ਜ਼ਿਆਦਾਤਰ ਵਿਅਕਤੀ ਅੱਜ ਭੌਤਿਕ ਕਦਰਾਂ-ਕੀਮਤਾਂ ਦੇ ਉਪਾਸਕ ਬਣ ਗਏ ਹਨ। ਇਸ ਕਾਰਨ ਜੀਵਨ ਦੇ ਧਰਮ ਅਤੇ ਰਹੱਸ ਨੂੰ ਭੁਲਾ ਬੈਠੇ ਹਨ। ਉਨ੍ਹਾਂ ਦੀ ਇਸ ਉਪਾਸਨਾ ਨੇ ਜਗਤ ਨੂੰ ਬੜਾ ਖ਼ੁਸ਼ਗਵਾਰ, ਮਨਮੋਹਕ ਅਤੇ ਦਿਲਕਸ਼ ਬਣਾ ਦਿੱਤਾ ਹੈ। ਜਦਕਿ ਅਸਲੀ ਸੁੱਖ ਅੰਦਰੂਨੀ ਸੁੰਦਰਤਾ, ਅੰਦਰੂਨੀ ਜਾਗਿ੍ਰਤੀ ਅਤੇ ਅੰਤਰ-ਯਾਤਰਾ ਨਾਲ ਹੀ ਸੰਭਵ ਹੈ। ਭੌਤਿਕ ਖਿੱਚ ਦੇ ਪਿੱਛੇ ਮਨੁੱਖ ਦੌੜ ਰਿਹਾ ਹੈ। ਜੇ ਉਹ ਪਲ ਭਰ ਰੁਕ ਕੇ ਗੰਭੀਰਤਾ ਨਾਲ ਸੋਚੇ ਤਾਂ ਉਸ ਨੂੰ ਪਤਾ ਲੱਗੇਗਾ ਕਿ ਇਹ ਸਭ ਭਰਮਜਾਲ ਹੈ। ਜੀਵਨ ਉਹ ਨਹੀਂ ਜਿਸ ਨੂੰ ਉਹ ਗੁਜ਼ਾਰ ਰਿਹਾ ਹੈ। ਸੰਤ ਏਕਨਾਥ ਨੇ ਕਿਹਾ ਹੈ ਕਿ ਧਨ ਜੋੜ ਕੇ ਭਗਤੀ ਦਾ ਦਿਖਾਵਾ ਕਰਨ ਨਾਲ ਕੋਈ ਲਾਭ ਨਹੀਂ ਕਿਉਂਕਿ ਅਜਿਹਾ ਕਰਨ ਨਾਲ ਮਨ ਵਿਚ ਵਾਸਨਾ ਹੋਰ ਵੀ ਵਧ ਜਾਵੇਗੀ ਅਤੇ ਜਿਨ੍ਹਾਂ ਦਾ ਮਨ ਵਾਸਨਾ ਵਿਚ ਫਸਿਆ ਹੋਇਆ ਹੈ, ਉਨ੍ਹਾਂ ਨੂੰ ਅੰਤਰ-ਆਤਮਾ ਦੇ ਦਰਸ਼ਨ ਕਿਵੇਂ ਹੋ ਸਕਦੇ ਹਨ। ਹਕੀਕੀ ਸੁੱਖ ਹਾਸਲ ਕਰਨ ਲਈ ਵਿਅਕਤੀ ਭਗਤੀ ਅਰਥਾਤ ਸਾਧਨਾ ਵੱਲ ਝੁਕਦਾ ਜਾਂਦਾ ਹੈ। ਸਥਾਈ ਸੁੱਖ ਦੀ ਪ੍ਰਾਪਤੀ ਭਗਤੀ ’ਤੇ ਹੀ ਨਿਰਭਰ ਹੈ। ਭਗਤੀ ਨਾਲ ਮਨ ਨੂੰ ਵਸ ਵਿਚ ਕਰਨਾ ਹੈ ਅਤੇ ਮਨ ਨੂੰ ਵਸ ਵਿਚ ਕਰਨ ਦਾ ਸਰਲ ਉਪਾਅ ਹੈ ਉਸ ਨੂੰ ਪਰਮਾਤਮਾ ਲਈ ਨਿਰੰਤਰ ਭਲੇ ਕੰਮਾਂ ਵਿਚ ਲਗਾਈ ਰੱਖਣਾ। ਮਹਾਤਮਾ ਗਾਂਧੀ ਨੇ ਪ੍ਰੇਮਾ ਭੈਣ ਦੇ ਨਾਂ ਲਿਖੇ ਪੱਤਰ ਵਿਚ ਲਿਖਿਆ-ਜੋ ਲੋਕ ਕ੍ਰਿਸ਼ਨ-ਕ੍ਰਿਸ਼ਨ ਕਹਿੰਦੇ ਹਨ, ਉਹ ਉਸ ਦੇ ਪੁਜਾਰੀ ਨਹੀਂ ਹਨ। ਜੋ ਉਨ੍ਹਾਂ ਦਾ ਕੰਮ ਕਰਦੇ ਹਨ, ਉਹੀ ਪੁਜਾਰੀ ਹਨ। ਰੋਟੀ-ਰੋਟੀ ਕਹਿਣ ਨਾਲ ਪੇਟ ਨਹੀਂ ਭਰਦਾ ਸਗੋਂ ਰੋਟੀ ਖਾਣ ਨਾਲ ਹੀ ਭਰਦਾ ਹੈ। ਮਨ ਨੂੰ ਵਸ ਵਿਚ ਕਰਨ ਦਾ ਅਭਿਆਸ ਅਨੇਕ ਤਰ੍ਹਾਂ ਦਾ ਹੁੰਦਾ ਹੈ। ਇਨ੍ਹਾਂ ਅਭਿਆਸਾਂ ਨੂੰ ਹੀ ਭਗਤੀ ਅਰਥਾਤ ਸਾਧਨਾ ਕਿਹਾ ਗਿਆ ਹੈ। ਜਿਸ ਵਿਅਕਤੀ ਨੇ ਖ਼ੁਦ ਨੂੰ ਸ਼ਾਂਤੀ-ਅਸ਼ਾਂਤੀ, ਮਾਣ-ਅਪਮਾਨ ਅਤੇ ਸੁੱਖ-ਦੁੱਖ ਤੋਂ ਨਿਰਲੇਪ ਬਣਾ ਲਿਆ ਹੈ, ਉਹੀ ਨਿਰਵਿਘਨ ਸ਼ਾਂਤੀ ਹਾਸਲ ਕਰ ਸਕਦਾ ਹੈ। ਜੋ ਵਿਅਕਤੀ ਕਾਮ-ਕਰੋਧ ਦੇ ਵੇਗਾਂ ਨੂੰ ਸਹਿ ਸਕਦਾ ਹੈ, ਉਹੀ ਅਸਲ ਵਿਚ ਸੁਖੀ ਹੈ। ਦਰਅਸਲ, ਭਗਤੀ ਹੀ ਹਕੀਕੀ ਸੁੱਖ ਅਤੇ ਆਨੰਦ ਦਾ ਸਹੀ ਮਾਰਗ ਹੈ। ਉਸ ਵਿਚ ਵੀ ਨਿਸ਼ਕਾਮ ਭਗਤੀ ਹੀ ਸੱਚੀ ਭਗਤੀ ਹੈ ਜੋ ਪਰਮਾਤਮਾ ਅਤੇ ਪਰਮ ਸੁੱਖ ਨਾਲ ਰੂਬਰੂ ਕਰਵਾਉਣ ਵਿਚ ਸਮਰੱਥ ਹੈ। ਸਾਨੂੰ ਭਗਤੀ ਦੇ ਇਸੇ ਮਾਰਗ ’ਤੇ ਚੱਲ ਕੇ ਉਸ ਦੀ ਸ਼ਕਤੀ ਨਾਲ ਜੀਵਨ ਨੂੰ ਸਾਰਥਕ ਬਣਾਉਣ ਲਈ ਜ਼ੋਰਦਾਰ ਤਰੱਦਦ ਕਰਨਾ ਚਾਹੀਦਾ ਹੈ।-ਲਲਿਤ ਗਰਗ।