ਸਰਦਾਰ ਸਿੰਘ ਦਾ ਨਾਂ ਭਾਰਤੀ ਹਾਕੀ ਦੇ ਖੇਤਰ ਵਿਚ ਬੜੇ ਹੀ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਕਿਉਂਕਿ ਉਸ ਨੇ ਏਸ਼ੀਆਈ ਖੇਡਾਂ, ਕਾਮਨਵੈਲਥ ਖੇਡਾਂ ਅਤੇ ਕਈ ਹੋਰ ਕੌਮਾਂਤਰੀ ਮੁਕਾਬਲਿਆਂ ਵਿਚ ਖੇਡਦਿਆਂ ਅਨੇਕਾਂ ਵਾਰ ਸੋਨੇ ਅਤੇ ਚਾਂਦੀ ਦੇ ਤਗ਼ਮੇ ਭਾਰਤ ਦੀ ਝੋਲੀ ਵਿਚ ਪਾਏ ਅਤੇ ਭਾਰਤੀ ਹਾਕੀ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਵਿਚ ਅਹਿਮ ਭੂਮਿਕਾ ਨਿਭਾਈ। ਸਰਦਾਰ ਸਿੰਘ ਦਾ ਜਨਮ 15 ਜੁਲਾਈ 1986 ਨੂੰ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਸੰਤ ਨਗਰ ਵਿਖੇ ਪਿਤਾ ਸ. ਗੁਰਨਾਮ ਸਿੰਘ ਅਤੇ ਮਾਤਾ ਜਸਬੀਰ ਕੌਰ ਦੇ ਕੁਖੋਂ ਹੋਇਆ। ਉਸ ਦਾ ਪੂਰਾ ਨਾਂ ਸਰਦਾਰ ਪੁਰਸਕਾਰ ਸਿੰਘ ਹੈ। ਸਰਦਾਰ ਸਿੰਘ ਨੂੰ ਸਭ ਤੋਂ ਘੱਟ ਉਮਰ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੋਇਆ ਜਦੋਂ ਸੰਨ 2008 ਵਿਚ ਉਸ ਨੇ ਅਜਲਾਨ ਸ਼ਾਹ ਕੱਪ ਟੂਰਨਾਮੈਂਟ ਖੇਡਦਿਆਂ ਭਾਰਤੀ ਟੀਮ ਦੀ ਸਰਦਾਰੀ ਸੰਭਾਲੀ। ਸੈਂਟਰ ਹਾਫ ਦੀ ਜਗ੍ਹਾ ਉਤੇ ਖੇਡਣ ਵਾਲੇ ਚੋਟੀ ਦੇ ਖਿਡਾਰੀਆਂ ਵਿਚ ਉਸਦਾ ਸ਼ੁਮਾਰ ਹੰੁਦਾ ਹੈ।
ਖੇਡ ਦੀ ਸ਼ੁਰੂਆਤ
ਉਸ ਨੇ ਸੰਨ 2003-04 ਦੌਰਾਨ ਪੋਲੈਂਡ ਟੂਰ ’ਤੇ ਗਈ ਭਾਰਤੀ ਜੂਨੀਅਰ ਹਾਕੀ ਟੀਮ ਦੇ ਮੈਂਬਰ ਵਜੋਂ ਕੌਮਾਂਤਰੀ ਖੇਡ ਦੀ ਸ਼ੁਰੂਆਤ ਕੀਤੀ ਅਤੇ ਪਾਕਿਸਤਾਨ ਵਿਰੁੱਧ ਖੇਡਦਿਆਂ 2006 ਵਿਚ ਭਾਰਤੀ ਟੀਮ ਵਿਚ ਆਪਣੀ ਜਗ੍ਹਾ ਬਣਾਈ। ਏਸ਼ੀਆ ਕੱਪ ਖੇਡਦਿਆਂ ਆਪਣੀ ਟੀਮ ਨੂੰ ਦੋ ਵਾਰ ਸੋਨੇ ਦਾ ਤਗ਼ਮਾ (2007 ਤੇ 2017) ਅਤੇ ਇਕ ਵਾਰ ਚਾਂਦੀ ਦਾ ਤਗ਼ਮਾ (2013) ਜਿਤਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਲ 2010 ਦੀਆਂ ਦਿੱਲੀ ਤੇ 2014 ਦੀਆਂ ਗਲਾਸਗੋ ਕਾਮਨਵੈਲਥ ਖੇਡਾਂ ਵਿਚ ਪ੍ਰਾਪਤ ਕੀਤੇ ਸਿਲਵਰ ਮੈਡਲ, ਜ਼ਿੰਦਗੀ ਦੇ ਯਾਦਗਾਰ ਪਲਾਂ ਵਿਚ ਸ਼ਾਮਿਲ ਹਨ। ਭਾਰਤੀ ਹਾਕੀ ਟੀਮ ਲਈ ਉਸ ਨੇ ਸ਼ਾਨਦਾਰ ਯੋਗਦਾਨ ਪਾਏ ਜਦੋਂ ਏਸ਼ੀਆਈ ਖੇਡਾਂ 2010 ਵਿਚ ਤਾਂਬੇ ਦਾ ਤਗ਼ਮਾ, 2014 ਵਿੱਚ ਸੋਨੇ ਦਾ ਤਗ਼ਮਾ ਅਤੇ 2018 (ਜਕਾਰਤਾ) ਵਿਚ ਤਾਂਬੇ ਦਾ ਤਗ਼ਮਾ ਜਿੱਤਿਆ। ਕੌਮਾਂਤਰੀ ਟੂਰਨਾਮੈਂਟ ਖੇਡਦਿਆਂ ਉਸ ਨੂੰ “ਪਲੇਅਰ ਆਫ਼ ਦਾ ਟੂਰਨਾਮੈਂਟ’’ ਐਲਾਨਿਆ। ਪੇਸ਼ੇਵਾਰ ਹਾਕੀ ਵਿਚ ਸੰਸਾਰ ਭਰ ਦੀਆਂ ਉੱਚ ਕੋਟੀ ਦੀਆਂ ਟੀਮਾਂ ਜਿਵੇਂ ਚੰਡੀਗੜ੍ਹ ਡਾਇਨਮੋਜ਼, ਹੈਦਰਾਬਾਦ ਸੁਲਤਾਨ, ਬੈਲਜ਼ੀਅਨ ਕਲੱਬ, ਡੱਚ ਕਲੱਬ ਅਤੇ ਦਿੱਲੀ ਵੇਵ ਰਾਈਡਰਸ ਵਲੋਂ ਖੇਡਦਿਆਂ ਕਲਾ ਦੇ ਜੌਹਰ ਵਿਖਾਏ। ਉਹ ਹਰਿਆਣਾ ਰਾਜ ਦੀ ਟੀਮ ਤੇ ਹਰਿਆਣਾ ਪੁਲਿਸ ਦੀ ਟੀਮ ਵੱਲੋਂ ਹਾਕੀ ਖੇਡ ਚੁੱਕਾ ਹੈ ਤੇ ਹਰਿਆਣਾ ਪੁਲਿਸ ’ਚ ਡੀਐਸਪੀ. ਦੇ ਅਹੁਦੇ ’ਤੇ ਤਾਇਨਾਤ ਹੈ। ਉਹ 12 ਸਾਲ ਦਾ ਲੰਬਾ ਸਮ੍ਹਾਂ ਹਾਕੀ ਖੇਡ ਕੇ 314 ਕੌਮਾਂਤਰੀ ਮੈਚ ਖੇਡ ਚੁੱਕਾ ਹੈ। ਅੰਤ 12 ਸਤੰਬਰ, 2018 ਨੂੰ ਉਸ ਨੇ ਕੌਮਾਂਤਰੀ ਹਾਕੀ ਤੋਂ ਰਿਟਾਇਰਮੈਂਟ ਲੈ ਲਈ। ਹਾਕੀ ਵਿਚ ਪਾਏ ਯੋਗਦਾਨ ਸਦਕਾ ਸਰਦਾਰ ਸਿਘ ਨੂੰ ‘ਰਾਜੀਵ ਗਾਂਧੀ ਖੇਡ ਰਤਨ ਐਵਾਰਡ’ ਤੇ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮਾਣਮੱਤਾ ਖਿਡਾਰੀ ਸਰਦਾਰ ਸਿੰਘ ਭਵਿੱਖ ਦੇ ਹਾਕੀ ਖਿਡਾਰੀਆਂ ਲਈ ਹਮੇਸ਼ਾ ਹੀ ਪੇ੍ਰਰਨਾ ਸਰੋਤ ਬਣਿਆ ਰਹੇਗਾ।
- ਅਸ਼ਵਨੀ ਚਤਰਥ