ਅਜੋਕੇ ਦੌਰ ’ਚ ਸਾਰੇ ਧਰਮਾਂ, ਉਮਰ ਤੇ ਕਾਰੋਬਾਰਾਂ ਦੇ ਲੋਕ ਧਿਆਨ-ਅਭਿਆਸ ਕਰ ਰਹੇ ਹਨ। ਇਹ ਲੋਕ ਵੱਖ-ਵੱਖ ਸੰਗਠਨਾਂ ’ਚ ਸ਼ਾਮਲ ਹੋ ਕੇ ਯੋਗਾ ਦੀਆਂ ਵੱਖ-ਵੱਖ ਸ਼ੈਲੀਆਂ ਦਾ ਅਭਿਆਸ ਕਰ ਰਹੇ ਹਨ। ਟ੍ਰਾਂਸੇਡੇਂਟਲ ਮੈਡੀਟੇਸ਼ਨ, ਬੁੱਧ ਧਰਮ ਤੇ ਸੂਫ਼ੀਵਾਦ ਆਦਿ ਇਸ ਦੀਆਂ ਮੁੱਖ ਮਿਸਾਲਾਂ ਹਨ। ਧਿਆਨ-ਅਭਿਆਸ ਦੇ ਕੁਝ ਪਹਿਲੂ ਡਾਕਟਰਾਂ, ਅਧਿਆਪਕਾਂ, ਵਿਗਿਆਨੀਆਂ, ਵਕੀਲਾਂ, ਵਪਾਰੀਆਂ, ਸਿਆਸਤਦਾਨਾਂ, ਰਚਨਾਤਮਕ ਕਲਾਵਾਂ ਤੇ ਹੋਰ ਸਾਰੇ ਖੇਤਰਾਂ ’ਚ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਬਣ ਰਹੇ ਹਨ। ਧਿਆਨ-ਅਭਿਆਸ ਹੁਣ ਨਿਰਾਸ਼ਾ ਨੂੰ ਦੂਰ ਕਰਨ ਤੇ ਰੋਜ਼ਾਨਾ ਜੀਵਨ ਦੇ ਤਣਾਅ ਨੂੰ ਘੱਟ ਕਰਨ ਦੇ ਸਾਧਨ ਵਜੋਂ ਪਛਾਣਿਆ ਜਾਣ ਲੱਗਾ ਹੈ। ਇਸ ਦੀ ਵਰਤੋਂ ਕਈ ਲੋਕ ਕਾਰਜ-ਕੁਸ਼ਲਤਾ ਵਧਾਉਣ ਤੇ ਵਿਦਿਆਰਥੀਆਂ ’ਚ ਇਕਾਗਰਤਾ ਵਧਾਉਣ ’ਚ ਮਦਦ ਕਰਨ ਲਈ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਜੋ ਲੋਕ ਨਸ਼ੇ ਦੇ ਆਦੀ ਸਨ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਕੁਦਰਤੀ ਸਾਧਨ ਦੇਣ ਲਈ ਵੀ ਧਿਆਨ-ਅਭਿਆਸ ਕੀਤਾ ਜਾ ਰਿਹਾ ਹੈ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਚਿੰਤਾ ਦੂਰ ਕਰਨ ਤੇ ਜ਼ਿਆਦਾ ਕਾਰਜਸ਼ੀਲ ਬਣਨ ਲਈ ਵੀ ਧਿਆਨ-ਅਭਿਆਸ ਕਰਦੇ ਹਨ। ਗੰਭੀਰਤਾ ਨਾਲ ਜੀਵਨ ਤੇ ਮੌਤ ਦੇ ਰਹੱਸਾਂ ਨੂੰ ਸੁਲਝਾਉਣ ਲਈ ਧਿਆਨ-ਅਭਿਆਸ ਵੱਲ ਰੁਖ਼ ਕਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅਸੀਂ ਆਪਣੇ ਜੀਵਨ ’ਚ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ। ਬਚਪਨ ’ਚ ਅਸੀਂ ਮਾਪਿਆਂ ਤੇ ਅਧਿਆਪਕਾਂ ਤੋਂ ਸਿੱਖਦੇ ਹਾਂ। ਮਗਰੋਂ ਅਸੀਂ ਆਪਣੇ ਕਾਲਜ ਦੇ ਪ੍ਰੋਫੈਸਰਾਂ ਤੋਂ ਸਿੱਖਦੇ ਹਾਂ। ਇੱਥੋਂ ਤਕ ਕਿ ਜਦ ਅਸੀਂ ਆਪਣਾ ਪੇਸ਼ਾ ਅਪਣਾਉਂਦੇ ਹਾਂ ਤਾਂ ਉਨ੍ਹਾਂ ਲੋਕਾਂ ਤੋਂ ਸਿੱਖਦੇ ਹਾਂ ਜੋ ਪਹਿਲਾਂ ਹੀ ਉਸ ਖੇਤਰ ’ਚ ਕੁਸ਼ਲ ਹੁੰਦੇ ਹਨ। ਸਾਡੀਆਂ ਲਾਇਬ੍ਰੇਰੀਆਂ ’ਚ ਸਭ ਪੁਸਤਕਾਂ ਹੋਣ ਦੇ ਬਾਵਜੂਦ ਜਦ ਅਸੀਂ ਇਕ ਵਿਸ਼ੇ ’ਚ ਮੁਹਾਰਤ ਹਾਸਲ ਕਰਨੀ ਚਾਹੁੰਦੇ ਹਾਂ ਤਾਂ ਵੀ ਅਸੀਂ ਕਿਸੇ ਅਧਿਆਪਕ ਕੋਲ ਜਾਂਦੇ ਹਾਂ। ਜੇ ਬਾਹਰਲੇ ਗਿਆਨ ਦੇ ਮਾਮਲੇ ’ਚ ਅਜਿਹਾ ਹੈ ਤਾਂ ਰੂਹਾਨੀ ਗਿਆਨ ਦੀ ਗੱਲ ਆਉਣ ’ਤੇ ਕਿਸੇ ਮਾਹਿਰ ਦੀ ਮਦਦ ਲੈਣੀ ਕਿੰਨੀ ਜ਼ਿਆਦਾ ਅਹਿਮ ਹੋਵੇਗੀ। ਜੇ ਅਸੀਂ ਆਪਣੇ ਅੰਦਰ ਰੂਹਾਨੀ ਅਹਿਸਾਸ ਕਰ ਲੈਂਦੇ ਹਾਂ ਤਾਂ ਬੜੀ ਛੇਤੀ ਸਾਡੀ ਰੂਹਾਨੀ ਜਾਗਿ੍ਰਤੀ ਹੋਵੇਗੀ ਜਿਸ ਦੇ ਸਿੱਟੇ ਵਜੋਂ ਅਸੀਂ ਖ਼ੁਦ ਆਪਣੇ ਅੰਦਰ ਸਦੀਵੀ ਖ਼ੁਸ਼ੀ ਤੇ ਆਨੰਦ ਅਨੁਭਵ ਕਰ ਸਕਾਂਗੇ।
-ਸੰਤ ਰਾਜਿੰਦਰ ਸਿੰਘ।