ਅੱਜ ਪੂਰੀ ਦੁਨੀਆ ’ਚ ਧਿਆਨ-ਅਭਿਆਸ ਕਰਨਾ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਹਾਲਾਂਕਿ ਧਿਆਨ-ਅਭਿਆਸ ਦਾ ਮੁੱਖ ਕਾਰਨ ਰੂਹਾਨੀ ਜਾਗਿ੍ਰਤੀ ਹੈ। ਇਸ ਦੇ ਨਾਲ-ਨਾਲ ਇਸ ਦੇ ਕਈ ਹੋਰ ਲਾਭ ਵੀ ਹਨ, ਇਨ੍ਹਾਂ ’ਚੋਂ ਇਕ ਹੈ ਧਿਆਨ ਜ਼ਰੀਏ ਸਰੀਰਕ ਇਲਾਜ ਕਰਨਾ। ਬੀਤੇ ਕੁਝ ਦਹਾਕਿਆਂ ਤੋਂ ਡਾਕਟਰ ਅਤੇ ਵਿਗਿਆਨੀ ਸਰੀਰ ਅਤੇ ਮਨ ਦੇ ਸਬੰਧ ਅਤੇ ਇਨ੍ਹਾਂ ਦਾ ਸਾਡੀ ਸਿਹਤ ’ਤੇ ਕੀ ਪ੍ਰਭਾਵ ਹੁੰਦਾ ਹੈ? ਇਸ ’ਤੇ ਕੰਮ ਕਰ ਰਹੇ ਹਨ। ਮੈਡੀਕਲ ਰਿਸਰਚ ਵਿਚ ਬਿਮਾਰੀ ਅਤੇ ਸਾਡੀ ਭਾਵਨਾਤਮਕ ਅਤੇ ਮਾਨਸਿਕ ਸਥਿਤੀ ਵਿਚ ਇਕ ਸਬੰਧ ਦੱਸਿਆ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਜਦ ਅਸੀਂ ਮਾਨਸਿਕ ਤਣਾਅ ਜਾਂ ਭਾਵਨਾਤਮਕ ਪੀੜਾ ਅਤੇ ਉਦਾਸੀ ’ਚੋਂ ਗੁਜ਼ਰਦੇ ਹਾਂ, ਉਦੋਂ ਸਾਡੇ ਸਰੀਰ ਦੀ ਰੋਗ ਰੋਕੂ ਸਮਰੱਥਾ ਘੱਟ ਹੋ ਜਾਂਦੀ ਹੈ। ਅਸੀਂ ਬਿਮਾਰੀ ਦੀ ਲਪੇਟ ਵਿਚ ਜਲਦੀ ਆ ਜਾਂਦੇ ਹਾਂ ਕਿਉਂਕਿ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿਚ ਭਾਰੀ ਕਮੀ ਆ ਜਾਂਦੀ ਹੈ। ਵਿਗਿਆਨੀਆਂ ਨੇ ਦੱਸਿਆ ਹੈ ਕਿ ਕੁਝ ਬਿਮਾਰੀਆਂ ਜਿਵੇਂ ਕਿ ਹਾਜ਼ਮੇ, ਸਾਹ ਦੀ ਤਕਲੀਫ਼, ਦਿਲ ਦੇ ਰੋਗ ਅਤੇ ਮਾਈਗ੍ਰੇਨ-ਸਿਰਦਰਦ ਦੀ ਤਕਲੀਫ਼ ਕਦੇ-ਕਦੇ ਤਣਾਅ ਕਾਰਨ ਹੋ ਸਕਦੀਆਂ ਹਨ। ਸੋ, ਜੇ ਅਸੀਂ ਆਪਣੇ ਜੀਵਨ ’ਚ ਤਣਾਅ ਨੂੰ ਘੱਟ ਕਰਾਂਗੇ ਤਾਂ ਸ਼ਾਇਦ ਅਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹਾਂ। ਇਸ ਸੰਭਾਵਨਾ ਨੂੰ ਜਾਂਚਣ ਲਈ ਸਾਨੂੰ ਆਪਣੇ ਜੀਵਨ ’ਚ ਤਣਾਅ ਦੇ ਮੂਲ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। ਇਸ ਰੁਝੇਵੇਂ ਭਰੀ ਤੇ ਤੇਜ਼ ਭੱਜਦੀ ਹੋਈ ਦੁਨੀਆ ’ਚ ਅਸੀਂ ਲਗਾਤਾਰ ਸੂਚਨਾਵਾਂ ਤੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਪੂਰੇ ਕਰਨ ’ਚ ਹੀ ਘਿਰੇ ਰਹਿੰਦੇ ਹਾਂ ਜਿਸ ਕਾਰਨ ਸਾਡਾ ਜੀਵਨ ਜਟਿਲ ਹੁੰਦਾ ਜਾ ਰਿਹਾ ਹੈ। ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ, ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀ, ਵਧ ਰਹੀਆਂ ਜ਼ਿੰਮੇਵਾਰੀਆਂ ਅਤੇ ਵਧਦੀ ਹੋਈ ਸਮਾਂ ਹੱਦ ਦੇ ਨਾਲ ਅਜਿਹਾ ਲੱਗਦਾ ਹੈ ਕਿ ਲੋਕਾਂ ਕੋਲ ਕਰਨ ਲਈ ਜਿੰਨਾ ਜ਼ਿਆਦਾ ਕੰਮ ਹੈ, ਓਨਾ ਢੁੱਕਵਾਂ ਸਮਾਂ ਸ਼ਾਇਦ ਨਹੀਂ ਹੈ। ਡਾਕਟਰੀ ਖੋਜਾਂ ਨੇ ਧਿਆਨ-ਅਭਿਆਸ ਨੂੰ ਇਕ ਤਰੀਕਾ ਦੱਸਿਆ ਹੈ ਜਿਸ ’ਚ ਅਸੀਂ ਆਪਣਾ ਧਿਆਨ ਬਾਹਰਲੇ ਤਣਾਅ ਤੋਂ ਹਟਾ ਕੇ ਆਪਣੇ ਅੰਦਰ ਟਿਕਾਉਂਦੇ ਹਾਂ ਜਿਸ ਨਾਲ ਸਾਡੇ ਜੀਵਨ ’ਚ ਤਣਾਅ ਘੱਟ ਕਰਨ ’ਚ ਮਦਦ ਮਿਲਦੀ ਹੈ। ਅਜਿਹਾ ਕਰਨ ਨਾਲ ਤਣਾਅ ਸਬੰਧੀ ਬਿਮਾਰੀਆਂ ਹੋਣ ਦੀ ਸੰਭਾਵਨਾ ਮੱਠੀ ਪੈਂਦੀ ਹੈ। -ਸੰਤ ਰਾਜਿੰਦਰ ਸਿੰਘ।