ਧਰਮ-ਸ਼ਾਸਤਰਾਂ ’ਚ ਮਾਤਾ-ਪਿਤਾ ਦਾ ਦਰਜਾ ਭਗਵਾਨ ਦੇ ਬਰਾਬਰ ਰੱਖਿਆ ਗਿਆ ਹੈ। ਜਦ ਮਾਪਿਆਂ ਨੂੰ ਭਗਵਾਨ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ ਤਦ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਥਿਤੀ ਪੂਜਨੀਕ ਬਣਾਉਣ। ਆਮ ਤੌਰ ’ਤੇ ਮਾਪਿਆਂ ਦੀ ਇਹ ਸ਼ਿਕਾਇਤ ਸੁਣਨ ਨੂੰ ਮਿਲਦੀ ਹੈ ਕਿ ਔਲਾਦ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੈ ਪਰ ਕੀ ਅਜਿਹਾ ਇਕਤਰਫ਼ਾ ਮੁਲਾਂਕਣ ਸਹੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣਾ ਬਹੁ-ਪੱਖੀ ਮੁਲਾਂਕਣ ਵੀ ਕਰਨ ਕਿ ਕੀ ਉਨ੍ਹਾਂ ਦਾ ਆਚਰਣ ਪੂਜਨੀਕ ਹੈ? ਅਸਲ ਵਿਚ ਔਲਾਦ ਦੀ ਸ੍ਰੇਸ਼ਠਤਾ ਦਾ ਨਿਰਧਾਰਨ ਗਰਭ ਅਵਸਥਾ ਦੌਰਾਨ ਹੀ ਹੋਣ ਲੱਗਦਾ ਹੈ। ਇਸ ਦੌਰਾਨ ਗਰਭਵਤੀ ਮਾਂ ਅਤੇ ਪਿਤਾ ਨੂੰ ਬਹੁਤ ਸੰਜਮੀ ਜੀਵਨ ਜਿਊਣਾ ਚਾਹੀਦਾ ਹੈ ਕਿਉਂਕਿ ਗਰਭ ਵਿਚ ਪਲ ਰਹੇ ਬੱਚੇ ਦੇ ਸਭ ਤੋਂ ਨੇੜੇ ਉਹੀ ਹੁੰਦੇ ਹਨ। ਜਦ ਇਹ ਲੋਕ ਲੜਾਈ-ਝਗੜਾ ਕਰਦੇ ਰਹਿਣਗੇ ਤਾਂ ਉਸ ਦਾ ਮਾੜਾ ਅਸਰ ਬੱਚੇ ’ਤੇ ਪੈ ਕੇ ਰਹੇਗਾ। ਓਥੇ ਹੀ ਉਨ੍ਹਾਂ ਦੇ ਮਿਸਾਲੀ ਆਚਰਣ ਨਾਲ ਗਰਭ ਵਿਚ ਪਲ ਰਿਹਾ ਬੱਚਾ ਉਸੇ ਤਰ੍ਹਾਂ ਹੀ ਪ੍ਰਭਾਵਿਤ ਹੋਵੇਗਾ। ਸਾਡੇ ਗ੍ਰੰਥਾਂ ਵਿਚ ਉਦਾਹਰਨ ਹੈ ਕਿ ਸ੍ਰੀਰਾਮ ਜਦ ਕੌਸ਼ੱਲਿਆ ਦੇ ਗਰਭ ਵਿਚ ਆਏ ਤਾਂ ਕੌਸ਼ੱਲਿਆ ਨੂੰ ਪਰਮ ਆਨੰਦ ਦਾ ਅਹਿਸਾਸ ਹੋਣ ਲੱਗਾ। ਇਸੇ ਤਰ੍ਹਾਂ ਆਪਣੇ ਗਰਭ ਵਿਚ ਸ੍ਰੀਕ੍ਰਿਸ਼ਨ ਦੀ ਦਸਤਕ ਦੇ ਨਾਲ ਹੀ ਦੇਵਕੀ ਨੂੰ ਜੇਲ੍ਹ ਦਾ ਮਾਹੌਲ ਵੀ ਸੁਖਾਵਾਂ ਲੱਗਣ ਲੱਗਾ। ਆਦਿਗੁਰੂ ਸ਼ੰਕਰਾਚਾਰੀਆ ਜਦ ਗਰਭ ਵਿਚ ਆਏ ਤਾਂ ਉਨ੍ਹਾਂ ਦੀ ਮਾਂ ਨੂੰ ਗਹਿਣੇ ਅਤੇ ਸੰਸਾਰਕ ਚਮਕ-ਦਮਕ ਫਿੱਕੀ ਦਿਸਣ ਲੱਗੀ ਸੀ। ਇਹ ਸਭ ਇਕਦਮ ਨਹੀਂ ਹੁੰਦਾ। ਇਸ ਖ਼ਾਤਰ ਮਹਿਲਾ ਅਤੇ ਪੁਰਸ਼ ਨੂੰ ਵਿਆਹ ਹੁੰਦੇ ਹੀ ਤਮਾਮ ਗ਼ੈਰ-ਜ਼ਰੂਰੀ ਹਾਲਾਤ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ। ਸਾਡੇ ਸਾਹਮਣੇ ਅਭਿਮੰਨਿਊ ਦੀ ਵੀ ਮਿਸਾਲ ਹੈ। ਉਸ ਨੂੰ ਚੱਕਰਵਿਊ ਦੇ ਅੰਤਿਮ ਦੁਆਰ ਤੋਂ ਨਿਕਲਣ ਦਾ ਗਿਆਨ ਇਸ ਲਈ ਹਾਸਲ ਨਹੀਂ ਹੋ ਸਕਿਆ ਕਿਉਂਕਿ ਜਦ ਅਰਜੁਨ ਇਹ ਸਭ ਕੁਝ ਦੱਸ ਰਹੇ ਸਨ ਤਦ ਸੁਭੱਦਰਾ ਸੌਂ ਗਈ ਸੀ। ਇੱਥੇ ਸੌਣ ਦਾ ਇਹੀ ਮਤਲਬ ਹੈ ਕਿ ਉਹ ਅਰਜੁਨ ਦੁਆਰਾ ਦਿੱਤੇ ਜਾ ਰਹੇ ਗਿਆਨ ਪ੍ਰਤੀ ਗ਼ੈਰ-ਦਿਲਚਸਪੀ ਦਿਖਾਉਣ ਲੱਗੀ ਸੀ। ਉਸ ਦੀ ਥੋੜ੍ਹੀ ਜਿਹੀ ਲਾਪਰਵਾਹੀ ਦਾ ਨਤੀਜਾ ਇਹ ਹੋਇਆ ਕਿ ਅਭਿਮੰਨਿਊ ਦੀ ਮੌਤ ਮੈਦਾਨ-ਏ-ਜੰਗ ਵਿਚ 16 ਸਾਲ ਦੀ ਅਵਸਥਾ ਵਿਚ ਹੋ ਗਈ। ਅਸਲੀਅਤ ਇਹੀ ਹੈ ਕਿ ਸੰਤਾਨ ਨੂੰ ਆਦਰਸ਼ ਬਣਾਉਣ ਵਿਚ ਮਾਤਾ-ਪਿਤਾ ਨੂੰ ਖ਼ੁਦ ਮਿਸਾਲ ਬਣਨਾ ਹੁੰਦਾ ਹੈ। ਜੇਕਰ ਮਾਤਾ-ਪਿਤਾ ਔਲਾਦ ਨੂੰ ਸਹੀ ਸੰਸਕਾਰ ਦੇਣ, ਉਸ ਨੂੰ ਮਾੜੀ ਸੰਗਤ ਤੋਂ ਬਚਣ ਲਈ ਪ੍ਰੇਰਿਤ ਕਰਨ ਤੇ ਖ਼ੁਦ ਮਿਸਾਲ ਬਣਨ ਤਾਂ ਔਲਾਦ ਦੇ ਆਕੀ ਹੋਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
-ਸਲਿਲ ਪਾਂਡੇ।