ਮਨੁੱਖੀ ਜੀਵਨ ’ਚ ਸੰਜਮ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਸ ਨੂੰ ਆਤਮਸਾਤ ਕਰ ਕੇ ਅਸੀਂ ਜ਼ਿੰਦਗੀ ਦੇ ਔਖੇ ਹਾਲਾਤ ’ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਵਾਹਨ ਦੀ ਰਫ਼ਤਾਰ ਜਿੰਨੀ ਤੇਜ਼ ਹੋਵੇਗੀ, ਯਕੀਨੀ ਤੌਰ ’ਤੇ ਉਸ ਨੂੰ ਕਾਬੂ ਕਰਨਾ ਵੀ ਓਨਾ ਹੀ ਔਖਾ ਹੋਵੇਗਾ। ਸੰਯੋਗ ਨਾਲ ਮਨੁੱਖ ਦਾ ਮਨ ਵੀ ਇਕ ਤੀਬਰ ਗਤੀ ਵਾਲੇ ਵਾਹਨ ਦੇ ਸਮਾਨ ਹੀ ਹੈ। ਅਨੰਤ ਇੱਛਾਵਾਂ ਵਾਲੇ ਇਸ ਚੰਚਲ ਮਨ ਨੂੰ ਕਾਬੂ ਕਰਨ ’ਚ ਕ੍ਰੋਧ, ਲੋਭ, ਮੋਹ, ਸਵਾਰਥ, ਈਰਖਾ, ਸਾੜੇ ਵਰਗੇ ਤੱਤ ਇਕ ਵੱਡੇ ਅੜਿੱਕੇ ਦੀ ਭੂਮਿਕਾ ਨਿਭਾਉਂਦੇ ਹਨ। ਕੁਦਰਤ ਨੇ ਮਨੁੱਖ ਨੂੰ ਤੋਹਫ਼ੇ ਵਜੋਂ ਊਰਜਾ ਦਾ ਅਥਾਹ ਸਾਗਰ ਦਿੱਤਾ ਹੈ ਪਰ ਜੇ ਮਨ ਵੱਸ ’ਚ ਨਹੀਂ ਹੈ ਤਾਂ ਇਸ ਊਰਜਾ ਦਾ ਵਹਾਅ ਨਾਂਹ-ਪੱਖੀ ਦਿਸ਼ਾ ’ਚ ਹੋਣ ਲੱਗਦਾ ਹੈ। ਨਤੀਜੇ ਵਜੋਂ ਮਨੁੱਖ ਅਪ੍ਰਤੱਖ ਤੌਰ ’ਤੇ ਹੌਲੀ-ਹੌਲੀ ਖ਼ੁਦ ਹੀ ਆਪਣਾ ਨੁਕਸਾਨ ਕਰਦਾ ਰਹਿੰਦਾ ਹੈ ਤੇ ਉੱਨਤੀ ਦੇ ਰਾਹ ਤੋਂ ਦੂਰ ਹਟਦਾ ਜਾਂਦਾ ਹੈ। ਇਨ੍ਹਾਂ ਸਾਰੇ ਮਾੜੇ ਨਤੀਜਿਆਂ ਤੋਂ ਬਚਣ ਦਾ ਇਕਮਾਤਰ ਉਪਾਅ ਹੈ ਸੰਜਮ। ਇਕ ਵਾਰ ਜੇ ਮਨ, ਵਚਨ, ਕਰਮ ਤੋਂ ਇਸ ਨੂੰ ਜੀਵਨ ਦਾ ਅੰਗ ਬਣਾ ਲਿਆ ਜਾਵੇ ਤਾਂ ਗੁਣਾਂ ਦਾ ਇਕ ਸਮੂਹ ਅਰਥਾਤ ਸਬਰ, ਮਾਫ਼ੀ, ਇਕਾਗਰਤਾ, ਪ੍ਰੇਮ, ਉਦਾਰਤਾ, ਤਿਆਗ ਆਦਿ ਖ਼ੁਦ ਹੀ ਸ਼ਖ਼ਸੀਅਤ ’ਚ ਸ਼ਾਮਲ ਹੋ ਜਾਂਦੇ ਹਨ। ਸੰਜਮ ਮਨੁੱਖ ਦੀ ਊਰਜਾ ਨੂੰ ਕੇਂਦ੍ਰਿਤ ਕਰ ਕੇ ਉਸ ਦੇ ਵਹਾਅ ਨੂੰ ਹਾਂ-ਪੱਖੀ ਦਿਸ਼ਾ ’ਚ ਯਕੀਨੀ ਕਰਦਾ ਹੈ, ਜਿਸ ਨਾਲ ਉਹ ਤਰੱਕੀ ਦੇ ਰਾਹ ’ਤੇ ਵਧਦਾ ਹੋਇਆ ਮੁਸ਼ਕਲ ਟੀਚਿਆਂ ਨੂੰ ਵੀ ਸਰਲਤਾ ਨਾਲ ਹਾਸਲ ਕਰਨ ਵਿਚ ਸਫਲ ਹੁੰਦਾ ਹੈ। ਸੰਜਮ ਦੀ ਘਾਟ ਕਾਰਨ ਟੀਚਾ ਹਾਸਲ ਕਰਨ ਵਿਚ ਖੁੰਝ ਜਾਣਾ ਇਕ ਆਮ ਪਰ ਯਕੀਨੀ ਗੱਲ ਹੈ। ਆਤਮ ਸੰਜਮ ਲਈ ਆਤਮ-ਨਿਰੀਖਣ ਜ਼ਰੂਰੀ ਹੈ। ਸਾਨੂੰ ਆਪਣੀ ਸ਼ਖ਼ਸੀਅਤ ਦੇ ਨਾਂਹ-ਪੱਖੀ ਪਹਿਲੂਆਂ ਤੇ ਆਪਣੀਆਂ ਬੁਰਾਈਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਤਿਆਗਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਸ ਮਗਰੋਂ ਨੈਤਿਕਤਾ ਤੇ ਸਬਰ ਦਾ ਸੁਮੇਲ ਕਰਦਿਆਂ ਸੰਜਮ ਦੀ ਸਾਧਨਾ ਦਾ ਯਤਨ ਆਰੰਭ ਕਰਨਾ ਚਾਹੀਦਾ ਹੈ। ਮਾਨਸਿਕ ਵਿਕਾਰਾਂ, ਚਰਿੱਤਰ ਬਾਬਤ ਕਮਜ਼ੋਰੀਆਂ, ਨੈਤਿਕ ਪਤਨ ਆਦਿ ਅਨੇਕ ਦੁਸ਼ਮਣਾਂ ਤੋਂ ਰੱਖਿਆ ਕਰਨ ਕਾਰਨ ਆਤਮ ਸੰਜਮ ਮਨੁੱਖ ਲਈ ਸੁਰੱਖਿਆ ਢਾਲ ਦੀ ਭੂਮਿਕਾ ਨਿਭਾਉਂਦਾ ਹੈ। ਜਿਹੜੇ ਇਨਸਾਨਾਂ ਵਿਚ ਸਬਰ-ਸੰਤੋਖ ਨਹੀਂ ਹੁੰਦਾ, ਉਨ੍ਹਾਂ ਦੀ ਆਤਮਾ ਕਦੇ ਤ੍ਰਿਪਤ ਨਹੀਂ ਹੁੰਦੀ। ਉਹ ਸੰਸਾਰਕ ਚਮਕ-ਦਮਕ ’ਚ ਫਸੇ ਰਹਿੰਦੇ ਹਨ ਅਤੇ ਭੌਤਿਕ ਵਸਤਾਂ ਵੱਧ ਤੋਂ ਵੱਧ ਇਕੱਠੀਆਂ ਕਰਨ ਦੀ ਉਨ੍ਹਾਂ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ। -ਸ਼ਿਸ਼ਿਰ ਸ਼ੁਕਲਾ।