ਢਾਕਾ (ਪੀਟੀਆਈ) : ਪਿਛਲੀ ਵਾਰ ਦੀ ਚੈਂਪੀਅਨ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਮਰਦ ਹਾਕੀ ਟੀਮ ਨੂੰ ਇੱਥੇ ਜਾਰੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ਵਿਚ ਮੰਗਲਵਾਰ ਨੂੰ ਜਾਪਾਨ ਹੱਥੋਂ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਪਹਿਲਾਂ ਭਾਰਤੀ ਟੀਮ ਇਸ ਮੁਕਾਬਲੇ ਨੂੰ ਜਿੱਤਣ ਦੀ ਦਾਅਵੇਦਾਰ ਮੰਨੀ ਜਾ ਰਹੀ ਸੀ ਕਿਉਂਕਿ ਉਸ ਨੇ ਜਾਪਾਨ ਨੂੰ ਇਸ ਟੂਰਨਾਮੈਂਟ ਦੇ ਰਾਊਂਡ ਰਾਬਿਨ ਮੁਕਾਬਲੇ ਵਿਚ 6-0 ਨਾਲ ਮਾਤ ਦਿੱਤੀ ਸੀ ਪਰ ਜਾਪਾਨ ਦੀ ਟੀਮ ਨੇ ਇਸ ਅਹਿਮ ਮੈਚ ਵਿਚ ਭਾਰਤ ਨੂੰ ਹਰਾ ਕੇ ਆਪਣਾ ਹਿਸਾਬ ਬਰਾਬਰ ਕਰ ਦਿੱਤਾ।
ਜਾਪਾਨ ਲਈ ਸ਼ੋਤਾ ਯਾਮਾਦਾ ਨੇ ਪੈਨਲਟੀ 'ਤੇ ਪਹਿਲੇ ਮਿੰਟ ਵਿਚ ਰਾਇਕੀ ਫੁਜਿਸ਼ੀਮਾ ਨੇ ਦੂਜੇ ਮਿੰਟ ਵਿਚ, ਯੋਸ਼ੀਕੀ ਕਿਰੀਸ਼ੀਤਾ ਨੇ 14ਵੇਂ ਮਿੰਟ ਵਿਚ, ਕੋਸੇਈ ਕਵਾਬੇ ਨੇ 35ਵੇਂ ਮਿੰਟ ਵਿਚ ਤੇ ਰਯੋਮਾ ਉਕਾ ਨੇ 41ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਵੱਲੋਂ ਹਾਰਦਿਕ ਸਿੰਘ ਨੇ 17ਵੇਂ ਤੇ 58ਵੇਂ ਮਿੰਟ ਵਿਚ ਤੇ ਉੱਪ ਕਪਤਾਨ ਹਰਮਨਪ੍ਰਰੀਤ ਸਿੰਘ ਨੇ 43ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਤੇ ਜਾਪਾਨ ਇਸ ਤੋਂ ਪਹਿਲਾਂ 18 ਵਾਰ ਇਕ-ਦੂਜੇ ਨਾਲ ਭਿੜ ਚੁੱਕੇ ਹਨ ਜਿਸ ਵਿਚ ਭਾਰਤ ਨੇ 16 ਮੈਚ ਜਿੱਤੇ ਜਦਕਿ ਜਾਪਾਨ ਨੇ ਇਕ ਮੁਕਾਬਲਾ ਜਿੱਤਿਆ ਤੇ ਇਕ ਮੈਚ ਡਰਾਅ ਰਿਹਾ। ਜਾਪਾਨ ਦਾ ਫਾਈਨਲ ਵਿਚ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ ਜਦਕਿ ਭਾਰਤ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਵੁੱਧਵਾਰ ਨੂੰ ਪਾਕਿਸਤਾਨ ਦਾ ਸਾਹਮਣਾ ਕਰੇਗਾ। ਇਕ ਹੋਰ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੇ ਪਾਕਿਸਤਾਨ ਨੂੰ 6-5 ਨਾਲ ਹਰਾਇਆ।