪ੍ਰੋਵਾਈਡਰਸ 'ਚੋਂ ਇਕ ਹੈ। ਇਹ ਕੰਪਨੀ ਦੁਨੀਆ ਦੇ ਲਗਪਗ 180 ਦੇਸ਼ਾਂ ਵਿਚ ਆਪਣੀ ਮੌਜੂਦਗੀ ਪੇਸ਼ ਕਰਦੀ ਹੈ। ਇਹ ਯੂਕੇ ਫਿਕਸਡ ਲਾਈਨ ਟੈਲੀਕਾਮ ਸੇਵਾ ਦਾ ਮੌਜੂਦਾ ਆਪਰੇਟਰ ਵੀ ਹੈ। ਇਹ ਫਾਈਬਰ ਬਰਾਡਬੈਂਡ, ਆਈਪੀ ਟੀਵੀ, ਟੈਲੀਵਿਜ਼ਨ ਤੇ ਸਪੋਰਟਸ ਪ੍ਰਸਾਰਣ ਤੇ ਮੋਬਾਈਲ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ।