ਖੇਡਾਂ ਦੇ ਮਹਾਕੁੰਭ ਓਲੰਪਿਕ ’ਚ ਜਰਮਨੀ ਦੇ ਡਿਸਕਸ ਥਰੋਅਰ ਭਰਾਵਾਂ ਰੋਬਰਟ ਹਾਰਟਿੰਗ ਅਤੇ ਕਰਿਸਟੌਫ ਹਾਰਟਿੰਗ ਨੇ ਲੰਡਨ ਤੋਂ ਰੀਓ ਓਲੰਪਿਕ ਖੇਡਾਂ ਤੱਕ ਆਪਣੀ ਸਰਦਾਰੀ ਕਾਇਮ ਰੱਖਣ ’ਚ ਸਫਲਤਾ ਹਾਸਲ ਕੀਤੀ ਹੈ। ਜਰਮਨੀ ਦੀ ਸਾਬਕਾ ਨੈਸ਼ਨਲ ਚੈਂਪੀਅਨ ਓਲੰਪੀਅਨ ਮਹਿਲਾ ਡਿਸਕਸ ਥਰੋਅਰ ਜੂਲੀਆ ਫਿਸ਼ਰ ਹਾਰਟਿੰਗ ਲੰਡਨ-2012 ਓਲੰਪਿਕ ’ਚ ਡਿਸਕਸ ਥਰੋਅ ’ਚ ਚੈਂਪੀਅਨ ਰੋਬਰਟ ਹਾਰਟਿੰਗ ਦੀ ਪਤਨੀ ਹੈ।
ਚੈਂਪੀਅਨ ਰੋਬਰਟ ਹਾਰਟਿੰਗ
6’-7’’ ਲੰਮੇ ਕੱਦ-ਕਾਠ ਅਤੇ 126 ਕਿਲੋ ਭਾਰੇ, ਲੰਡਨ-2012 ਓਲੰਪਿਕ ਚੈਂਪੀਅਨ ਡਿਸਕਸ ਥਰੋਅਰ ਰੋਬਰਟ ਹਾਰਟਿੰਗ ਦਾ ਜਨਮ ਬੀਟਿਨਾ ਹਾਰਟਿੰਗ ਦੀ ਕੁੱਖੋਂ ਅਕਤੂਬਰ 18, 1984 ਨੂੰ ਜਰਮਨੀ ਦੇ ਸ਼ਹਿਰ ਕੋਟਬੱਸ ’ਚ ਗਰਡ ਹਾਰਟਿੰਗ ਦੇ ਗ੍ਰਹਿ ਵਿਖੇ ਹੋਇਆ। ਰੋਬਰਟ ਦਾ ਛੋਟਾ ਭਰਾ ਕਰਿਸਟੌਫ ਹਾਰਟਿੰਗ ਵੀ ਡਿਸਕਸ ’ਚ ਰੀਓ-2016 ਓਲੰਪਿਕ ਗੋਲਡ ਮੈਡਲਿਸਟ ਹੈ। ਫੀਲਫ ਐਂਡ ਟਰੈਕ ਸਪੋਰਟਸ ਦੇ ਖਿਡਾਰੀ ਰੋਬਰਟ ਹਾਰਟਿੰਗ ਨੇ ਥਰੋਆਂ ਦੀ ਮੁਹਾਰਤ ਹਾਸਲ ਕਰਨ ਲਈ ਸਿਖਲਾਈ ਟਰੇਨਰ ਟੋਰਸਟਨ ਸਚਮਿਟ ਤੋਂ ਹਾਸਲ ਕੀਤੀ। ਜਰਮਨੀ ਦੇ ਖੇਡ ਹਲਕਿਆਂ ’ਚ ਸ਼ੈਗੀ ਦੇ ਨਿੱਕ ਨਾਮ ਜਾਣੇ ਜਾਂਦੇ ਰੋਬਰਟ ਹਾਰਟਿੰਗ ਨੇ 2001 ਵਰਲਡ ਯੂਥ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਹਾਸਲ ਕੀਤਾ। ਯੂਰਪੀਅਨ ਅਥਲੈਟਿਕਸ ਅੰਡਰ-23 ਚੈਂਪੀਅਨਸ਼ਿਪ ’ਚ ਰੋਬਰਟ ਨੇ ਆਪਣੇ ਕਰੀਅਰ ਦਾ ਪਲੇਠਾ ਗੋਲਡ ਮੈਡਲ ਜਿੱਤਿਆ। ਸਾਲ-2007 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੇ ਯੂਰਪੀਅਨ ਵਿੰਟਰ ਥਰੋਇੰਗ ਕੱਪ ’ਚ ਹਾਰਟਿੰਗ ਰੋਬਰਟ ਨੇ ਦੋਵੇਂ ਵਾਰ ਚਾਂਦੀ ਦਾ ਤਗ਼ਮਾ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ। ਹਾਰਟਿੰਗ ਰੋਬਰਟ ਨੇ ਆਪਣੀ ਪਰਸਨਲ ਬੈਸਟ 68.65 ਮੀਟਰ ਦੀ ਥਰੋਅ ਰਾਹੀਂ ਬੀਜਿੰਗ ਓਲੰਪਿਕ ਖੇਡਣ ਲਈ ਰਾਹ ਪੱਧਰਾ ਕੀਤਾ ਪਰ ਉਹ ਓਲੰਪਿਕ ਟੂਰਨਾਮੈਂਟ ’ਚ 67.09 ਮੀਟਰ ਦੀ ਥਰੋਅ ਨਾਲ ਚੌਥੇ ਨੰਬਰ ’ਤੇ ਰਿਹਾ। ਆਈਏਏਐਫ ਵਰਲਡ ਅਥਲੈਟਿਕਸ ਮੀਟ-2008 ’ਚ ਰੋਬਰਟ ਦੇ ਪੱਲੇ ਤਾਂਬੇ ਦਾ ਤਗਮਾ ਪਿਆ। 68.47 ਮੀਟਰ ਦੀ ਦੂਰੀ ਨਾਲ ਨੈਸ਼ਨਲ ਰਿਕਾਰਡ ਸਿਰਜਣ ਵਾਲੇ ਰੋਬਰਟ ਹਾਰਟਿੰਗ ਨੇ ਯੂਰਪੀਅਨ-2010 ਟੀਮ ਚੈਂਪੀਅਨਸ਼ਿਪ ’ਚ 68.67 ਮੀਟਰ ਡਿਸਕਸ ਲਾਉਣ ਸਦਕਾ ਗੋਲਡ ਮੈਡਲ ਜਿੱਤਿਆ। ਇਸੇ ਸਾਲ ਯੂਰਪੀਅਨ ਅਥਲੈਟਿਕਸ ਮੁਕਾਬਲੇ ’ਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੇ ਰੋਬਰਟ ਨੇ 2011 ਦੀ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ’ਚ 68.97 ਮੀਟਰ ਦੇ ਜੇਤੂ ਮਾਰਕ ਨਾਲ ਸੋਨ ਤਗਮੇ ’ਤੇ ਆਪਣਾ ਨਾਮ ਲਿਖਵਾਇਆ। ਸਪੋਰਟਸ ਕਲੱਬ ਐਸਸੀਸੀ ਬਰਲਿਨ ਅਥਲੈਟਿਕਸ ਕਲੱਬ ਦੇ ਅਥਲੀਟ ਰੋਬਰਟ ਹਾਰਟਿੰਗ ਨੂੰ ਲੰਡਨ-2012 ਓਲੰਪਿਕ ’ਚ ਸੋਨ ਤਗਮਾ ਹਾਸਲ ਕਰਨ ਤੋਂ ਪਹਿਲਾਂ ਦੂਜਾ ਤੇ ਤੀਜਾ ਰੈਂਕ ਹਾਸਲ ਕਰਨ ਵਾਲੇ ਇਰਾਨ ਦੇ ਇਹਸਾਨ ਹੈਦਾਦੀ ਤੇ ਇਸਤੋਨੀਆ ਦੇ ਗਰਡ ਕੈਂਟਰ ਨੇ ਸਖਤ ਚੁਣੌਤੀ ਦਿੱਤੀ ਅਤੇ ਤਿੰਨੇ ਅਥਲੀਟਾਂ ਨੇ 68 ਮੀਟਰ ਤੋਂ ਵੱਧ ਦੂਰੀ ਨਾਪਣ ’ਚ ਸਫ਼ਲਤਾ ਹਾਸਲ ਕੀਤੀ ਪਰ 68.27 ਮੀਟਰ ਦੀ ਦੂਰੀ ’ਤੇ ਡਿਸਕਸ ਲਾਉਣ ਵਾਲਾ ਰੋਬਰਟ ਹਾਰਟਿੰਗ ਸੋਨ ਤਗ਼ਮਾ ਜਿੱਤਣ ’ਚ ਕਾਮਯਾਬ ਰਿਹਾ ਜਦਕਿ ਪਹਿਲੇ ਰੈਂਕ ਤੋਂ 9 ਸੈਂਟੀਮੀਟਰ ਨਾਲ ਪਛੜਨ ਵਾਲੇ ਇਹਸਾਨ ਹੈਦਾਦੀ ਨੂੰ 68.18 ਮੀਟਰ ਦੀ ਥਰੋਅ ਸਦਕਾ ਚਾਂਦੀ ਦੇ ਮੈਡਲ ਨਾਲ ਸਬਰ ਕਰਨਾ ਪਿਆ। ਗਰਡ ਕੈਂਟਰ ਨੂੰ 68.03 ਮੀਟਰ ਨਾਲ ਤਾਂਬੇ ਦਾ ਤਗਮਾ ਹਾਸਲ ਹੋਇਆ। ਹਾਰਟਿੰਗ ਨੇ ਇਸੇ ਸਾਲ ਆਪਣੀ ਓਲੰਪਿਕ ਦੀ ਥਰੋਅ ’ਚ ਤਿੰਨ ਇੰਚ ਦਾ ਇਜ਼ਾਫਾ ਕਰਕੇ ਹੇਲਸਿੰਕੀ-2012 ਦੀ ਯੂਰਪੀਅਨ ਅਥਲੈਟਿਕਸ ਮੁਕਾਬਲੇ ’ਚ 68.30 ਮੀਟਰ ਦੀ ਦੂਰੀ ਨਾਲ ਸੋਨ ਤਗ਼ਮਾ ਜਿੱਤਿਆ। ਇਸੇ ਸਾਲ ਲੰਡਨ-2012 ਓਲੰਪਿਕ ’ਚ ਡਿਸਕਸ ’ਚ ਜਰਮਨੀ ਦੀ ਨੈਸ਼ਨਲ ਚੈਂਪੀਅਨ ਆਪਣੀ ਮਿੱਤਰ ਕੁੜੀ ਓਲੰਪੀਅਨ ਜੂਲੀਆ ਫਿਸ਼ਰ ਨੂੰ ਜੀਵਨ ਸਾਥੀ ਬਣਾਉਣ ਵਾਲੇ ਰੋਬਰਟ ਹਾਰਟਿੰਗ ਨੇ ਮਾਸਕੋ-2013 ਆਲਮੀ ਚੈਂਪੀਅਨਸ਼ਿਪ ’ਚ ਪਹਿਲੀ ਵਾਰ 70 ਮੀਟਰ ਤੋਂ ਵੱਧ ਦੂਰੀ ’ਤੇ ਡਿਸਕਸ ਸੁੱਟਣ ਸਦਕਾ ਤੀਜੀ ਵਾਰ ਵਿਸ਼ਵ-ਵਿਆਪੀ ਟਾਈਟਲ ’ਤੇ ਕਬਜ਼ਾ ਕਰਨ ਦਾ ਜੱਸ ਖੱਟਿਆ। ਮਾਸਕੋ-2014 ਵਰਲਡ ਚੈਂਪੀਅਨਸ਼ਿਪ ’ਚ ਰੋਬਰਟ ਹਾਰਟਿੰਗ ਨੇ ਪਹਿਲੀ ਵਾਰ 70 ਮੀਟਰ ਤੋਂ ਵੱਧ (70.66) ਸੀਮਾ ’ਤੇ ਡਿਸਕਸ ਸੁੱਟਣ ਦਾ ਕਾਰਨਾਮਾ ਕਰਕੇ ਥਰੋਆਂ ਦੇ ਤਬਕਿਆਂ ’ਚ ਸਨਸਨੀ ਤੇ ਵੱਡੀ ਹੈਰਾਨੀ ਪੈਦਾ ਕਰ ਦਿੱਤੀ ।
ਕਰਿਸਟੌਫ ਹਾਰਟਿੰਗ:
ਲੰਡਨ-2012 ਓਲੰਪਿਕ ’ਚ ਡਿਸਕਸ ਸੁੱਟਣ ’ਚ ਚੈਂਪੀਅਨ ਬਣਨ ਦਾ ਨਾਮਣਾ ਖੱਟਣ ਵਾਲੇ ਰੋਬਰਟ ਹਾਰਟਿੰਗ ਦੇ ਛੋਟੇ ਭਰਾ ਕਰਿਸਟੌਫ ਹਾਰਟਿੰਗ ਨੇ 68.37 ਮੀਟਰ ਡਿਸਕਸ ਸੁੱਟਣ ਸਦਕਾ ਰੀਓ-2016 ਓਲੰਪਿਕ ’ਚ ਗੋਲਡ ਮੈਡਲ ਜਿੱਤਣ ਦਾ ਤਾਜ ਆਪਣੇ ਮੱਥੇ ’ਤੇ ਸਜਾਇਆ। ਪੋਲੈਂਡ ਦੇ ਮਾਲਾਚੋਵਸਕੀ ਪਿਓਟਰ ਨੇ 68.37 ਮੀਟਰ ਦੂਰੀ ਨਾਪਣ ਸਦਕਾ ਸਿਲਵਰ ਮੈਡਲ ’ਤੇ ਕਬਜ਼ਾ ਕੀਤਾ ਜਦਕਿ ਜਰਮਨੀ ਦੇ ਹੀ ਦੂਜੇ ਸੁਟਾਵੇ ਜੈਸਿਨਸਕੀ ਡੇਨੀਅਲ ਨੇ 67.05 ਮੀਟਰ ’ਤੇ ਥਰੋਅ ਲਾਉਣ ਸਦਕਾ ਤਾਂਬੇ ਦੇ ਤਗਮੇ ’ਤੇ ਆਪਣਾ ਅਧਿਕਾਰ ਜਮਾਇਆ। ਇਹ ਤਰਕਸੰਗਤ ਹੋਵੇਗਾ ਕਿ ਡਿਸਕਸ ਸੁਟਾਵੇ ਓਲੰਪਿਕ ਕੁਆਲੀਫਾਈ ਰਾਊਂਡ ਤੇ ਰੀਓ ਓਲੰਪਿਕ ’ਚ ਹਾਸਲ ਕੀਤੀਆਂ ਪੁਜ਼ੀਸ਼ਨਾਂ ’ਚ ਵੱਡੇ ਪੱਧਰ ’ਤੇ ਓਲਟਫੇਰ ਦਾ ਸ਼ਿਕਾਰ ਹੋਏ। ਰੀਓ ਓਲੰਪਿਕ ਖੇਡਾਂ ’ਚ ਗੋਲਡ ਮੈਡਲ ਜਿੱਤਣ ਤੋਂ ਪਹਿਲਾਂ ਹੋਏ ਓਲੰਪਿਕ ਕੁਆਲੀਫਾਈ ਟਰਾਇਲਾਂ ਵਿਚ ਕਰਿਸਟੌਫ ਹਾਰਟਿੰਗ ਨੇ 65.41 ਮੀਟਰ ਡਿਸਕਸ ਸੁੱਟਣ ਕਰਕੇ ਚੌਥਾ ਰੈਂਕ ਹਾਸਲ ਕੀਤਾ ਸੀ ਜਦਕਿ ਰੀਓ ਓਲੰਪਿਕ ’ਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਪੋਲਿਸ ਸੁਟਾਵੇ ਮਾਲਾਚੋਵਸਕੀ ਪਿਓਟਰ ਨੇ ਕੁਆਲੀਫਾਈ ਯੋਗਤਾ ਮਾਪਦੰਡ ਸਰ ਕਰਨ ਸਮੇਂ 65.89 ਮੀਟਰ ਦੇ ਮਾਰਕ ’ਤੇ ਥਰੋਅ ਕਰਕੇ ਪਹਿਲਾ ਸਥਾਨ ਮੱਲਿਆ ਸੀ। ਕੁਆਲੀਫਾਈ ਰਾਊਂਡਜ਼ ’ਚ 65.86 ਮੀਟਰ ਦੂਰੀ ਨਾਲ ਦੂਜਾ ਰੈਂਕ ਹਾਸਲ ਕਰਨ ਵਾਲਾ ਆਸਟਰੀਆ ਦਾ ਥਰੋਅਰ ਵੈਸ ਲੂਕਾਸ ਰੀਓ ਓਲੰਪਿਕ ’ਚ ਕੋਈ ਵੀ ਮੈਡਲ ਜਿੱਤਣ ’ਚ ਨਾਕਾਮ ਰਿਹਾ ਪਰ ਇਸ ਦੇ ਉਲਟ ਓਲੰਪਿਕ ਕੁਆਲੀਫਾਈ ਦੌਰ ’ਚ ਪਹਿਲੀਆਂ ਪੁਜ਼ੀਸ਼ਨਾਂ ਦੇ ਨੇੜੇ-ਤੇੜੇ ਵੀ ਨਾ ਢੁੱਕਣ ਵਾਲਾ ਜਰਮਨੀ ਦਾ ਸੁਟਾਵਾ ਜੈਸਿਨਕੀ ਡੇਨੀਅਲ ਰੀਓ ’ਚ ਤਾਂਬੇ ਦਾ ਤਗ਼ਮਾ ਜਿੱਤਣ ’ਚ ਸਫ਼ਲ ਰਿਹਾ। ਲੋਹ ਪਾਥੀ 74.08 ਮੀਟਰ ਸੁੱਟਣ ’ਚ ਵਿਸ਼ਵ ਰਿਕਾਰਡ ਨਿਓਬਰੈਂਡਨਬਰਗ ’ਚ ਸਚੁਲਟ ਜੁਰਗੇਨ ਨੇ 1986 ਦੀ ਸੰਸਾਰ ਅਥਲੈਟਿਕਸ ਚੈਂਪੀਅਨਸ਼ਿਪ ’ਚ ਬਣਾਇਆ ਸੀ ਜਦਕਿ ਏਥਨਜ਼-2004 ਦੀਆਂ ਓਲੰਪਿਕ ਖੇਡਾਂ ’ਚ 69.89 ਮੀਟਰ ਦੀ ਦੂਰੀ ’ਤੇ ਡਿਸਕਸ ਲਾਉਣ ਦੇ ਓਲੰਪਿਕ ਰਿਕਾਰਡ ਦਾ ਪਟਾ ਅਲੇਕਨਾ ਵੀਰਜਿਲੀਜੁਸ ਨੇ ਆਪਣੇ ਨਾਮ ’ਤੇ ਲਿਖਵਾਇਆ।
ਓਲੰਪਿਕ ਚੈਂਪੀਅਨ ਥਰੋਅਰ ਕਰਿਸਟੌਫ ਹਾਰਟਿੰਗ ਦਾ ਜਨਮ ਅਕਤੂਬਰ 4, 1990 ’ਚ ਹੋਇਆ। 6’-9’’ ਲੰਮਾ ਕੱਦ ਅਤੇ 120 ਕਿਲੋ ਭਾਰੇ ਸਰੀਰ ਦੇ ਮਾਲਕ ਕਰਿਸਟੌਫ ਹਾਰਟਿੰਗ ਨੇ ਆਪਣੇ ਵੱਡੇ ਭਰਾ ਰੋਬਰਟ ਹਾਰਟਿੰਗ, ਲੰਡਨ-2012 ਓਲੰਪਿਕ ਚੈਂਪੀਅਨ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਰੀਓ ਓਲੰਪਿਕ ’ਚ ਗੋਲਡ ਮੈਡਲ ’ਤੇ ਆਪਣਾ ਅਧਿਕਾਰ ਜਮਾਇਆ ਹੈ। ਪਰ ਦਿਲਚਸਪ ਤੱਥ ਇਹ ਕਿ 65 ਮੀਟਰ ਤੋਂ ਵੱਧ ਡਿਸਕਸ ਸੁੱਟਣ ਦਾ ਬੈਰੀਅਰ ਵੀ ਕਰਿਸਟੌਫ ਨੇ ਰੀਓ ’ਚ ਹੀ ਪਾਰ ਕੀਤਾ। ਸੋਨ ਤਗ਼ਮਾ ਜਿੱਤਣ ਲਈ ਨਾਪੀ ਗਈ 68.37 ਮੀਟਰ ਦੀ ਦੂਰੀ ਹੀ ਕਰਿਸਟੌਫ ਹਾਰਟਿੰਗ ਦੀ ਹੁਣ ਤੱਕ ਦੀ ਸਭ ਬੈਸਟ ਥਰੋਅ ਹੈ। ਕਰਿਸਟੌਫ ਨੂੰ ਐਮਸਟਰਡਮ-2016 ਅਥਲੈਟਿਕਸ ਮੀਟ ਅਤੇ ਦੋਹਾ-ਅਥਲੈਟਿਕਸ ਚੈਪੀਅਨਸ਼ਿਪਸ ’ਚ ਕਰਮਵਾਰ ਚੌਥਾ ਅਤੇ 14ਵਾਂ ਰੈਂਕ ਨਸੀਬ ਹੋਇਆ। ਕਰਿਸਟੌਫ ਨੇ ਖੇਡ ਕਰੀਅਰ ’ਚ ਯੂਰਪੀਅਨ ਚੈਂਪੀਅਨਸ਼ਿਪ ਅਸਟਰਾਵਾ-’ਚ 58.65 ਮੀਟਰ ਦੀ ਦੂਰੀ ’ਤੇ ਡਿਸਕਸ ਲਾਉਣ ਸਦਕਾ 5ਵਾਂ ਰੈਂਕ ਹਾਸਲ ਕੀਤਾ ਸੀ। ਕਿਹਾ ਜਾ ਸਕਦਾ ਕਿ ਹਾਰਟਿੰਗ ਪਰਿਵਾਰ ਦਾ ਖੇਡਾਂ ’ਚ ਕੋਈ ਸਾਨੀ ਨਹੀਂ।
ਓਲੰਪੀਅਨ ਥਰੋਅਰ ਜੂਲੀਆ ਹਾਰਟਿੰਗ
6’-4’’ ਲੰਬੇ ਕੱਦ ਤੇ 95 ਕਿਲੋ ਭਾਰੀ ਕੌਮਾਂਤਰੀ ਡਿਸਕਸ ਥਰੋਅਰ ਜੂਲੀਆ ਹਾਰਟਿੰਗ ਦਾ ਜਨਮ 1 ਅਪਰੈਲ, 1990 ’ਚ ਬਰਲਿਨ ’ਚ ਹੋਇਆ। ਵਰਲਡ ਯੂਥ ਚੈਂਪੀਅਨਸ਼ਿਪ ਅਸਟਰਾਵਾ-2007 ’ਚ 51.39 ਮੀਟਰ ਦੀ ਡਿਸਕਸ ਥਰੋਅ ਨਾਲ ਗੋਲਡ ਮੈਡਲ ’ਤੇ ਕਬਜ਼ਾ ਕਰਨ ਵਾਲੀ ਜੂਲੀਆ ਫਿਸ਼ਰ ਨੂੰ ਬਾਈਡਗੋਸੇਜ਼-2008 ਦੀ ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਮਿਲਿਆ। ਅਸਟਰਾਵਾ-2011 ਆਲਮੀ ਮੀਟ ’ਚ 59.60 ਮੀਟਰ ਦੀ ਦੂਰੀ ਨਾਪਣ ਸਦਕਾ ਸੋਨ ਤਗ਼ਮਾ ਜਿੱਤਣ ਵਾਲੀ ਜੂਲੀਆ ਨੂੰ ਲੰਡਨ-2012 ਤੇ ਰੀਓ-2016 ਓਲੰਪਿਕ ਟੂਰਨਾਮੈਂਟਾਂ ’ਚ ਜਰਮਨੀ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੋਇਆ।
- ਸੁਖਵਿੰਦਰਜੀਤ ਸਿੰਘ ਮਨੌਲੀ