ਸ਼ਟਿਗ ਦਾ ਵਿਸ਼ਵ ਕੱਪ ਮੰਨੇ ਜਾਂਦੇ ਥਾਮਸ ਕੱਪ ’ਚ ਇੰਡੀਅਨ ਪੁਰਸ਼ ਬੈਡਮਿੰਟਨ ਟੀਮ ਨੇ ਇੰਡੋਨੇਸ਼ੀਆ ਨੂੰ ਹਰਾ ਕੇ ਪਹਿਲੀ ਵਾਰ ਟਾਈਟਲ ’ਤੇ ਆਪਣਾ ਕਬਜ਼ਾ ਜਮਾਇਆ ਹੈ। ਥਾਮਸ ਕੱਪ ਟੂਰਨਾਮੈਂਟ ਦੇ 73 ਸਾਲਾ ਇਤਿਹਾਸ ’ਚ ਪਹਿਲੀ ਵਾਰ ਭਾਰਤੀ ਟੀਮ ਨੇ ਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ ਸੀ, ਜਿਸ ’ਚ ਕਰਿਸ਼ਮਾ ਕਰਦਿਆਂ ਪਹਿਲੇ ਹੱਲੇ ’ਤੇ ਥਾਮਸ ਕੱਪ ਬੈਡਮਿੰਟਨ ਮੁਕਾਬਲੇ ’ਚ ਚੈਂਪੀਅਨ ਬਣਨ ਦਾ ਵੱਡਾ ਜਸ ਖੱਟਿਆ ਹੈ। ਇਸ ਜਿੱਤ ਤੋਂ ਪਹਿਲਾਂ ਭਾਰਤੀ ਟੀਮ 1979 ’ਚ ਇਸ ਵਕਾਰੀ ਥਾਮਸ ਕੱਪ ਮੁਕਾਬਲੇ ਦਾ ਸੈਮੀਫਾਈਨਲ ਖੇਡਣ ਤਕ ਦਾ ਸਫ਼ਰ ਤੈਅ ਕਰ ਚੁੱਕੀ ਹੈ, ਜਿਸ ’ਚ ਇੰਡੀਅਨ ਸ਼ਟਲਰ ਟੀਮ ਨੂੰ ਡੈਨਮਾਰਕ ਦੇ ਖਿਡਾਰੀਆਂ ਤੋਂ 7-2 ਨਾਲ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਸਾਲ-2021’ਚ ਵੀ ਇੰਡੀਅਨ ਟੀਮ ਥਾਮਸ ਕੱਪ ਟੂਰਨਾਮੈਂਟ ’ਚ ਕੁਆਟਰਫਾਈਨਲ ਤਕ ਪਹੁੰਚੀ ਸੀ, ਜਿਸ ’ਚ ਡੈਨਮਾਰਕ ਵੱਲੋਂ ਭਾਰਤੀ ਟੀਮ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਖੇਡਣ ਦਾ ਰਾਹ ਰੋਕ ਦਿੱਤਾ ਗਿਆ ਸੀ। ਦੂਜੇ ਪਾਸੇ ਇੰਡੋਨੇਸ਼ੀਅਨ ਪੁਰਸ਼ ਟੀਮ ਇਸ ਤਾਜ਼ਾ ਹਾਰ ਤੋਂ ਪਹਿਲਾਂ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ 14 ਵਾਰ ਜਿੱਤਣ ਸਦਕਾ ਚੈਂਪੀਅਨ ਨਾਮਜ਼ਦ ਹੋ ਚੁੱਕੀ ਹੈ। ਬੈਂਕਾਕ ਦੇ ਬੈਡਮਿੰਟਨ ਕੋਰਟ ’ਤੇ ਖੇਡਿਆ ਗਿਆ ਥਾਮਸ ਕੱਪ ਬੈਡਮਿੰਟਨ ਮੁਕਾਬਲੇ ਦਾ 32ਵਾਂ ਅਡੀਸ਼ਨ ਸੀ, ਜਿਸ ’ਚ ਚੈਂਪੀਅਨ ਨਾਮਜ਼ਦ ਹੁੰਦਿਆਂ ਭਾਰਤੀ ਸ਼ਟਲਰਾਂ ਲਕਸ਼ਯ ਸੇਨ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਸਿੰਗਲਜ਼ ਵਰਗ ਅਤੇ ਚਿਰਾਗ਼ ਸ਼ੈਟੀ ਤੇ ਸਾਤਵਿਕਸਾਈਰਾਜ ਰੰਕੀਰੈਡੀ ਦੀ ਪੁਰਸ਼ ਡਬਲਜ਼ ਜੋੜੀ ਨੇ ਇਸ ਵਕਾਰੀ ਬੈਡਮਿੰਟਨ ਟੂਰਨਾਮੈਂਟ ਦੀ ਜਿੱਤ ’ਤੇ ਪਹਿਲੀ ਵਾਰ ਆਪਣੇ ਨਾਮ ਦੀ ਮੋਹਰ ਲਾਈ ਹੈ।
ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਖੇਡੇ ਗਏ ਥਾਮਸ ਕੱਪ ਟੂਰਨਾਮੈਂਟ ’ਚ ਲਕਸ਼ਯ ਸੇਨ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਆਪਣੇ-ਆਪਣੇ ਸਿੰਗਲਜ਼ ਮੈਚਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਦਕਿ ਦੁਨੀਆਂ ’ਚ 8ਵੇਂ ਰੈਂਕ ’ਤੇ ਬਿਰਾਜਮਾਨ ਚਿਰਾਗ਼ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਦੀ ਮਾਣਮੱਤੀ ਜੋੜੀ ਨੂੰ ਡਬਲਜ਼ ਮੁਕਾਬਲਾ ਜਿੱਤਣ ਦਾ ਹੱਕ ਹਾਸਲ ਹੋਇਆ ਹੈ। ਵਿਸ਼ਵ ਚੈਂਪੀਅਨਸ਼ਿਪ ’ਚ ਤਾਂਬੇ ਦਾ ਤਗਮਾ ਜੇਤੂ ਤੇ ਦੁਨੀਆ ’ਚ 9ਵੀਂ ਰੈਂਕਿੰਗ ’ਤੇ ਕਾਬਜ਼ 20 ਸਾਲਾ ਲਕਸ਼ਯ ਸੇਨ ਨੇ ਵਿਸ਼ਵ ਰੈਂਕਿੰਗ ’ਚ 5ਵੇਂ ਪਾਏਦਾਨ ’ਤੇ ਬਿਰਾਜਮਾਨ ਅੰਥੋਨੀ ਸਿਨਸੁਕਾ ਨੂੰ 8-21, 21-17, 21-16 ਨਾਲ ਹਰਾਉਣ ’ਚ ਸਫਲਤਾ ਹਾਸਲ ਕਰਨ ’ਚ 1 ਘੰਟਾ 5 ਮਿੰਟ ਦਾ ਸਮਾਂ ਲੱਗਿਆ।
ਇੰਡੀਆ ਦੇ ਦੂਜੇ ਸਿੰਗਲਜ਼ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਏਸ਼ੀਅਨ ਗੋਲਡ ਮੈਡਲਿਸਟ ਜੋਨਾਥਨ ਿਸਟੀ ਨੂੰ ਹਰਾਉਣ ਲਈ 48 ਮਿੰਟ ਦਾ ਸਮਾਂ ਲਿਆ, ਜਿਸ ’ਚ ਕਿਦਾਂਬੀ ਨੇ ਜੋਨਾਥਨ ਨੂੰ ਸਿੱਧੇ ਸੈੱਟਾਂ ’ਚ 21-15 ਤੇ 23-21 ਨਾਲ ਹਰਾਉਣ ’ਚ ਕਾਮਯਾਬੀ ਹਾਸਲ ਕਰ ਕੇ ਜਿੱਤ ਦਾ ਝੰਡਾ ਗੱਡਿਆ ਹੈ। 29 ਸਾਲਾ ਕਿਦਾਂਬੀ ਸ਼੍ਰੀਕਾਂਤ ਵੱਲੋਂ ਥਾਮਸ ਕੱਪ ਮੁਕਾਬਲੇ ਦੌਰਾਨ ਖੇਡੇ ਗਏ ਸਾਰੇ 6 ਮੈਚਾਂ ’ਚ ਜਿੱਤ ਹਾਸਲ ਕਰਨ ਸਦਕਾ ਉਹ ਇਸ ਟੂਰਨਾਮੈਂਟ ’ਚ ਸਭ ਤੋਂ ਸਫਲ ਖਿਡਾਰੀ ਆਂਕੇ ਗਏ। ਇਸੇ ਤਰ੍ਹਾਂ ਡਬਲਜ਼ ਮੁਕਾਬਲੇ ’ਚ ਸੰਸਾਰ ਰੈਂਕਿੰਗ ’ਚ 8ਵੇਂ ਨੰਬਰ ’ਤੇ ਕਾਬਜ਼ ਇੰਡੀਅਨ ਜੋੜੀ ਚਿਰਾਗ਼ ਸ਼ੈਟੀ ਤੇ ਸਾਤਵਿਕਸਾਈਰਾਜ ਰੰਕੀਰੈਡੀ ਨੇ ਮੁਹੰਮਦ ਅਹਿਸਾਨ ਤੇ ਕੇਵਿਨ ਸੰਜਾਯਾ ਨੂੰ 1 ਘੰਟੇ 13 ਮਿੰਟ ਦੀ ਕਰੜੀ ਮੁਸ਼ੱਕਤ ਅਤੇ ਪਹਿਲਾ ਸੈੱਟ 18-21 ਨਾਲ ਗਵਾਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਦੂਜੇ ਦੋ ਸੈੱਟ 23-21 ਤੇ 21-19 ਨਾਲ ਜਿੱਤਣ ਸਦਕਾ ਥਾਮਸ ਕੱਪ ’ਚ ਪਲੇਠੀ ਜਿੱਤ ਦਾ ਇਤਿਹਾਸ ਸਿਰਜਿਆ ਹੈ।
ਇੰਡੀਅਨ ਬੈਡਮਿੰਟਨ ਟੀਮ ਨੇ ਗਰੁੱਪ ਰਾਊਂਡਜ਼ ’ਚ ਖੇਡੇ ਗਏ 3 ਮੈਚਾਂ ’ਚੋਂ 2 ’ਚ ਜਿੱਤ ਦਰਜ ਕੀਤੀ ਤੇ ਇਕ ਮੈਚ ’ਚ ਅਸਫਲਤਾ ਹੱਥ ਲੱਗੀ ਸੀ। ਭਾਰਤੀ ਖਿਡਾਰੀਆਂ ਨੇ ਕੈਨੇਡਾ ਤੇ ਜਰਮਨੀ ਦੇ ਸ਼ਟਲਰਾਂ ਨੂੰ ਕਰਮਵਾਰ 5-0 ਨਾਲ ਮਾਤ ਦਿੱਤੀ ਸੀ ਜਦਕਿ ਤਾਇਵਾਨ ਨਾਲ ਖੇਡੇ ਮੈਚ ’ਚ 3-2 ਨਾਲ ਟੀਮ ਦੇ ਪੱਲੇ ਹਾਰ ਪਈ ਸੀ। ਗਰੁੱਪ ਮੈਚਾਂ ’ਚ ਜਿੱਤ ਹਾਸਲ ਕਰ ਕੇ ਭਾਰਤੀ ਖਿਡਾਰੀਆਂ ਨੇ ਕੁਆਟਰਫਾਈਨਲ ਖੇਡਣ ਦਾ ਰਾਹ ਪੱਧਰਾ ਕੀਤਾ। ਇਸ ਦੌਰਾਨ ਇੰਡੀਅਨ ਸ਼ਟਲਰਾਂ ਵਲੋਂ 5 ਵਾਰ ਥਾਮਸ ਕੱਪ ਟੂਰਨਾਮੈਂਟ ਜਿੱਤ ਚੁੱਕੇ ਮਲੇਸ਼ੀਆਈ ਖਿਡਾਰੀਆਂ ’ਤੇ ਹਰਾ ਕੇ ਸੈਮੀਫਾਈਨਲ ਖੇਡਣ ਦੀ ਉਡਾਣ ਭਰੀ ਗਈ। ਇਸ ਜਿੱਤ ਤੋਂ ਬਾਅਦ ਹੌਸਲੇ ਤੇ ਆਤਮ-ਵਿਸ਼ਵਾਸ ਨਾਲ ਭਰੇ ਸ਼ਟਲਰਾਂ ਵੱਲੋਂ ਸਾਲ-2016 ’ਚ ਥਾਮਸ ਕੱਪ ਮੁਕਾਬਲੇ ’ਚ ਚੈਂਪੀਅਨ ਨਾਮਜ਼ਦ ਹੋਈ ਡੈਨਮਾਰਕ ਦੇ ਸ਼ਟਲਰਾਂ ਦਾ ਜੇਤੂ ਸੁਪਨਾ ਤੋੜਦੇ ਹੋਏ ਪਹਿਲੀ ਵਾਰ ਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ ਗਈ।
ਇਸ ਵਾਰ ਥਾਮਸ ਕੱਪ ਟੂਰਨਾਮੈਂਟ ਖੇਡਣ ਵਾਲੀ ਪੁਰਸ਼ ਸ਼ਟਲਰ ਟੀਮ ਦੀ ਟਰਾਇਲਾਂ ਤੋਂ ਬਾਅਦ ਸਿਲੈਕਸ਼ਨ ਕੀਤੀ ਗਈ ਸੀ। ਇਸੇ ਦਾ ਸਿੱਟਾ ਰਿਹਾ ਹੈ ਕਿ ਥਾਮਸ ਕੱਪ ਮੁਕਾਬਲੇ ’ਚ ਚੈਂਪੀਅਨ ਰਹੀ ਇਸ ਨਰੋਈ ਬੈਡਮਿੰਟਨ ਟੀਮ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਪਹਿਲੀ ਵਾਰ ਚੈਂਪੀਅਨ ਨਾਮਜ਼ਦ ਹੋਣ ਦਾ ਕਰਿਸ਼ਮਾ ਕੀਤਾ ਗਿਆ ਹੈ। ਜੇਤੂ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਅਹਿਮ ਇਹ ਰਿਹਾ ਕਿ ਕੋਈ ਵੀ ਨਿੱਜੀ ਭਾਵ ਸੈਲਫ ਭਾਵਨਾ ਨਾਲ ਨਹੀਂ ਖੇਡਿਆ। ਸੈਮੀਫਾਈਨਲ ’ਚ ਪ੍ਰਣਬ ਅੱਡੀ ’ਚ ਇੰਜਰੀ ਦੇ ਬਾਵਜੂਦ ਮੈਦਾਨ ’ਚ ਨਿੱਤਰਿਆ ਤੇ ਟੀਮ ਨੂੰ ਜਿੱਤ ਦੀਆਂ ਬਰੂਹਾਂ ’ਤੇ ਪਹੁੰਚਾਇਆ। ਇਹੋ ਕਰਿਸ਼ਮਾ ਸ਼ਟਲਰ ਪ੍ਰਣਬ ਵੱਲੋਂ ਕੁਆਟਰਫਾਈਨਲ ਮੈਚ ’ਚ ਕੀਤਾ ਗਿਆ ਸੀ। ਇਸ ਤੋਂ ਸਿੰਗਲਜ਼ ਖੇਡਣ ਵਾਲੇ ਸ਼ਟਲਰ ਤਾਂ ਪਿਛਲੇ ਕੁੱਝ ਸਮੇਂ ਤੋਂ ਆਪਣੀ ਖੇਡ ਨਾਲ ਦਰਸ਼ਕਾਂ ਨੂੰ ਕਾਇਲ ਕਰ ਹੀ ਰਹੇ ਸਨ।
ਹੁਣ ਡਬਲਜ਼ ’ਚ ਖਿਡਾਰੀਆਂ ਨੇ ਡੰਕੇ ਦੀ ਚੋਟ ’ਤੇ ਥਾਮਸ ਕੱਪ ਟੂਰਨਾਮੈਂਟ ’ਚ ਜਿੱਤ ਦਰਜ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਕਿਸੇ ਵੀ ਵਿਸ਼ਵ-ਵਿਆਪੀ ਬੈਡਮਿੰਟਨ ਮੁਕਾਬਲੇ ’ਚ ਅੱਵਲ ਦਰਜੇ ਦੀ ਖੇਡ ਖੇਡਣ ਦੇ ਮਾਲਕ ਬਣ ਚੁੱਕੇ ਹਨ। ਸਿੰਗਲਜ਼ ਖੇਡਣ ਵਾਲੇ ਲਕਸ਼ਯ ਸੇਨ ਖੇਡ ਦੌਰਾਨ ਪਹਿਲਾਂ ਨਰਵਸ ਜ਼ਰੂਰ ਨਜ਼ਰ ਆ ਰਹੇ ਸਨ ਪਰ ਇਸ ਦੇ ਬਾਵਜੂਦ ਉਸ ਨੇ ਕੋਈ ਜਲਦਬਾਜ਼ੀ ਨਾ ਕਰਦਿਆਂ ਫਾਈਨਲ ’ਚ ਆਪਣੇ ਵਿਰੋਧੀ ਅੰਥੋਨੀ ਸਿਨਸੁਕਾ ਵੱਲੋਂ ਕੀਤੀਆਂ ਗ਼ਲਤੀਆਂ ਦਾ ਲਾਹਾ ਲੈਂਦਿਆਂ ਮੈਚ ’ਤੇ ਆਪਣੀ ਪਕੜ ਮਜ਼ਬੂਤ ਕਰਦਿਆਂ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਗਰਾਸ ਰੂਟ ਦੇ ਖਿਡਾਰੀਆਂ ਨੂੰ ਹੋਰ ਵੀ ਜ਼ਿਆਦਾ ਪ੍ਰੇਰਨਾ ਇਸ ਕਰਕੇ ਮਿਲੇਗੀ ਕਿਉਂਕਿ ਇੰਡੀਅਨ ਸ਼ਟਲਰਾਂ ਨੇ ਥਾਮਸ ਕੱਪ ਟੂਰਨਾਮੈਂਟ ’ਚ 14 ਵਾਰ ਚੈਂਪੀਅਨ ਨਾਮਜ਼ਦ ਰਹੀ ਇੰਡੋਨੇਸ਼ੀਆ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਖਿਤਾਬ ’ਤੇ ਆਪਣਾ ਅਧਿਕਾਰ ਜਮਾਇਆ ਹੈ।
ਸ਼ਟਲਰ ਕਿਦਾਂਬੀ ਸ਼ੀ੍ਰਕਾਂਤ
ਹੈਦਰਾਬਾਦ ’ਚ ਸਥਿਤ ਗੋਪੀ ਚੰਦ ਪੁਲੇਲਾ ਬੈਡਮਿੰਟਨ ਅਕਾਡਮੀ ਦੇ ਟਰੇਨਰ ਕਿਦਾਂਬੀ ਸ਼੍ਰੀਕਾਂਤ ਦਾ ਜਨਮ 7 ਫਰਵਰੀ, 1993 ’ਚ ਹੋਇਆ। ਆਧਰਾ ਪ੍ਰਦੇਸ਼ ’ਚ ਲੈਂਡਲਾਰਡ ਪਿਤਾ ਕੇਵੀਐਸ ਿਸ਼ਨਾ ਦੇ ਗ੍ਰਹਿ ਵਿਖੇ ਮਾਤਾ ਰਾਧਾ ਦੀ ਕੁੱਖੋਂ ਜਨਮੇ ਕਿਦਾਂਬੀ ਸ਼੍ਰੀਕਾਂਤ ਦਾ ਵੱਡਾ ਭਰਾ ਕੇ ਨੰਦਾਗੋਪਾਲ ਵੀ ਨੈਸ਼ਨਲ ਬੈਡਮਿੰਟਨ ਖਿਡਾਰੀ ਹੈ। ਅਪਰੈਲ-2018 ਬੀਡਬਲਿਓਐਫ ਰੈਂਕਿੰਗ ’ਚ ਨੰਬਰ-1 ’ਤੇ ਬਿਰਾਜਮਾਨ ਰਹਿ ਚੁੱਕੇ ਕਿਦਾਂਬੀ ਸ਼੍ਰੀਕਾਂਤ ਇਸ ਸਮੇਂ 26 ਅਪਰੈਲ, 2022 ’ਚ ਬੀਡਬਲਿਓਐੱਫ ’ਚ ਕਰੰਟ ਰੈਂਕਿੰਗ ਨੰਬਰ-11 ਹੈ। ਬੈਡਮਿੰਟਨ ਕਰੀਅਰ ’ਚ 271 ਜਿੱਤਾਂ ਹਾਸਲ ਕਰਨ ਵਾਲੇ ਕਿਦਾਂਬੀ ਨੂੰ 146 ਮੈਚਾਂ ’ਚ ਹਾਰਾਂ ਨਾਲ ਵੀ ਦੋ-ਚਾਰ ਹੋਣਾ ਪਿਆ ਹੈ। ਕਿਦਾਂਬੀ ਦੀ ਦੇਸ਼ ਨੂੰ ਦਿੱਤੀਆਂ ਖੇਡ ਸੇਵਾਵਾਂ ਕਰਕੇ ਸਾਲ-2015 ’ਚ ‘ਅਰਜੁਨਾ ਅਵਾਰਡ’ ਅਤੇ ਸਾਲ-2018 ’ਚ ‘ਪਦਮਸ਼੍ਰੀ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ। ਕਰੀਅਰ ਦੇ ਆਗਾਜ਼ ’ਚ ਡਗਲਸ-2011 ’ਚ ਖੇਡੀ ਗਈ ਯੂਥ ਕਾਮਨਵੈਲਥ ਗੇਮਜ਼ ’ਚ ਮਿਕਸਡ ਡਬਲਜ਼ ’ਚ ਸਿਲਵਰ ਅਤੇ ਪੁਰਸ਼ ਡਬਲਜ਼ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੇ ਕਿਦਾਂਬੀ ਨੇ ਇਸੇ ਸਾਲ ਲਖਨਊ ’ਚ ਖੇਡੀ ਗਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ’ਚ ਪੁਰਸ਼ ਡਬਲਜ਼ ਟੀਮ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ। ਲਾਸਾਨੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੇਸ਼ ਦਾ ਪਹਿਲਾ ਸ਼ਟਲਰ ਹੈ, ਜਿਸ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਫਾਈਨਲ ਖੇਡਣ ਦਾ ਹੱਕ ਹਾਸਲ ਹੋਣ ਤੋਂ ਬਾਅਦ ਸਿਲਵਰ ਮੈਡਲ ਜਿੱਤਣ ਦਾ ਕਮਾਲ ਕੀਤਾ ਹੈ। 2016 ’ਚ ਹੈਦਰਾਬਾਦ ਦੇ ਘਰੇਲੂ ਮੈਦਾਨ ’ਤੇ ਖੇਡੀ ਗਈ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ’ਚ ਤਾਂਬੇ ਦਾ ਤਗਮਾ ਹਾਸਲ ਕਰਨ ਵਾਲੇ ਕਿਦਾਂਬੀ ਸ਼੍ਰੀਕਾਂਤ ਨੂੰ ਮਨੀਲਾ-2020 ’ਚ ਖੇਡੇ ਗਏ ਇਸੇ ਟੂਰਨਾਮੈਂਟ ਦੇ ਪੁਰਸ਼ ਡਬਲਜ਼ ’ਚ ਇਕ ਵਾਰ ਤਾਂਬੇ ਦੇ ਤਗਮੇ ਨਾਲ ਸਬਰ ਕਰਨਾ ਪਿਆ। ਰਾਸ਼ਟਰਮੰਡਲ ਖੇਡਾਂ ਗੋਲਡਕੋਸਟ-2018 ’ਚ ਕਿਦਾਂਬੀ ਵਲੋਂ ਮਿਕਸਡ ਟੀਮ ’ਚ ਗੋਲਡ ਮੈਡਲ ਤੇ ਸਿੰਗਲਜ਼ ’ਚ ਸਿਲਵਰ ਮੈਡਲ ਜਿੱਤਣ ਦਾ ਇਤਿਹਾਸ ਰਚਿਆ ਗਿਆ। ਇਸ ਤੋਂ ਇਲਾਵਾ ਕਿਦਾਂਬੀ ਸ਼੍ਰੀਕਾਂਤ ਵਲੋਂ ਸਾਊਥ ਏਸ਼ੀਅਨ ਗੇਮਜ਼ ਗੁਹਾਟੀ-2016 ’ਚ ਪੁਰਸ਼ ਡਬਲਜ਼ ’ਚ ਗੋਲਡ ਮੈਡਲ ਤੇ ਕਾਠਮਾਂਡੂ-2017 ਸਾਊਥ ਏਸ਼ੀਅਨ ਗੇਮਜ਼ ’ਚ ਪੁਰਸ਼ ਡਬਲਜ਼ ’ਚ ਦੂਜੀ ਵਾਰ ਗੋਲਡ ਮੈਡਲ ਜਿੱਤਣ ਦਾ ਹੱਕ ਹਾਸਲ ਹੋਇਆ। ਰਾਈਟ ਹੈਂਡਿਡ ਕਿਦਾਂਬੀ ਸ਼੍ਰੀਕਾਂਤ ਨੂੰ ਆਪਣੇ ਟਰੇਨਰ ਪੁਲੇਲਾ ਗੋਪੀ ਚੰਦ ਦੀ ਟਰੇਨੀ ਤੋਂ ਬਹੁਤ ਉਮੀਦਾਂ ਹਨ, ਜਿਨ੍ਹਾਂ ਦੀ ਰਹਿਨੁਮਾਈ ਅਧੀਨ ਕਿਦਾਂਬੀ ਸ਼ਟਿਗ ਦੇ ਖੇਤਰ ’ਚ ਰੋਜ਼ਾਨਾ ਨਵੀਆਂ ਮੰਜ਼ਿਲਾਂ ’ਤੇ ਚੜ੍ਹ ਰਿਹਾ ਹੈ।
ਸ਼ਟਲਰ ਲਕਸ਼ਯ ਸੇਨ
ਇਸ ਸਾਲ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ-2022 ’ਚ ਚੈਂਪੀਅਨ ਬਣਨ ਸਦਕਾ ਵੱਡਾ ਧਮਾਕਾ ਕਰਨ ਵਾਲੇ ਰਾਈਟ ਹੈਂਡਿਡ ਸ਼ਟਲਰ ਲਕਸ਼ਯ ਸੇਨ ਜਨਮ 16 ਅਗਸਤ, 2001 ’ਚ ਉੱਤਰਾਖੰਡ ਦੇ ਸ਼ਹਿਰ ਅਲਮੋੜਾ ’ਚ ਇੰਡੀਅਨ ਬੈਡਮਿੰਟਨ ਕੋਚ ਡੀਕੇ ਸੇਨ ਦੇ ਗ੍ਰਹਿ ਵਿਖੇ ਹੋਇਆ। ਲਕਸ਼ਯ ਸੇਨ ਦਾ ਇਕੋ-ਇਕ ਭਰਾ ਚਿਰਾਗ਼ ਸੇਨ ਵੀ ਕੌਮਾਂਤਰੀ ਬੈਡਮਿੰਟਨ ਪਲੇਅਰ ਹੈ। 20 ਸਾਲਾ ਲਕਸ਼ਯ ਸੇਨ ਦੇ ਮੁੱਖ ਸਿਖਲਾਇਰ ਦਾ ਨਾਮ ਯੂ ਯੋਂਗ-ਸੁੰਗ ਹੈ। ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਦੇ ਸਿੰਗਲਜ਼ ਵਰਗ ’ਚ ਗੋਲਡ ਮੈਡਲ ਜੇਤੂ ਲਕਸ਼ਯ ਦੀ ਬੀਡਬਲਿਓਐਫ ਵੱਲੋਂ ਹਾਈਹੈਸਟ ਰੈਂਕਿੰਗ 22 ਮਾਰਚ, 2022 ’ਚ ਨੰਬਰ-9 ਆਂਕੀ ਗਈ ਸੀ। ਸੇਨ ਨੇ ਖੇਡ ਕਰੀਅਰ ’ਚ 10 ਸ਼ਟਿਗ ਟਾਈਟਲ ਜਿੱਤਣ ਦਾ ਕਰਿਸ਼ਮਾ ਕੀਤਾ ਹੈ, ਜਿਸ ’ਚ ਸੇਨ ਵੱਲੋਂ 2021 ’ਚ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ’ਚ ਸਿੰਗਲਜ਼ ਵਰਗ ’ਚ ਜਿੱਤਿਆ ਤਾਂਬੇ ਦਾ ਤਗਮਾ ਤੇ ਇਸ ਸਾਲ ਆਲ ਇੰਗਲੈਂਡ ਓਪਨ ’ਚ ਉਪ-ਜੇਤੂ ਭਾਵ ਸਿਲਵਰ ਕੱਪ ਜਿੱਤਣ ਦੇ ਖਿਤਾਬ ਸ਼ਾਮਲ ਹਨ। ਏਸ਼ੀਅਨ ਟੀਮ ਚੈਂਪੀਅਨਸ਼ਿਪ, ਮਨੀਲਾ-2020 ’ਚ ਪੁਰਸ਼ ਡਲਬਜ਼ ਤਾਂਬੇ ਦਾ ਤਗਮਾ ਜਿੱਤਣ ਵਾਲੇ ਸੇਨ ਲਕਸ਼ਯ ਨੂੰ ਯੂਥ ਓਲੰਪੀਕਸ ਗੇਮਜ਼ ਬਿਊਨਿਸ ਏਰੀਅਸ-2018 ’ਚ ਪੁਰਸ਼ ਡਬਲਜ਼ ਟੀਮ ’ਚ ਚਾਂਦੀ ਦਾ ਤਗਮਾ ਜਿੱਤਣ ਦਾ ਐਜਾਜ਼ ਹਾਸਲ ਹੋਇਆ ਹੈ। ਸਾਲ-2018 ’ਚ ਜਕਾਰਤਾ ’ਚ ਖੇਡੀ ਗਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਸਿੰਗਲਜ਼ ਵਰਗ ਅਤੇ ਇਸੇ ਸਾਲ ਯੂਥ ਓਲੰਪਿਕ ਗੇਮਜ਼, ਬਿਊਨਿਸ ਏਰੀਅਸ ’ਚ ਕਰਮਵਾਰ ਗੋਲਡ ਮੈਡਲ ਹਾਸਲ ਕਰਨ ਵਾਲੇ ਲਕਸ਼ਯ ਸੇਨ ਨੂੰ ਬੈਂਕਾਕ-2016 ’ਚ ਖੇਡੀ ਗਈ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ’ਚ ਤਾਂਬੇ ਦਾ ਤਗਮਾ ਜਿੱਤਣ ਦਾ ਹੱਕ ਹਾਸਲ ਹੋਇਆ ਹੈ। ਥਾਮਸ ਕੱਪ ਟੂਰਨਾਮੈਂਟ ਜਿੱਤਣ ਵਾਲੇ ਦੇਸ਼ ਦੇ ਮੋਹਰੀ 20 ਸਾਲਾ ਸ਼ਟਲਰ ਲਕਸ਼ਯ ਸੇਨ ਨੇ ਹੁਲੇਵਾ-2021 ’ਚ ਖੇਡੀ ਗਈ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸਿੰਗਲਜ਼ ਵਰਗ ’ਚ ਅਤੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਮਾਰਖਮ-2018 ’ਚ ਪੁਰਸ਼ ਡਬਲਜ਼ ਵਰਗ ’ਚ ਕਰਮਵਾਰ ਤਾਂਬੇ ਦੇ ਤਗਮੇ ਜਿੱਤਣ ਦਾ ਕਮਾਲ ਕੀਤਾ ਹੈ।
ਡਬਲਜ਼ ਸ਼ਟਲਰ ਚਿਰਾਗ਼ ਸ਼ੈਟੀ
ਚਿਰਾਗ਼ ਸ਼ੈਟੀ ਦਾ ਜਨਮ 4 ਜੁਲਾਈ, 1997 ’ਚ ਫਿਲਮ ਨਗਰੀ ਮੁੰਬਈ ’ਚ ਹੋਇਆ। ਸ਼ੈਟੀ ਦਾ ਪੂਰਾ ਨਾਮ ਚਿਰਾਗ਼ ਚੰਦਰਸ਼ੇਖਰ ਸ਼ੈਟੀ ਹੈ। ਥਾਮਸ ਕੱਪ ਬੈਡਮਿੰਟਨ ਮੁਕਾਬਲੇ ’ਚ ਚੈਂਪੀਅਨ ਨਾਮਜ਼ਦ ਹੋਣ ਵਾਲੇ ਸ਼ਟਲਰ ਚਿਰਾਗ ਸ਼ੈਟੀ ਤੇ ਸਾਤਵਿਕਸਾਈਰਾਜ ਰੰਕੀਰੈਡੀ ਦੀ ਜੋੜੀ ਪੁਰਸ਼ ਡਬਲਜ਼ ਵਰਗ ਦੇ ਬੀਡਬਲਿਓਐੱਫ ਦੇ ਟਾਪ 10 ਕਲੱਬ ’ਚ ਵਿਸ਼ਵ ਰੈਂਕਿੰਗ ’ਚ 12 ਨਵੰਬਰ, 2019 ਤੋਂ 7ਵੇਂ ਪਾਏਦਾਨ ’ਤੇ ਬਿਰਾਜਮਾਨ ਹੈ। ਥਾਮਸ ਕੱਪ ਜਿੱਤਣ ਤੋਂ ਬਾਅਦ ਵੀ ਇਸ ਚਿਰਾਗ਼ ਤੇ ਰੰਕੀਰੈਡੀ ਦੀ ਡਬਲਜ਼ ਸ਼ਟਲਰ ਜੋੜੀ ਬੀਡਬਲਿਓਐੱਫ ਦੀ ਮੌਜੂਦਾ ਰੈਂਕਿੰਗ ’ਚ 7ਵੇਂ ਨੰਬਰ ’ਤੇ ਟਿਕੀ ਹੋਈ ਹੈ।
ਟੋਕੀਓ ਓਲੰਪਿਕ-2020 ’ਚ ਗਰੁੱਪ ਸਟੇਜ ’ਚ ਮਾਰਕਸ ਫਰਨਾਲਡੀ ਤੇ ਕੇਵਿਨ ਸੰਜਾਯਾ ਤੋਂ ਮੈਚ ਹਾਰਨ ਸਦਕਾ ਕੁਆਟਰਫਾਈਨਲ ’ਚ ਜਾਣ ਦੀ ਰੇਸ ਤੋਂ ਬਾਹਰ ਹੋ ਗਈ ਸੀ। ਰਾਸ਼ਟਰਮੰਡਲ ਖੇਡਾਂ ਗੋਲਡਕੋਸਟ-2018 ’ਚ ਚਿਰਾਗ਼ ਸ਼ੈਟੀ ਤੇ ਸਾਤਵਿਕ ਸਾਈਰਾਜ ਰੰਕੀਰੈਡੀ ਨੇ ਮਿਕਸਡ ਟੀਮ ਮੁਕਾਬਲੇ ’ਚ ਭਾਰਤ ਨੂੰ ਸੋਨ ਤਗਮਾ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਤੋਂ ਇਲਾਵਾ ਇਸੇ ਟੂਰਨਾਮੈਂਟ ਦੇ ਪੁਰਸ਼ ਡਬਲਜ਼ ’ਚ ਦੋਵੇਂ ਸ਼ਟਲਰਾਂ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਦਾ ਕਰਿਸ਼ਮਾ ਵੀ ਕੀਤਾ ਗਿਆ। ਇਨ੍ਹਾਂ ਖੇਡਾਂ ਤੋਂ ਇਕ ਸਾਲ ਬਾਅਦ ਸੁਪਰ ਸੀਰੀਜ਼ (ਵਰਲਡ ਟੂਰ-ਸੁਪਰ 500+) ਖਿਤਾਬ ਜਿੱਤਣ ਵਾਲੀ ਚਿਰਾਗ਼ ਤੇ ਰੰਕੀਰੈਡੀ ਪਹਿਲੀ ਭਾਰਤੀ ਡਬਲਜ਼ ਜੋੜੀ ਨਾਮਜ਼ਦ ਹੋਈ ਹੈ। ਇਸ ਮੁਕਾਬਲੇ ਤੋਂ ਬਾਅਦ ਉਨ੍ਹਾਂ ਵਲੋਂ ਚੀਨ ਦੀ ਜੋੜੀ ਲੀ ਜੁਨਹੂਈ ਅਤੇ ਲਿਊ ਯੂਚੇਨ ਨੂੰ ਹਰਾ ਕੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਗਿਆ।
ਸਾਲ-2019 ’ਚ ਖੇਡੇ ਗਏ ਫਰੈਂਚ ਓਪਨ ਮੁਕਾਬਲੇ ’ਚ ਚਿਰਾਗ਼ ਤੇ ਰੰਕੀਰੈਡੀ ਨੂੰ ਉਪ-ਜੇਤੂ ਰਹਿਣ ਲਈ ਮਜਬੂਰ ਹੋਣਾ ਪਿਆ। ਇਸ ਟੂਰਨਾਮੈਂਟ ਦੇ ਫਾਈਨਲ ’ਚ ਭਾਰਤੀ ਜੋੜੀ ਨੂੰ ਮਾਰਕਸ ਫਰਨਾਲਡੀ ਗਿਡੀਓਨ ਅਤੇ ਕੇਵਿਨ ਸੰਜਾਯਾ ਦੀ ਇੰਡੋਨੇਸ਼ੀਆਈ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ-2021 ’ਚ ਚਿਰਾਗ਼ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈਡੀ ਦੂਜੇ ਦੌਰ ’ਚ ਇੰਡੋਨੇਸ਼ੀਆਈ ਜੋੜੀ ਮੁਹੰਮਦ ਅਹਿਸਾਨ ਤੇ ਹੈਂਡਰਾ ਸੇਤੀਆਵਾਨ ਹਾਰ ਕੇ ਥਾਈਲੈਂਡ ਓਪਨ ਤੋਂ ਬਾਹਰ ਹੋ ਗਏ। ਦਸੰਬਰ-2021 ’ਚ, ਚਿਰਾਗ਼ ਸ਼ੈਟੀ ਤੇ ਰੰਕੀਰੈਡੀ ਨੇ ਆਪਣੇ ਕਰੀਅਰ ’ਚ ਪਹਿਲੀ ਵਾਰ ਵਰਲਡ ਟੂਰ ਫਾਈਨਲਜ਼ ਖੇਡਣ ਲਈ ਕੁਆਲੀਫਾਈ ਕੀਤਾ ਪਰ ਇਹ ਟੂਰਨਾਮੈਂਟ ਦੇ ਗਰੁੱਪ ਮੈਚ ’ਚ ਡੈਨਮਾਰਕ ਦੀ ਜੋੜੀ ਕਿਮ ਅਸਟ੍ਰਪ ਅਤੇ ਐਂਡਰਸ ਸਕਾਰਪ ਰਾਸਮੁਸੇਨ ਤੋਂ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ।
14 ਵਾਰ ਥਾਮਸ ਕੱਪ ਜਿੱਤਣ ਵਾਲੀ ਟੀਮ ਇੰਡੋਨੇਸ਼ੀਆ
ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਆਗ਼ਾਜ਼ ਇਸ ਦੇ ਫਾਊਂਡਰ ਜੋਰਜ ਐਲਨ ਥੋਮਸ ਦੀ ਯਾਦ ’ਚ 1949 ’ਚ ਕੀਤਾ ਗਿਆ ਸੀ। ਇਸ ਟੂਰਨਾਮੈਂਟ ’ਚ ਦੁਨੀਆ ਦੇ 16 ਦੇਸ਼ਾਂ ਦੀਆਂ ਪੁਰਸ਼ ਟੀਮਾਂ ਬੈਡਮਿੰਟਨ ਕੋਰਟ ’ਚ ਖ਼ੂਨ-ਪਸੀਨਾ ਇਕ ਕਰਦੀਆਂ ਹਨ। ਇੰਡੋਨੇਸ਼ੀਆ ਟੀਮ ਨੇ ਥਾਮਸ ਕੱਪ ਟੂਰਨਾਮੈਂਟ ਨੂੰ ਸਭ ਤੋਂ ਜ਼ਿਆਦਾ 14 ਵਾਰ ਜਿੱਤਣ ਦਾ ਕਰਿਸ਼ਮਾ ਕੀਤਾ ਹੈ। ਇੰਡੋਨੇਸ਼ੀਆ ਦੁਨੀਆ ਦੀ ਨੰਬਰ-1 ਟੀਮ ਹੈ। ਚੀਨ ਨੇ ਥਾਮਸ ਕੱਪ ਮੁਕਾਬਲੇ ’ਚ 10 ਚੈਂਪੀਅਨ ਬਣਨ ਸਦਕਾ ਦੂਜਾ ਅਤੇ ਮਲੇਸ਼ੀਆ ਦੇ ਖਿਡਾਰੀਆਂ ਨੇ 5 ਵਾਰ ਜਿੱਤ ਹਾਸਲ ਕਰ ਕੇ ਤੀਜਾ ਪਾਏਦਾਨ ਹਾਸਲ ਕੀਤਾ ਹੋਇਆ ਹੈ।
ਡਬਲਜ਼ ਸ਼ਟਲਰ ਸਾਤਵਿਕਸਾਈਰਾਜ ਰੰਕੀਰੈਡੀ
ਆਂਧਰਾ ਪ੍ਰਦੇਸ ਦੇ ਅਮਲਾਪੁਰਮ ਨਾਮਕ ਕਸਬੇ ’ਚ 13 ਅਗਸਤ, 2000 ’ਚ ਜਨਮੇ ਰੰਕੀਰੈੱਡੀ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਬੈਡਮਿੰਟਨ ਖੇਡਣ ਦੀ ਸ਼ੁਰੂਆਤ ਕੀਤੀ। ਰੰਕੀਰੈਡੀ ਦਾ ਪਿਤਾ ਤੇ ਵੱਡਾ ਭਰਾ ਸਟੇਟ ਲੈਵਲ ਦੇ ਨੈਸ਼ਨਲ ਬੈਡਮਿੰਟਨ ਖਿਡਾਰੀ ਸਨ। ਸਾਲ-2014 ’ਚ ਰੰਕੀਰੈਡੀ ਹੈਦਰਾਬਾਦ ’ਚ ਪੁਲੇਲਾ ਗੋਪੀਚੰਦ ਅਕੈਡਮੀ ’ਚ ਸ਼ਾਮਲ ਹੋਇਆ, ਜਿੱਥੇ ਅਕਾਡਮੀ ਦੇ ਮੁੱਖ ਸਿਖਲਾਇਰ ਗੋਪੀਚੰਦ ਪੁਲੇਲਾ ਦੀ ਸਲਾਹ ਅਨੁਸਾਰ ਡਬਲਜ਼ ਸਪੈਸ਼ਲਿਸਟ ਸ਼ਟਲਰ ਬਣਨ ਦਾ ਫ਼ੈਸਲਾ ਕੀਤਾ।
ਥਾਮਸ ਕੱਪ-2022 ਦੇ ਫਾਈਨਲ ਮੈਚ ’ਚ ਰੈਂਕੀਰੈੱਡੀ ਤੇ ਚਿਰਾਗ਼ ਸ਼ੈਟੀ ਦੀ ਭਾਰਤੀ ਜੋੜੀ ਨੇ ਇੰਡੋਨੇਸ਼ੀਆਈ ਜੋੜੀ ਕੇਵਿਨ ਸੰਜੇ ਅਤੇ ਮੁਹੰਮਦ ਅਹਿਸਾਨ ਤੋਂ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਲਗਨ ਅਤੇ ਦਿ੍ਰੜਤਾ ਨਾਲ ਮੈਚ ’ਚ ਵਾਪਸੀ ਕਰਦਿਆਂ ਦੂਜੇ ਅਤੇ ਤੀਜਾ ਸੈੱਟ ਆਪਣੇ ਨਾਮ ਕਰ ਕੇ ਦੇਸ਼ ਨੂੰ ਇਸ ਵਕਾਰੀ ਬੈਡਮਿੰਟਨ ਟੂਰਨਾਮੈਂਟ ’ਚ ਪਹਿਲੀ ਵਾਰ ਖਿਤਾਬੀ ਜਿੱਤ ਹਾਸਲ ਕਰਵਾਈ। ਇਸ ਮੁਕਾਬਲੇ ਤੋਂ ਪਹਿਲਾਂ ਕੇਵਲ ਪੰਜ ਦੇਸ਼ਾਂ ਇੰਡੋਨੇਸ਼ੀਆ, ਚੀਨ, ਮਲੇਸ਼ੀਆ, ਡੈਨਮਾਰਕ ਤੇ ਜਾਪਾਨ ਨੂੰ ਥਾਮਸ ਕੱਪ ਟੂਰਨਾਮੈਂਟ ਜਿੱਤਣ ਦਾ ਹੱਕ ਹਾਸਲ ਹੋਇਆ ਸੀ ਪਰ ਹੁਣ ਇਨ੍ਹਾਂ ਦੇਸ਼ਾਂ ਦੇ ਕਲੱਬ ’ਚ 6ਵਾਂ ਦੇਸ਼ ਇੰਡੀਆ ਵੀ ਸ਼ਾਮਲ ਹੋ ਗਿਆ ਹੈ।
- ਸੁਖਵਿੰਦਰਜੀਤ ਸਿੰਘ ਮਨੌਲੀ