ਅਵੰਤੀ ਪ੍ਰਦੇਸ਼ ਦਾ ਰਾਜਾ ਆਪਣੇ ਗੁਆਂਢੀ ਰਾਜ ਤੋਂ ਸਦਾ ਭੈਅਭੀਤ ਰਹਿੰਦਾ ਸੀ। ਉਸ ਨੂੰ ਹਮੇਸ਼ਾ ਇਸ ਗੱਲ ਦਾ ਡਰ ਲੱਗਿਆ ਰਹਿੰਦਾ ਸੀ ਕਿ ਉਸ ਸੂਬੇ ਦਾ ਸ਼ਾਸਕ ਉਸ ਦੇ ਰਾਜ ’ਤੇ ਹਮਲਾ ਕਰ ਕੇ ਉਸ ਨੂੰ ਕਦੇ ਵੀ ਹਰਾ ਦੇਵੇਗਾ। ਉਹ ਇਸ ਚਿੰਤਾ ਵਿਚ ਆਪਣੀ ਫ਼ੌਜੀ ਸ਼ਕਤੀ ਨੂੰ ਮਜ਼ਬੂਤ ਕਰਦਾ ਰਹਿੰਦਾ ਸੀ। ਇਸ ਦੇ ਉਲਟ ਗੁਆਂਢੀ ਰਾਸ਼ਟਰ ਦਾ ਸ਼ਾਸਕ ਚਿੰਤਾ ਤੋਂ ਮੁਕਤ ਰਹਿੰਦਾ ਸੀ ਕਿ ਉਹ ਜਦ ਵੀ ਚਾਹੇਗਾ, ਤਦ ਆਪਣੇ ਗੁਆਂਢੀ ਰਾਜ ’ਤੇ ਹਮਲਾ ਕਰ ਕੇ ਉਸ ਨੂੰ ਹਰਾ ਦੇਵੇਗਾ। ਇਕ ਦਿਨ ਅਵੰਤੀ ਪ੍ਰਦੇਸ਼ ’ਤੇ ਗੁਆਂਢੀ ਰਾਸ਼ਟਰ ਨੇ ਹਮਲਾ ਕਰ ਦਿੱਤਾ। ਅਵੰਤੀ ਪ੍ਰਦੇਸ਼ ਦੀ ਸੈਨਾ ਨੇ ਦੁਸ਼ਮਣ ਸੈਨਾ ਨਾਲ ਬੜੀ ਬਹਾਦਰੀ ਨਾਲ ਯੁੱਧ ਕੀਤਾ ਅਤੇ ਅਖ਼ੀਰ ਜਿੱਤ ਹਾਸਲ ਕੀਤੀ। ਹਾਰੇ ਹੋਏ ਗੁਆਂਢੀ ਸ਼ਾਸਕ ਨੇ ਆਪਣੇ ਮਹਾ-ਮੰਤਰੀ ਨੂੰ ਸੱਦਿਆ ਅਤੇ ਉਸ ਤੋਂ ਹਾਰ ਦਾ ਕਾਰਨ ਪੁੱਛਿਆ। ਮਹਾ-ਮੰਤਰੀ ਬੋਲਿਆ, ‘ਮਹਾਰਾਜ, ਇਸ ਜੰਗ ਵਿਚ ਤੁਹਾਡੀ ਹਾਰ ਲਈ ਕੋਈ ਹੋਰ ਨਹੀਂ ਬਲਕਿ ਚਿੰਤਾ ਜ਼ਿੰਮੇਵਾਰ ਹੈ।’ ਰਾਜੇ ਨੇ ਗੁੱਸੇ ਵਿਚ ਪੁੱਛਿਆ ਕਿ ਆਖ਼ਰ ਚਿੰਤਾ ਮੇਰੀ ਹਾਰ ਦਾ ਕਾਰਨ ਕਿਵੇਂ ਬਣ ਸਕਦੀ ਹੈ? ਮਹਾ-ਮੰਤਰੀ ਨੇ ਕਿਹਾ, ‘ਮਹਾਰਾਜ ਅਵੰਤੀ ਦੀ ਸੈਨਾ ਸਾਡੀ ਫ਼ੌਜ ਨਾਲੋਂ ਤਾਕਤਵਰ ਨਹੀਂ ਹੈ ਪਰ ਉਸ ਰਾਜ ਦੇ ਸ਼ਾਸਕ ਦੀ ਆਪਣੇ ਰਾਜ ਨੂੰ ਗੁਆਂਢੀ ਰਾਜ ਦੇ ਸੰਭਾਵੀ ਹਮਲੇ ਤੋਂ ਸੁਰੱਖਿਅਤ ਰੱਖਣ ਦੀ ਚਿੰਤਾ ਅਤੇ ਉਸ ਦੇ ਫ਼ਲਸਰੂਪ ਆਪਣੀ ਫ਼ੌਜੀ ਤਾਕਤ ਨੂੰ ਮਜ਼ਬੂਤ ਕਰਨ ਦੀ ਉਨ੍ਹਾਂ ਦੀ ਯੁੱਧ ਨੀਤੀ ਨੇ ਸਾਡਾ ਪਾਸਾ ਪਲਟ ਦਿੱਤਾ। ਅਸੀਂ ਆਪਣੇ ਰਾਜ ਦੀ ਸਰਹੱਦ ਨੂੰ ਸੁਰੱਖਿਅਤ ਰੱਖਣ ਦੀ ਜ਼ਰਾ ਵੀ ਚਿੰਤਾ ਨਹੀਂ ਕੀਤੀ ਅਤੇ ਇਹੀ ਸਾਡੀ ਹਾਰ ਦੀ ਵਜ੍ਹਾ ਬਣ ਗਈ।’ ਦੇਖਿਆ ਜਾਵੇ ਤਾਂ ਸਾਡੇ ਸਾਰਿਆਂ ਦੇ ਅੰਦਰ ਵੀ ਅਜਿਹਾ ਹੀ ਇਕ ਰਾਜਾ ਬੈਠਾ ਹੈ ਜੋ ਜੀਵਨ ਵਿਚ ਕਿਸੇ ਗੱਲ ਦਾ ਫ਼ਿਕਰ ਨਹੀਂ ਕਰਦਾ ਹੈ। ਇਕ ਹੱਦ ਤਕ ਚਿੰਤਾ ਜੀਵਨ ਜਿਊਣ ਦਾ ਇਕ ਲਾਜ਼ਮੀ ਅਤੇ ਅਨਿੱਖੜਵਾਂ ਅੰਗ ਹੈ। ਜਦ ਅਸੀਂ ਕਿਸੇ ਗੱਲ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤਦ ਅਸੀਂ ਖ਼ੁਦ ਦਾ ਆਤਮ-ਵਿਸ਼ਲੇਸ਼ਣ ਕਰਦੇ ਹਾਂ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰ ਕੇ ਖ਼ੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਚਿੰਤਾ ਨੂੰ ਆਪਣੇ ਜੀਵਨ ਦੀ ਢਾਲ ਬਣਾ ਸਕਦੇ ਹਾਂ ਅਤੇ ਖ਼ੁਦ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਤਿਆਰ-ਬਰ-ਤਿਆਰ ਕਰ ਸਕਦੇ ਹਾਂ। ਇਹ ਗੱਲ ਬਿਲਕੁਲ ਸਹੀ ਹੈ ਕਿ ਅਸੀਂ ਬੇਫ਼ਿਕਰ ਹੋ ਕੇ ਅਕਸਰ ਆਪਣਾ ਨੁਕਸਾਨ ਕਰਵਾ ਬੈਠਦੇ ਹਾਂ।
-ਸ੍ਰੀਪ੍ਰਕਾਸ਼ ਸ਼ਰਮਾ।