ਨਵੀਂ ਦਿੱਲੀ (ਜੇਐੱਨਐੱਨ) : ਥਾਈਲੈਂਡ ਓਪਨ ਵਿਚ ਚੈਂਪੀਅਨ ਬਣਨ ਵਾਲੇ ਸੁਮਿਤ ਤੇ ਗੋਵਿੰਦ ਕੁਮਾਰ ਨੂੰ 2022 ਏਸ਼ਿਆਈ ਏਲੀਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੈਮੀਫਾਈਨਲ ਵਿਚ ਹਾਰ ਸਹਿਣੀ ਪਈ। ਗੋਵਿੰਦ (48 ਕਿਲੋਗ੍ਰਾਮ) ਦਾ ਸਾਹਮਣਾ ਕਜ਼ਾਕਿਸਤਾਨ ਦੇ ਸਾਂਝਾਰ ਤਾਸ਼ਕੇਨਬੇ ਨਾਲ ਹੋਇਆ। ਗੋਵਿੰਦ ਨੇ ਮੈਚ ਦੀ ਸ਼ੁਰੂਆਤ ਵਿਚ ਆਪਣੇ ਵਿਰੋਧੀ ਦੇ ਪੰਚ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਨ੍ਹਾਂ ਨੇ ਕਾਊਂਟਰ ਪੰਚ ਰਾਹੀਂ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਉਨ੍ਹਾਂ ਦੀ ਇਹ ਰਣਨੀਤੀ ਜ਼ਿਆਦਾ ਦੇਰ ਤਕ ਕੰਮ ਨਹੀਂ ਆਈ। 2021 ਯੂਥ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਾਲੇ ਸਾਂਝਾਰ ਨੇ ਅਗਲੇ ਦੋ ਗੇੜ ਵਿਚ ਆਪਣਾ ਦਬਦਬਾ ਬਣਾਇਆ ਤੇ ਗੋਵਿੰਦ ਨੂੰ ਹਰਾਇਆ। ਸੁਮਿਤ (75 ਕਿੱਲੋਗ੍ਰਾਮ) ਦਾ ਸਾਹਮਣਾ ਮੌਜੂਦਾ ਏਸ਼ੀਅਨ ਚੈਂਪੀਅਨ ਜੈਫਾਰੋਵ ਸੈਦ ਜਾਮਸ਼ੀਦ ਨਾਲ ਹੋਇਆ ਤੇ ਇਹ ਮੈਚ ਉਨ੍ਹਾਂ ਲਈ ਕਾਫੀ ਸਖ਼ਤ ਰਿਹਾ। ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਖ਼ਿਲਾਫ਼ ਸੁਮਿਤ ਟਿਕ ਨਹੀਂ ਸਕੇ ਤੇ ਉਨ੍ਹਾਂ ਨੂੰ 0-5 ਨਾਲ ਹਾਰ ਸਹਿਣੀ ਪਈ। 2020 ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਲਵਲੀਨਾ ਬੋਰਗੋਹਾਈ ਸਮੇਤ ਪੰਜ ਭਾਰਤੀ ਮਹਿਲਾ ਮੁੱਕੇਬਾਜ਼ ਸ਼ੁੱਕਰਵਾਰ ਨੂੰ ਗੋਲਡ ਜਿੱਤਣ ਲਈ ਆਪਣਾ ਦਮ ਦਿਖਾਉਣਗੇ। ਇਨ੍ਹਾਂ ਵਿਚ 2022 ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਪਰਵੀਨ ਵੀ ਸ਼ਾਮਲ ਹੋਵੇਗੀ।