ਮੈਲਬੌਰਨ (ਏਪੀ) : ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਤੀਜਾ ਦਰਜਾ ਹਾਸਲ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ 6-4, 6-1 ਨਾਲ ਹਰਾ ਕੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ 'ਚ ਥਾਂ ਬਣਾਈ। 33 ਸਾਲਾ ਅਜਾਰੇਂਕਾ ਨੇ 2012 ਤੇ 2013 ਵਿਚ ਇੱਥੇ ਖ਼ਿਤਾਬ ਜਿੱਤਿਆ ਸੀ ਤੇ ਹੁਣ ਉਹ ਆਪਣੇ ਤੀਜੇ ਖ਼ਿਤਾਬ ਦੇ ਨੇੜੇ ਪੁੱਜ ਗਈ ਹੈ।
ਅਜਾਰੇਂਕਾ ਇਸ ਵਾਰ ਉਸੇ ਆਤਮਵਿਸ਼ਵਾਸ ਨਾਲ ਖੇਡ ਰਹੀ ਹੈ ਜਿਵੇਂ ਉਨ੍ਹਾਂ ਨੇ ਲਗਭਗ ਇਕ ਦਹਾਕੇ ਪਹਿਲਾਂ ਇੱਥੇ ਖੇਡ ਦਿਖਾਈ ਸੀ। ਹਾਲਾਂਕਿ ਉਹ 2013 ਤੋਂ ਬਾਅਦ ਤੋਂ ਹੁਣ ਤਕ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਨਹੀਂ ਪੁੱਜੀ ਹੈ। ਅਜਾਰੇਂਕਾ ਨੇ ਪੇਗੁਲਾ ਖ਼ਿਲਾਫ਼ ਸਿਰਫ਼ 12 ਮਿੰਟ ਵਿਚ ਹੀ 3-0 ਦੀ ਬੜ੍ਹਤ ਲੈ ਲਈ ਸੀ ਤੇ ਲਗਾਤਾਰ ਵੱਡੇ ਸ਼ਾਟ ਖੇਡੇ। ਅਜਾਰੇਂਕਾ ਨੇ ਕਿਸੇ ਵੀ ਸਮੇਂ ਅਮਰੀਕੀ ਖਿਡਾਰੀ ਨੂੰ ਆਪਣੇ 'ਤੇ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਹਾਲਾਂਕਿ ਸ਼ੁਰੂਆਤੀ ਸੈੱਟ ਵਿਚ ਪੇਗੁਲਾ ਨੇ ਕੁਝ ਹੱਦ ਤਕ ਵਾਪਸੀ ਦੀ ਕੋਸ਼ਿਸ਼ ਕੀਤੀ ਤੇ ਸਕੋਰ 5-4 ਕੀਤਾ ਪਰ ਅਜਾਰੇਂਕਾ ਨੇ ਅਗਲੀ ਗੇਮ ਜਿੱਤਣ ਦੇ ਨਾਲ ਹੀ ਪਹਿਲਾ ਸੈੱਟ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ਵਿਚ ਅਜਾਰੇਂਕਾ ਨੇ 2-0 ਦੀ ਬੜ੍ਹਤ ਬਣਾਈ ਪਰ ਪੇਗੁਲਾ ਨੇ ਅਗਲੀ ਗੇਮ ਜਿੱਤੀ। ਹਾਲਾਂਕਿ 24ਵਾਂ ਦਰਜਾ ਹਾਸਲ ਅਜਾਰੇਂਕਾ ਨੇ ਅਗਲੀਆਂ ਚਾਰ ਗੇਮਾਂ ਆਪਣੇ ਨਾਂ ਕਰ ਕੇ ਸੈੱਟ ਤੇ ਮੈਚ ਜਿੱਤਿਆ। ਸੈਮੀਫਾਈਨਲ ਵਿਚ ਅਜਾਰੇਂਕਾ ਦਾ ਸਾਹਮਣਾ ਪਿਛਲੇ ਸਾਲ ਦੀ ਵਿੰਬਲਡਨ ਚੈਂਪੀਅਨ ਕਜ਼ਾਕਿਸਤਾਨ ਦੀ ਏਲੀਨਾ ਰਿਬਾਕੀਨਾ ਨਾਲ ਹੋਵੇਗਾ। ਰਿਬਾਕੀਨਾ ਨੇ 2017 ਦੀ ਫਰੈਂਚ ਓਪਨ ਚੈਂਪੀਅਨ ਜੇਲੇਨਾ ਓਸਤਾਪੇਂਕੋ ਨੂੰ 6-2, 6-4 ਨਾਲ ਹਰਾਇਆ। ਇਹ ਮੈਚ ਪਹਿਲੇ ਸੈੱਟ ਦੌਰਾਨ ਬਾਰਿਸ਼ ਕਾਰਨ ਲਗਭਗ 20 ਮਿੰਟ ਤਕ ਰੁਕਿਆ ਰਿਹਾ ਸੀ।
ਮਰਦਾਂ ਵਿਚ ਤੀਜਾ ਦਰਜਾ ਹਾਸਲ ਗ੍ਰੀਸ ਦੇ ਸਟੇਫਨੋਸ ਸਿਤਸਿਪਾਸ ਨੇ ਚੈੱਕ ਗਣਰਾਜ ਦੇ ਜਿਰੀ ਲੇਹੇਕਾ ਨੂੰ 6-3, 7-6 (2), 6-4 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਿਤਸਿਪਾਸ ਨੇ ਚੌਥੀ ਵਾਰ ਆਸਟ੍ਰੇਲੀਅਨ ਓਪਨ ਦੇ ਆਖ਼ਰੀ ਚਾਰ ਵਿਚ ਥਾਂ ਬਣਾਈ। ਇਕ ਹੋਰ ਕੁਆਰਟਰ ਫਾਈਨਲ ਮੁਕਾਬਲੇ ਵਿਚ ਕਾਰੇਨ ਖਚਾਨੋਵ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ 20 ਸਾਲਾ ਸੇਬਾਸਟੀਅਨ ਕੋਰਡਾ ਨਾਲ ਸੀ ਪਰ ਤੀਜੇ ਸੈੱਟ ਦੌਰਾਨ ਕੋਰਡਾ ਨੇ ਗੁੱਟ ਵਿਚ ਸੱਟ ਲੱਗਣ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ। ਕੋਰਡਾ ਖਚਾਨੋਵ ਤੋਂ 7-6 (5), 6-3, 3-0 ਨਾਲ ਪਿੱਛੇ ਚੱਲ ਰਹੇ ਸਨ। ਖਚਾਨੋਵ ਨੇ ਇਸ ਤਰ੍ਹਾਂ ਲਗਾਤਾਰ ਆਪਣੇ ਦੂਜੇ ਗਰੈਂਡ ਸਲੈਮ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਯੂਐੱਸ ਓਪਨ ਦੇ ਵੀ ਆਖ਼ਰੀ ਚਾਰ 'ਚ ਪੁੱਜੇ ਸਨ। ਹਾਲਾਂਕਿ ਮੈਲਬੌਰਨ ਪਾਰਕ ਵਿਚ ਪਹਿਲੀ ਵਾਰ ਖਚਾਨੋਵ ਸੈਮੀਫਾਈਨਲ ਤਕ ਪੁੱਜੇ ਹਨ।