ਲੀਡਜ਼ (ਏਪੀ) : ਸੱਟਾਂ ਨਾਲ ਜੂਝ ਰਹੇ ਲੀਡਜ਼ ਨੂੰ ਆਰਸੇਨਲ ਖ਼ਿਲਾਫ਼ ਇੰਗਲਿਸ਼ ਪ੍ਰਰੀਮੀਅਰ ਲੀਗ (ਈਪੀਐੱਲ) ਮੁਕਾਬਲੇ ਵਿਚ 1-4 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੌਰਾਨ ਹਾਲਾਂਕਿ ਇਕ ਦਰਸ਼ਕ ਨੇ ਆਰਸੇਨਲ ਦੇ ਖਿਡਾਰੀਆਂ ਪ੍ਰਤੀ ਨਸਲੀ ਟਿੱਪਣੀ ਕੀਤੀ। ਆਰਸੇਨਲ ਦੇ ਮੈਨੇਜਰ ਮਾਈਕਲ ਆਰਟੇਟਾ ਨੇ ਇਸ ਦੀ ਸ਼ਿਕਾਇਤ ਅਧਿਕਾਰੀਆਂ ਨੂੰ ਕੀਤੀ। ਇਸ ਜਿੱਤ ਨਾਲ ਹੀ ਆਰਸੇਨਲ ਅੰਕ ਸੂਚੀ ਵਿਚ 32 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਪਿਛਲੇ ਮੰਗਲਵਾਰ ਨੂੰ ਮਾਨਚੈਸਟਰ ਸਿਟੀ ਖ਼ਿਲਾਫ਼ ਹਾਰ ਸਹਿਣ ਵਾਲੇ ਲੀਡਜ਼ ਦੇ ਕੋਲ ਸੱਟਾਂ ਕਾਰਨ ਇਸ ਮੁਕਾਬਲੇ ਤੋਂ ਪਹਿਲਾਂ ਸਿਰਫ਼ ਨੌਂ ਸੀਨੀਅਰ ਖਿਡਾਰੀ ਸਨ ਜਦਕਿ ਪਹਿਲੇ ਅੱਧ ਤੋਂ ਪਹਿਲਾਂ ਜੈਕ ਹੈਰੀਸਨ ਵੀ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਮਾਰਟੀਨੇਲੀ ਨੇ ਅਲੇਕਜਾਂਦਰੇ ਲਾਕਾਜੇਟੇ ਦੇ ਪਾਸ 'ਤੇ 16ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਮਾਰਟੀਨੇਲੀ ਨੇ 28ਵੇਂ ਮਿੰਟ ਵਿਚ ਗ੍ਰਾਨਿਤ ਝਾਕਾ ਦੇ ਪਾਸ 'ਤੇ ਇਕ ਹੋਰ ਗੋਲ ਕੀਤਾ।
ਫਿਰ ਪਹਿਲਾ ਅੱਧ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਬੁਕਾਇਓ ਸਾਕਾ ਨੇ 42ਵੇਂ ਮਿੰਟ ਵਿਚ ਬਾਕਸ ਦੇ ਸੈਂਟਰ ਤੋਂ ਸ਼ਾਟ ਲਾਇਆ ਤੇ ਵਾਰ ਰਵਿਊ ਨਾਲ ਇਸ ਨੂੰ ਗੋਲ ਕਰਾਰ ਦਿੱਤਾ ਗਿਆ। ਇਸ ਤਰ੍ਹਾਂ ਆਰਸੇਨਲ ਨੇ ਪਹਿਲੇ ਅੱਧ ਵਿਚ ਲੀਡਜ਼ ਖ਼ਿਲਾਫ਼ 3-0 ਦੀ ਬੜ੍ਹਤ ਲੈ ਲਈ। ਦੂਜੇ ਅੱਧ ਵਿਚ ਲੀਡਜ਼ ਨੇ ਇਸ ਬੜ੍ਹਤ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਪਾਪਹਿਨਹਾ ਨੇ ਪੈਨਲਟੀ 'ਤੇ ਗੋਲ ਕਰ ਕੇ ਸਕੋਰ 3-1 ਕੀਤਾ ਹਾਲਾਂਕਿ ਮੈਚ ਦੇ ਆਖ਼ਰੀ ਸਮੇਂ ਵਿਚ ਆਰਸੇਨਲ ਲਈ ਸਮਿਥ ਰੋਵ ਨੇ ਮਾਰਟਿਨ ਓਡੇਗਾਰਡ ਦੇ ਪਾਸ 'ਤੇ ਗੋਲ ਕਰ ਕੇ ਟੀਮ ਨੂੰ 4-1 ਦੀ ਬੜ੍ਹਤ ਦਿਵਾਈ। ਆਰਸੇਨਲ ਨੇ ਆਖ਼ਰੀ ਸਮੇਂ ਤਕ ਇਸ ਬੜ੍ਹਤ ਨੂੰ ਕਾਇਮ ਰੱਖਿਆ ਤੇ ਮੈਚ ਆਪਣੇ ਨਾਂ ਕੀਤਾ।