ਨਈ ਦੁਨੀਆ, ਭੋਪਾਲ : ਭਾਰਤ ਨੇ ਵੀਰਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਦੂਜੇ ਦਿਨ ਇਕ ਸਿਲਵਰ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਵਰੁਣ ਤੋਮਰ ਤੇ ਰਿਦਮ ਸਾਂਗਵਾਨ ਨੇ ਸਿਲਵਰ ਮੈਡਲ ਜਿੱਤਿਆ। ਵਰੁਣ ਤੋਮਰ ਦਾ ਇਹ ਚੈਂਪੀਅਨਸ਼ਿਪ ਵਿਚ ਦੂਜਾ ਮੈਡਲ ਹੈ। ਭਾਰਤ ਦੇ ਵਿਸ਼ਵ ਚੈਂਪੀਅਨ ਰੁਦਰਾਕਸ਼ ਪਾਟਿਲ ਤੇ ਆਰ ਨਰਮਦਾ ਨਿਤਿਨ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ। ਭਾਰਤ ਇਕ ਗੋਲਡ, ਇਕ ਸਿਲਵਰ ਤੇ ਦੋ ਕਾਂਸੇ ਸਮੇਤ ਕੁੱਲ ਚਾਰ ਮੈਡਲ ਜਿੱਤ ਚੁੱਕਾ ਹੈ।
10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿਚ ਰੁਦਰਾਕਸ਼ ਤੇ ਨਰਮਦਾ ਦੀ ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਗੇੜ ਵਿਚ 632 ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਨਾਲ ਭਾਰਤੀ ਟੀਮ ਨੇ ਕਾਂਸੇ ਦੇ ਮੈਡਲ ਵਾਲੇ ਮੁਕਾਬਲੇ ਲਈ ਕੁਆਲੀਫਾਈ ਕੀਤਾ। ਇਸ ਵਿਚ ਭਾਰਤੀ ਜੋੜੀ ਰੁਦਰਾਕਸ਼ ਤੇ ਨਰਮਦਾ ਦੇ ਸਾਹਮਣੇ ਚੀਨ ਦੇ ਝਾਂਗ ਕਿਓਨਗਿਊ ਤੇ ਯੂ ਹਾਨਨ ਦੀ ਜੋੜੀ ਠਹਿਰ ਨਹੀਂ ਸਕੀ। ਇਹ ਮੁਕਾਬਲਾ ਭਾਰਤ ਨੇ 18-8 ਦੇ ਫ਼ਰਕ ਨਾਲ ਜਿੱਕ ਕੇ ਕਾਂਸੇ ਦਾ ਮੈਡਲ ਹਾਸਲ ਕੀਤਾ। ਭਾਰਤ ਦੇ ਵਰੁਣ ਤੋਮਰ ਤੇ ਰਿਦਮ ਸਾਂਗਵਾਨ ਦੀ ਜੋੜੀ ਨੂੰ ਫਾਈਨਲ ਵਿਚ ਚੀਨ ਦੇ ਕਿਆਨ ਵੇਈ ਤੇ ਲਿਊ ਜਿਨਯਾਓ ਦੇ ਖ਼ਿਲਾਫ਼ 11-17 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।