ਗਣਤੰਤਰ ਦਿਵਸ ਰਾਸ਼ਟਰ ਦੀ ਅਰਾਧਨਾ ਦਾ ਉਤਸਵ ਹੈ। ਧਰਤੀ ਦਾ ਟੁਕੜਾ, ਉਸ ’ਤੇ ਰਹਿਣ ਵਾਲੇ ਲੋਕ, ਉੱਥੋਂ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਮਿਲ ਕੇ ਕਿਸੇ ਰਾਸ਼ਟਰ ਦਾ ਨਿਰਮਾਣ ਕਰਦੀਆਂ ਹਨ ਪਰ ਰਾਸ਼ਟਰ ਦੀ ਹਕੀਕੀ ਪਛਾਣ ਦੇਸ਼ ਦੇ ਨਾਗਰਿਕਾਂ ਤੋਂ ਹੁੰਦੀ ਹੈ। ਜਿਸ ਦੇਸ਼ ਦੇ ਨਾਗਰਿਕ ਜਾਗਰੂਕ ਹੋ ਕੇ ਦੇਸ਼ ਦਾ ਪੂਰਾ ਗਿਆਨ ਰੱਖਦੇ ਹਨ, ਉਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਦੇ ਖ਼ਤਰਾ ਨਹੀਂ ਹੋ ਸਕਦਾ। ਇਸ ਲਈ ਗਣਤੰਤਰ ਦੀ ਸਫਲਤਾ ਲਈ ਰਾਸ਼ਟਰ ਵਿਚ ਵਿਵੇਕਪੂਰਨ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ। ਜਿਨ੍ਹਾਂ ਵਿਚ ਸੱਚੀ ਦੇਸ਼ ਭਗਤੀ ਹੋਵੇ ਅਤੇ ਜਿਨ੍ਹਾਂ ਦਾ ਚਿੰਤਨ ਤੁੱਛ ਸਵਾਰਥਾਂ ਲਈ ਨਹੀਂ ਸਗੋਂ ਮੁਲਕ ਦੇ ਭਲੇ ਲਈ ਹੋਵੇ। ਇਸ ਲਈ ਰਾਸ਼ਟਰ ਦੀ ਪ੍ਰਭੂਸੱਤਾ ਦੀ ਰੱਖਿਆ ਦਾ ਭਾਰ ਸਿਰਫ਼ ਸੈਨਿਕਾਂ ’ਤੇ ਨਹੀਂ ਬਲਕਿ ਸਾਰੇ ਨਾਗਰਿਕਾਂ ’ਤੇ ਹੁੰਦਾ ਹੈ। ਜਦ ਦੇਸ਼ ਦਾ ਹਰ ਨਾਗਰਿਕ ਚੌਕਸ ਪਹਿਰੇਦਾਰ ਹੋਵੇਗਾ, ਤਦ ਹੀ ਸੱਚੇ ਅਰਥਾਂ ਵਿਚ ਰਾਸ਼ਟਰ ਦੀ ਅਰਾਧਨਾ ਹੋ ਸਕੇਗੀ। ਯਜੁਰਵੇਦ ਵਿਚ ਕਿਹਾ ਗਿਆ ਹੈ, ‘ਵਯੰ ਰਾਸ਼ਟਰੇ ਜਾਗਿ੍ਰਯਾਮ।’ ਅਰਥਾਤ ਅਸੀਂ ਰਾਸ਼ਟਰ ਲਈ ਸਦਾ ਜਾਗਿ੍ਰਤ ਰਹੀਏ। ਸੰਤ ਸਵਾਮੀ ਰਾਮਤੀਰਥ ਕਹਿੰਦੇ ਹਨ, ‘ਕੰਨਿਆਕੁਮਾਰੀ ਮੇਰੇ ਚਰਨ, ਹਿਮਾਲਿਆ ਮੇਰਾ ਦਿਮਾਗ ਹੈ। ਮੇਰੇ ਵਾਲਾਂ ’ਚੋਂ ਗੰਗਾ-ਯਮੁਨਾ ਨਿਕਲਦੀਆਂ ਹਨ। ਵਿਧਿਆਂਚਲ ਮੇਰੀ ਮੇਖਲਾ ਹੈ। ਉੱਤਰ-ਪੂਰਬ ਅਤੇ ਪੱਛਮ-ਉੱਤਰ ਮੇਰੀਆਂ ਬਾਹਾਂ ਅਤੇ ਕੋਰੋਮੰਡਲ ਤੇ ਮਾਲਾਬਾਰ ਮੇਰੇ ਪੈਰ ਹਨ। ਮੈਂ ਸੰਪੂਰਨ ਭਾਰਤ ਹਾਂ।’ ਰਾਸ਼ਟਰ ਧਰਮ ਸਭ ਤੋਂ ਵੱਡਾ ਧਰਮ ਹੈ ਅਤੇ ਈਸ਼ਵਰ ਦੀ ਸਭ ਤੋਂ ਵੱਡੀ ਪੂਜਾ-ਅਰਚਨਾ ਹੈ। ਜਦ ਮਨ, ਵਚਨ ਤੇ ਕਰਮ ਰਾਹੀਂ ਸਾਡਾ ਕੋਈ ਵੀ ਕੰਮ ਦੇਸ਼ ਵਿਰੋਧੀ ਨਹੀਂ ਹੋਵੇਗਾ ਤਦ ਹੀ ਅਸੀਂ ਰਾਸ਼ਟਰ ਦੇ ਸੱਚੇ ਉਪਾਸ਼ਕ ਹੋ ਸਕਦੇ ਹਾਂ। ਇਕ ਦਿਨ ਕਿਸੇ ਵਿਅਕਤੀ ਨੇ ਸ੍ਰੀ ਅਰਵਿੰਦੋ ਨੂੰ ਪੁੱਛਿਆ, ‘ਦੇਸ਼ ਭਗਤ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ?’ ਤਦ ਉਨ੍ਹਾਂ ਨੇ ਭਾਰਤ ਦੇ ਨਕਸ਼ੇ ਵੱਲ ਇਸ਼ਾਰਾ ਕਰਦੇ ਹੋਏ ਉੱਤਰ ਦਿੱਤਾ, ‘ਇਹ ਮਾਨਚਿੱਤਰ ਨਹੀਂ, ਭਾਰਤ ਮਾਤਾ ਹੈ। ਜੇ ਪਿੰਡ-ਸ਼ਹਿਰ, ਨਦੀ-ਪਰਬਤ, ਜੰਗਲ-ਬਾਗ਼-ਬਗੀਚੇ ਇਸ ਦਾ ਸਰੀਰ ਹਨ ਤਾਂ ਇੱਥੇ ਰਹਿਣ ਵਾਲੇ ਲੋਕ ਇਸ ਦੀ ਆਤਮਾ ਹਨ।’ ਇਸ ਲਈ ਮੁਲਕ ਦੀ ਮਜ਼ਬੂਤੀ ਅਤੇ ਇਸ ਦੇ ਇੱਜ਼ਤ-ਮਾਣ ਨੂੰ ਚਿਰ-ਸਥਾਈ ਬਣਾਈ ਰੱਖਣ ਲਈ ਸਾਰਿਆਂ ਨੂੰ ਆਪਣੇ ਵਿਵੇਕ ਨੂੰ ਜਾਗਿ੍ਰਤ ਰੱਖਦੇ ਹੋਏ ਭਰਾਤਰੀ ਭਾਵ ਨਾਲ ਚੱਲਣ ਦੀ ਜ਼ਰੂਰਤ ਹੈ।
-ਡਾ. ਸੱਤਿਆ ਪ੍ਰਕਾਸ਼ ਮਿਸ਼ਰ।