ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਸੰਘ (ਬੀਏਆਈ) ਨੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੁਨਾਮ ਦੇਣ ਲਈ ਆਪਣੀ ਕੋਸ਼ਿਸ਼ ਨੂੰ ਜਾਰੀ ਰੱਖਦੇ ਹੋਏ ਸ਼ੰਕਰ ਮੁਥੁਸਾਮੀ ਤੋਂ ਇਲਾਵਾ ਸਾਤਵਿਕ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਮਰਦ ਜੋੜੀ ਨੂੰ 5-5 ਲੱਖ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ। ਸ਼ੰਕਰ, ਚਿਰਾਗ ਤੇ ਸਾਤਵਿਕ ਨੇ ਪਿਛਲੇ ਦਿਨੀਂ ਕ੍ਰਮਵਾਰ ਬੀਡਬਲਯੂਐੱਫ ਵਰਲਡ ਜੂਨੀਅਰ ਚੈਂਪੀਅਨਸ਼ਿਪ ਤੇ ਫਰੈਂਚ ਓਪਨ 750 ਵਿਸ਼ਵ ਟੂਰ ਇਵੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਬੀਏਆਈ ਦੇ ਪ੍ਰਧਾਨ ਡਾ. ਹਿਮੰਤਾ ਬਿਸਵਾ ਸਰਮਾ ਨੇ ਇਨਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਦਾ ਸਮਾਂ ਹੈ ਕਿ ਸਾਡੇ ਜੂਨੀਅਰ ਤੇ ਸੀਨੀਅਰ ਬੈਡਮਿੰਟਨ ਖਿਡਾਰੀਆਂ ਨੇ ਟਾਪ ਕਲਾਸ ਦੇ ਖਿਡਾਰੀਆਂ ਨੂੰ ਹਰਾ ਕੇ ਮੈਡਲ ਯਕੀਨੀ ਬਣਾਏ। ਅਜਿਹਾ ਕਰਦੇ ਹੋਏ ਇਹ ਸਾਡੇ ਲਈ ਮਾਣ ਦੀ ਗੱਲ ਹੈ। ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਚੀਨੀ ਤਾਇਪੇ ਦੇ ਲੂ ਚਿੰਗ ਯਾਓ ਤੇ ਯਾਂਗ ਪੋ ਹਾਨ ਨੂੰ ਹਰਾ ਕੇ ਫਰੈਂਚ ਓਪਨ ਖ਼ਿਤਾਬ ਜਿੱਤਿਆ ਤੇ ਬੀਡਬਲਯੂਐੱਫ ਸੁਪਰ-750 ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣੀ। ਇਨ੍ਹਾਂ ਦੋਵਾਂ ਨੇ ਕੁਆਰਟਰ ਫਾਈਨਲ ਵਿਚ ਵਿਸ਼ਵ ਦੀ ਨੰਬਰ-1 ਜੋੜੀ ਤਾਕੁਰੋ ਹੋਕੀ ਤੇ ਯੂਗੋ ਕੋਬਾਯਾਸ਼ੀ ਨੂੰ ਵੀ ਹਰਾਇਆ ਸੀ। ਇਸ ਜੋੜੀ ਨੂੰ ਪੈਰਿਸ ਵਿਚ ਇਤਹਾਸਕ ਗੋਲਡ ਜਿੱਤਣ 'ਤੇ ਪੰਜ ਲੱਖ ਰੁਪਏ ਮਿਲਣਗੇ। ਦੂਜੇ ਪਾਸੇ ਸਾਬਕਾ ਜੂਨੀਅਰ ਵਿਸ਼ਵ ਨੰਬਰ-1 ਸ਼ੰਕਰ ਮੁਥੁਸਾਮੀ ਨੇ ਚੀਨੀ ਤਾਇਪੇ ਦੇ ਕੁਓ ਕੁਆਨ ਲਿਨ ਖ਼ਿਲਾਫ਼ ਫਾਈਨਲ ਮੁਕਾਬਲੇ ਵਿਚ ਉਤਰਨ ਤੋਂ ਪਹਿਲਾਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੌਰਾਨ ਆਪਣੀ ਸ਼ਾਨਦਾਰ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਹ ਹਾਲਾਂਕਿ ਫਾਈਨਲ ਵਿਚ ਹਾਰ ਗਏ। ਹਾਰ ਦੇ ਬਾਵਜੂਦ ਉਹ ਇਸ ਪ੍ਰਰੀਮੀਅਰ ਜੂਨੀਅਰ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਵਾਲੇ ਨੌਵੇਂ ਭਾਰਤੀ ਬੈਡਮਿੰਟਨ ਖਿਡਾਰੀ ਬਣ ਗਏ। ਸਿਲਵਰ ਮੈਡਲ ਜਿੱਤਣ 'ਤੇ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਇਸ ਵੱਕਾਰੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਵਾਲੇ ਚੌਥੇ ਭਾਰਤੀ ਵੀ ਬਣੇ। ਬੀਏਆਈ ਸਕੱਤਰ ਸੰਜੇ ਮਿਸ਼ਰਾ ਨੇ ਕਿਹਾ ਕਿ ਪਿਛਲੇ ਹਫਤੇ ਵਿਚ ਸਾਡੇ ਮੁੰਡੇ ਬੇਖ਼ੌਫ਼ ਹੋ ਕੇ ਖੇਡੇ। ਅਸੀਂ ਇਸ ਤਰ੍ਹਾਂ ਦੇ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਭਾਰਤ ਨੂੰ ਮੈਡਲ ਜਿੱਤਣ ਵਾਲੇ ਦੇਸ਼ਾਂ ਵਿਚ ਸ਼ਾਮਲ ਕਰਦੇ ਹੋਏ ਦੇਖ ਕੇ ਅਸਲ ਵਿਚ ਖ਼ੁਸ਼ ਹਾਂ। ਇਹ ਨੌਜਵਾਨ ਪੀੜ੍ਹੀ ਲਈ ਵੀ ਬਹੁਤ ਵੱਡੀ ਪ੍ਰਰੇਰਣਾ ਹੋਵੇਗੀ।