ਨਵੀਂ ਦਿੱਲੀ (ਪੀਟੀਆਈ) : ਪ੍ਰੋ ਲੀਗ ਮੈਚਾਂ ਵਿਚ ਵਿਸ਼ਵ ਚੈਂਪੀਅਨ ਜਰਮਨੀ ਤੇ ਆਸਟ੍ਰੇਲੀਆ ਖ਼ਿਲਾਫ਼ ਲਗਾਤਾਰ ਦੋ-ਦੋ ਜਿੱਤਾਂ ਦੇ ਦਮ ’ਤੇ ਭਾਰਤੀ ਮਰਦ ਹਾਕੀ ਟੀਮ ਐੱਫਆਈਐੱਚ (ਵਿਸ਼ਵ ਹਾਕੀ ਮਹਾਸੰਘ) ਰੈਂਕਿੰਗ ਵਿਚ ਦੋ ਸਥਾਨ ਦੀ ਛਾਲ ਲਾ ਕੇ ਚੌਥੇ ਸਥਾਨ ’ਤੇ ਪੁੱਜ ਗਈ ਹੈ। ਇਸ ਨਾਲ ਭਾਰਤ ਰੈਂਕਿੰਗ ਵਿਚ ਹਾਕੀ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਆਸਟ੍ਰੇਲੀਆ ਤੋਂ ਇਕ ਸਥਾਨ ਅੱਗੇ ਨਿਕਲ ਗਿਆ ਹੈ। ਆਸਟ੍ਰੇਲੀਆ ਦੀ ਟੀਮ ਪੰਜਵੇਂ ਸਥਾਨ ’ਤੇ ਖਿਸਕ ਗਈ ਹੈ। ਇਸ ਸਾਲ ਜਨਵਰੀ ਵਿਚ ਓਡੀਸ਼ਾ ਵਿਚ ਵਿਸ਼ਵ ਕੱਪ ਖ਼ਿਤਾਬ ਜਿੱਤਣ ਤੋਂ ਬਾਅਦ ਸਿਖਰਲੇ ਸਥਾਨ ’ਤੇ ਪੁੱਜਣ ਵਾਲਾ ਜਰਮਨੀ ਭਾਰਤ ਤੋਂ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਦੋ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਨਾਕਾਮ ਰਹੀ ਸੀ। ਭਾਰਤ ਨੇ ਪ੍ਰੋ ਲੀਗ ਦੇ ਆਪਣੇ ਮੈਚਾਂ ਵਿਚ ਜਰਮਨੀ ਨੂੰ 3-2 ਤੇ 6-3 ਜਦਕਿ ਆਸਟ੍ਰੇਲੀਆ ਨੂੰ 5-4 ਤੇ ਰੈਗੂਲਰ ਸਮੇਂ ਵਿਚ ਮੈਚ 2-2 ਦੀ ਬਰਾਬਰੀ ’ਤੇ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿਚ 4-3 ਨਾਲ ਮਾਤ ਦਿੱਤੀ। ਲਗਾਤਾਰ ਚਾਰ ਮੈਚਾਂ ਵਿਚ ਜਿੱਤ ਨਾਲ ਭਾਰਤ ਐੱਫਆਈਐੱਚ ਪ੍ਰੋ ਲੀਗ ਦੀ ਅੰਕ ਸੂਚੀ ਵਿਚ ਸਿਖਰ ’ਤੇ ਪੁੱਜ ਗਿਆ ਹੈ। ਵਿਸ਼ਵ ਕੱਪ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲਾ ਨੀਦਰਲੈਂਡ ਸਿਖਰਲੇ ਸਥਾਨ ’ਤੇ ਹੈ ਜਦਕਿ ਉਪ ਜੇਤੂ ਬੈਲੀਜਅਮ ਨਵੀਂ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਕਾਬਜ ਹੈ।