ਜਨਮ ਤੋਂ ਕੋਈ ਵੀ ਹਿੰਦੂ-ਸਿੱਖ ਜਾਂ ਈਸਾਈ ਨਹੀਂ ਹੁੰਦਾ। ਪਰਮੇਸ਼ਰ ਨੇ ਮਨੁੱਖ ਹੀ ਬਣਾਇਆ ਸੀ। ਬੱਚੇ ਦੇ ਜਨਮ ਤੋਂ ਕਈ ਸਾਲ ਜਾਂ ਮਹੀਨੇ ਬਾਅਦ ਮਾਪੇ ਜਾਂ ਸਮਾਜ ਹੀ ਬੱਚੇ ਨੂੰ ਧਰਮ ਸਿਖਾਉਂਦੇ ਨੇ, ਧਰਮ ਨਾਲ ਜੋੜਦੇ ਨੇ ਤੇ ਧਾਰਮਿਕ ਬਣਾਉਂਦੇ ਨੇ।
ਸੱਤਾ ਦੇ ਹੰਕਾਰ ਤੇ ਹਕੂਮਤ ਦੇ ਨਸ਼ੇ ਨੇ ਬਲਦੀ ’ਤੇ ਤੇਲ ਹੀ ਪਾਇਆ। ਬਹੁਤ ਸਾਰੀਆਂ ਭਿਆਨਕ ਜੰਗਾਂ ਕੇਵਲ ਧਰਮ ਕਰਕੇ ਹੀ ਸਮਾਜ ਦੇ ਗਲ ਪਈਆਂ। ਉਂਝ ਧਰਮ ਸੁੱਖ ਸ਼ਾਂਤੀ, ਤਰੱਕੀ, ਨਿਮਰਤਾ, ਨਿਆਂ, ਨਿਡਰਤਾ, ਅਡੋਲਤਾ, ਅਣਖ, ਨਿਰਵੈਰਤਾ ਤੇ ਨਿਰਮਾਣਤਾ ਦਾ ਪ੍ਰਤੀਕ ਹੈ। ਜਿੱਥੇ ਅਡੋਲਤਾ, ਸਹਿਜਤਾ, ਆਪਣੇਪਣ ਦਾ ਅਹਿਸਾਸ ਹੋਣਾ ਚਾਹੀਦਾ ਸੀ, ਨਿਆਂ, ਮਨੁੱਖਤਾ, ਵਿਸ਼ਵਾਸ ਤੇ ਅਕੀਦਤ ਦਾ ਵਾਸ ਹੋਣਾ ਚਾਹੀਦਾ ਸੀ, ਉੱਥੇ ਈਰਖਾ, ਜ਼ੁਲਮ-ਸਿਤਮ, ਅਨਿਆਂ, ਲੁੱਟ-ਖਸੁੱਟ, ਬੇਸ਼ਰਮੀ, ਬਦਅਮਨੀ ਤੇ ਬਦਸਲੂਕੀ ਦਿਨੋਂ-ਦਿਨ ਵਧਦੀ ਗਈ। ਗੱਲ ਦੋ-ਚਾਰ ਦਹਾਕਿਆਂ ਜਾਂ ਸਦੀਆਂ ਦੀ ਨਹੀਂ ਸਗੋਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਧਰਮ ਦੇ ਨਾਂ ’ਤੇ ਹੀ ਇਹ ਬੇਲੋੜਾ ਬੋਝ ਢੋਂਦਾ ਰਿਹਾ ਹੈ ਅਤੇ ਢੋਈ ਜਾ ਰਿਹਾ ਹੈ। ਇਹ ਪਤਾ ਹੋਣ ਦੇ ਬਾਵਜੂਦ ਕਿ ਇਹੋ ਜਿਹੇ ਅਮਲਾਂ ਨੂੰ ਨਾਂ ਤਾਂ ਇੱਥੇ ਢੋਈ ਹੈ ਤੇ ਨਾ ਉੱਥੇ ਹੀ ਢੋਈ ਹੈ।
ਲਾਲ ਕਿਲੇ੍ਹ ਦੇ ਸਾਹਮਣੇ ਚਾਂਦਨੀ ਚੌਂਕ ’ਚ ਸੌੜੀ ਸੋਚ ਵਾਲੀ ਹਕੂਮਤ ਦੇ ਮੱਥੇ ਦਾ ਕਲੰਕ ਮਿਟਾਇਆਂ ਕਦੇ ਮਿਟਣਾ ਨਹੀਂ, ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ। ਹੱਕ ਅਤੇ ਸੱਚ ਨੂੰ ਅੱਗ ਵਿਚ ਸਾੜਨ ਦੇ ਕੋਝੇ ਯਤਨ ਹੋਏ। ਮਨੁੱਖ ਦਾ ਮੂਲ ਅਧਿਕਾਰ ਤੇ ‘ਬੁਨਿਆਦੀ ਹੱਕ’ ਕਿ ਉਹ ਕਿਸੇ ਵੀ ਧਰਮ ਨੂੰ ਅਪਣਾਵੇ, ਮੰਨੇ, ਧਾਰਮਿਕ ਰਹੁ-ਰੀਤਾਂ ਤੇ ਰਸਮੋ-ਰਿਵਾਜ ਆਪਣੀ ਮਰਿਯਾਦਾ ਅਨੁਸਾਰ ਕਰੇ -ਕਰਾਏ, ਇਹ ਸਭ ਦਾ ਨਿੱਜ ਹੈ, ਸਭ ਕਿਸੇ ਦੇ ਇਸ ਨਿੱਜ ਨੂੰ ਇਸ ਹੱਕ ਨੂੰ ਖੋਹਿਆ ਨਹੀਂ ਜਾ ਸਕਦਾ। ਝੂਠੇ ਲੋਭ ਲਾਲਚ ਦੇ ਕੇ ਜ਼ੁਲਮ- ਸਿਤਮ ਢਾਹ ਕੇ, ਡਰਾ ਕੇ, ਧਮਕਾ ਕੇ ਤੇ ਤਾਕਤ ਦੇ ਜ਼ੋਰ ’ਤੇ ਹਕੂਮਤੀ ਡੰਡੇ ਨਾਲ ਹੱਕ ਖੋਹਣ ਦੇ ਵਹਿਸ਼ੀਆਨਾ ਹੱਥ ਕੰਡੇ ਵਰਤੇ ਗਏ। ਦਿੱਲੀ ਦੇ ਚਾਂਦਨੀ ਚੌਂਕ ’ਚ 11 ਨਵੰਬਰ 1675 ’ਚ ਤਸੀਹੇ ਦੇ ਕੇ ਧਰਮ ਬਦਲਣ ਦੀਆਂ ਉਹ ਸਾਰੀਆਂ ਹੱਦਾਂ ਉਲੰਘੀਆਂ ਗਈਆਂ, ਜਿਨਾਂ ਨੂੰ ਨਾ ਤਾਂ ਸੁਣਨਾ ਸੌਖਾ ਹੈ ਤੇ ਨਾ ਹੀ ਸੁਣਾਉਣਾ ਸੌਖਾ ਹੈ । ਉਂਝ ਸੌਖਾ ਹੈ। ਲੂੰ ਕੰਢੇ ਖੜੇ੍ਹ ਕਰ ਦੇਣ ਵਾਲੇ ਤਸੀਹੇ ਜੋ ਸੋਚੇ ਵੀ ਨਹੀਂ ਜਾ ਸਕਦੇ,
ਉਹ ਸਾਰੇ ਹਰਬੇ ਵਰਤ ਲਏ ਗਏ, ਆਖ਼ਰ ਨਵੰਬਰ 1675 ਨੂੰ ਲਾਲ ਕਿਲ੍ਹਾ ਨੀਵਾਂ ਹੋ ਗਿਆ ਤੇ ਚਾਂਦਨੀ ਚੌਕ ਉੱਚਾ ਹੋ ਗਿਆ :
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ
ਇਨ੍ਹਾਂ ਪਾਵਨ ਪੰਕਤੀਆਂ ਦੇ ਪਿਛੋਕੜ ’ਚ ਇਤਿਹਾਸ ਦੇ ਉਹ ਅਨਮੋਲ ਪੰਨੇ ਅੱਜ ਵੀ ਹਾਕਾਂ ਮਾਰਦੇ ਨੇ ਸਾਡੇ ਬੁਨਿਆਦੀ ਹੱਕਾਂ ਲਈ । ਆਵਾਜ਼ ਬੁਲੰਦ ਕਰਦੇ ਨੇ ਸਾਂਝੀਵਾਲਤਾ ਦੀ, ਮਨੁੱਖੀ ਅਧਿਕਾਰਾਂ ਦੀ, ਅਪਣੱਤ ਦੀ, ਗੈਰਤ ਦੀ, ਸਵੈਮਾਣ ਦੀ ‘ਆਜ਼ਾਦੀ’ ਦੀ। ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਏ ਸ੍ਰੀ ਅਨੰਦਪੁਰ ਸਾਹਿਬ ’ਚ ਸਾਂਝੀਵਾਲਤਾ ਦਾ ਝੰਡਾ ਝੁਲਾਇਆ ਗਿਆ। ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦੇ ਵਫ਼ਦ (ਜਿਸ ਦੀ ਅਗਵਾਈ ਪੰਡਤ ਕਿ੍ਰਪਾ ਰਾਮ ਕਰ ਰਿਹਾ ਸੀ ਜਿਨ੍ਹਾਂ ਦਾ ਧਰਮ ਖ਼ਤਰੇ ’ਚ ਸੀ) ਦੀ ਕਰੁਣਾਮਈ ਅਰਜ਼ੋਈ ਸੁਣ ਕੇ ਦਿੱਲੀ ਦਰਬਾਰ ਵੱਲ ਨੂੰ ਟੁਰ ਪਏ ਤੇ ਨਾਲ ਕੁਝ ਸਿੱਖ ਜਿਨ੍ਹਾਂ ’ਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸ਼ਾਮਲ ਸਨ। ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਬਖ਼ਸ਼ਿਆ ਸੀ ਤੇ ਤਿੰਨਾਂ ਲੋਕਾਂ ’ਚ ਗੂੰਜ ਉੱਠਿਆ ‘ਸਭੈ ਸਾਝੀਵਾਲ ਸਦਾਇਨ ਕੋਇ ਨ ਦਿਸੈ ਬਾਹਰਾ ਜੀਓ।’ ਇਹ ਸਫ਼ਰ ਕੇਵਲ ਤੇ ਕੇਵਲ ਦਿੱਲੀ ਤਕ ਦਾ ਨਹੀਂ ਸੀ, ਇਸ ਸਫ਼ਰ ਦਾ ਮਨੋਰਥ ਅਸੀਮ ਸੀ। ਬੁਨਿਆਦੀ ਹੱਕਾਂ ਦੀ ਪ੍ਰਾਪਤੀ, ਧਰਮ ਦੀ ਆਜ਼ਾਦੀ ਦਾ ਹੋਕਾ ਤੇ ਹੱਕ ਸੱਚ ਦੀ ਲੜਾਈ ਦਾ ਝੰਡਾ ਲੈ ਕੇ ਤੁਰੇ। ਇਹ ਮੁਸਾਫਿਰ ਇਸ ਤਰ੍ਹਾਂ ਗਾਉਂਦੇ ਜਾ ਰਹੇ ਸੀ, ‘ਜਉ ਤਉ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਈ ਮੇਰੀ ਆਓ।’ ਆਖ਼ਰਕਾਰ ਉੱਥੇ ਪਹੰੁਚ ਗਏ ਜਿੱਥੇ ਸਿਰ ਧੜ ਦੀ ਬਾਜ਼ੀ ਲੱਗਣੀ ਸੀ । ਕੈਦ ’ਚ ਕਰਨ ਅਤੇ ਰੱਖਣ ਦਾ ਤਰੀਕਾ ਵੀ ਬੜਾ ਘਿਨੌਣਾ ਤੇ ਦਰਿੰਦਗੀ ਭਰਿਆ ਸੀ। ਭੁੱਖਣ ਭਾਣੇ ਕਈ ਦਿਨ ਦਾ ਸਫ਼ਰ ਹਕੂਮਤ ਦੀ ਕੈਦ ’ਚ ਕੱਟਦਿਆਂ ਤੈਅ ਹੋਇਆ। ਨੌਵੇਂ ਗੁਰੂਦੇਵ ਦੀ ਸ਼ਹਾਦਤ ਤੋਂ ਪਹਿਲਾਂ ਤਿੰਨ ਪਿਆਰੇ ਸਿੱਖਾਂ ਨੂੰ ਚਾਂਦਨੀ ਚੌਂਕ ’ਚ ਇਕ- ਇਕ ਕਰ ਕੇ ਸ਼ਰੇ ਬਾਜ਼ਾਰ ਸ਼ਹੀਦ ਕਰਨ ਦਾ ਹੁਕਮ ਕੀਤਾ ਤਾਂ ਕਿ ਗੁਰੂ ਡੋਲ ਜਾਵੇਗਾ. ਆਪਣੇ ਪਿਆਰੇ ਸਿੱਖਾਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਤਸੀਹੇ ਝੱਲਦਿਆਂ ਵੇਖ ਨਹੀਂ ਪਾਵੇਗਾ ਪਰ ਬੇਸਮਝ ਇਹ ਨਹੀਂ ਸਮਝੇ ਕਿ ਇਨ੍ਹਾਂ ਨੂੰ ‘ਨਿਰਭਉ’, ‘ਨਿਰਵੈਰ’ ਦੀ ਗੁੜਤੀ ਤਾਂ ਇਨ੍ਹਾਂ ਦੇ ਵੱਡੇ ਪੁਰਖੇ ਪਹਿਲਾਂ ਹੀ ਦੇ ਕੇ ਗਏ ਨੇ । ਇਹ ਤਾਂ ਲਿਬਾਸ ਹੀ ਨਿਰਭਉ ਅਤੇ ਨਿਰਵੈਰ ਦਾ ਪਹਿਨਦੇ ਨੇ। ਪੰਜਵੇ ਗੁਰੂ ਨੂੰ ਔਰੰੰਗਜ਼ੇਬ ਦੇ ਵਡੇਰੇ ਤੱਤੀ ਤਵੀ ’ਤੇ ਬਿਠਾ ਕੇ ਨਹੀਂ ਡਰਾ ਸਕੇ ਤਾਂ ਇਹ ਕੀਕਣ ਡੋਲ ਜਾਣਗੇ । ਬਸ ਫ਼ਰਕ ਕੇਵਲ ਏਨਾ ਕੁ ਹੈ ਕਿ ਜ਼ੁਲਮ ਲਾਹੌਰ ’ਚ ਢਾਹਿਆ ਗਿਆ ਸੀ ਤੇ ਹੁਣ ਦਿੱਲੀ ਦਾ ਚਾਂਦਨੀ ਚੌਂਕ ਹੈ ਜਿੱਥੇ ਝੂਠ ਦੀ ਪੰਡ ਖੋਲ੍ਹੀ ਗਈ। ਇਹ ਮਨੁੱਖੀ ਕੀਮਤਾਂ ਦਾ ਘਾਣ ਹੋਣ ਦਾ ਗਵਾਹ ਹੈ, ਜਿੱਥੇ ਫ਼ਤਵਾ ਪੜ੍ਹ ਕੇ ਸੁਣਾਇਆ ਗਿਆ ਕਿ ਗੁਰੂ ਤੋਂ ਪਹਿਲਾਂ ਉਨ੍ਹਾਂ ਦੇ ਸਿੱਖਾਂ ਨੂੰ ਦਿਲ ਦਹਿਲਾਉਣ ਵਾਲੇ ਤਸੀਹੇ ਦਿੱਤੇ ਜਾਣ, ਇਹ ਸਾਰਾ ਮੰਜਰ ਵੇਖਣ ਲਈ ਬਾਜ਼ਾਰਾਂ ’ਚ ਢੋਲ ਵਜਾ ਕੇ ਲੋਕਾਂ ਦੀ ਭੀੜ ਵੀ ਇਕੱਠੀ ਕੀਤੀ ਜਾਵੇ, ਜੇ ਫਿਰ ਵੀ ਦੀਨ ਕਬੂਲ ਨਹੀਂ ਕਰਦੇ ਤਾਂ ਮੌਤ ਦੇ ਦਿੱਤੀ ਜਾਵੇ।
ਸਭ ਤੋਂ ਪਹਿਲਾਂ ਵਾਰੀ ਆਈ ਭਾਈ ਮਤੀ ਦਾਸ ਜੀ ਦੀ। ਲੱਕੜ ਦਾ ਇੱਕ ਆਦਮ ਕੱਦ ਉੱਚਾ ਅਤੇ ਚੌੜਾ ਫੱਟਾ ਜ਼ਮੀਨ ’ਤੇ ਗੱਡ ਲਿਆ ਗਿਆ। ਆਖ਼ਰੀ ਖ਼ਾਹਿਸ਼ ਪੁੱਛੀ ਤਾਂ ਸੁਣ ਕੇ ਜਲਾਦਾਂ ਦੀਆਂ ਚਿਹਰਿਆਂ ਦੀਆਂ ਤਾਂ ਹਵਾਈਆਂ ਉੱਡ ਗਈਆਂ। ਭਾਈ ਮਤੀ ਦਾਸ ਨੇ ਬੜੀ ਠਰੰ੍ਹਮੇ ਭਰੀ ਆਵਾਜ਼ ਤੇ ਗ਼ੈੈਰਤਮਈ ਲਹਿਜ਼ੇ ’ਚ ਇਹ ਆਖ਼ਰੀ ਇੱਛਾ ਜ਼ਾਹਿਰ ਕਰ ਦਿੱਤੀ ਕਿ ਮੇਰੀ ਇੱਕੋ-ਇੱਕ ਆਖ਼ਰੀ ਖ਼ਾਹਿਸ਼ ਹੈ ਕਿ ਮੇਰਾ ਸਰੀਰ ਚੀਰਦੇ ਵਕਤ ਮੇਰਾ ਮੁੱਖ ਗੁਰੂ ਵੱਲ ਕਰ ਦਿੱਤਾ ਜਾਵੇ, ਜਿਸ ਪਿੰਜਰੇ ’ਚ ਗੁਰੂ ਜੀ ਕੈਦ ਨੇ, ਮੈਂ ਬੇਮੁੱਖ ਹੋ ਕੇ ਨਹੀਂ ਜਾਣਾ ਚਾਹੁੰਦਾ, ਇਸ ਤੋਂ ਬਗ਼ੈਰ ਹੋਰ ਕੋਈ ਇੱਛਾ ਬਾਕੀ ਨਹੀਂ, ਮੈਂ ਸਿਰਫ਼ ਗੁਰੂ ਦੇ ਸਨਮੁੱਖ ਰਹਿਣਾ ਚਾਹੰੁਦਾ ਹਾਂ। ਮਰਦੇ ਵਕਤ ਵੀ ਕਿੰਨੀ ਦੇਰ ਤੱਕ ਠਠੰਬਰ ਗਏ। ਵੱਡੇ ਬੇਰਹਿਮ ਜੱਲਾਦਾਂ ਦੇ ਹੱਥ ਵੀ ਕੰਬਣ ਲੱਗੇ ਅਜਿਹੀ ਮੰਗ ਸੁਣ ਕੇ। ਫਿਰ ਸਾਹਮਣੇ ਬੈਠ ਆਰੇ ਦੇ ਦੰਦੇ ਤਿੱਖੇ ਕਰਦੇ ਰਹੇ। ਭਾਈ ਸਾਹਿਬ ਬਾਣੀ ਤੇ ਬੰਦਗੀ ਨਾਲ ਆਪਣਾ ਮਨ ਤਿੱਖਾ ਕਰਦੇ ਰਹੇ। ਭੈਭੀਤ ਕਰਨ ਦੇ ਘਿਨੌਣੇ ਤੇ ਕੋਝੇ ਯਤਨ ਤੇ ਮਨਸੂਬੇ-ਢਹਿ ਢੇਰੀ ਹੋ ਗਏ । ਭਾਈ ਸਾਹਿਬ ਨੂੰ ਲੱਕੜ ਦੇ ਫੱਟੇ ਨਾਲ ਨੂੜ ਕੇ ਬੰਨ੍ਹਿਆ ਹੋਇਆ ਸੀ ਕੱਸ ਕੇ। ਆਰਾ ਵੀ ਚਲਦਾ ਰਿਹਾ। ਜਪੁਜੀ ਸਾਹਿਬ ਦਾ ਪਾਠ ਵੀ ਉਸੇ ਗਤੀ ਨਾਲ ਚਲਦੀ ਰਹੀ। ਪਹਿਲਾਂ ਸੀਸ, ਫਿਰ ਸਰੀਰ ਦੋ ਫਾੜ ਹੋ ਗਿਆ। ਦੋਨਾਂ ਫਾੜਾਂ ’ਚੋਂ ਵਾਰੀ-ਵਾਰੀ ਜਪੁਜੀ ਸਾਹਿਬ ਦੇ ਸਲੋਕ ‘ਪਵਣ ਗੁਰੂ ਪਾਣੀ ਪਿਤਾ’ ਦੀ ਆਵਾਜ਼ ਵੀ ਆਉਂਦੀ ਰਹੀ ਸੰਪੂਰਣਤਾ ਵੀ ਹੋ ਗਈ। ਇਹ ਸਭ ਵਾਰਤਾ ਸੁਣ ਔਰਗਜ਼ੇਬ ਭੜਕ ਉੱਠਿਆ ਕਿਉਂਕਿ ਸਾਰੀਆਂ ਅਪੀਲਾਂ ਅਤੇ ਦਲੀਲਾਂ ਗੁਰੂ ਜੀ ਪਹਿਲਾਂ ਹੀ ਠੁਕਰਾ ਚੁੱਕੇ ਸੀ । ਵਾਰ-ਵਾਰ ਗੁਰੂ ਜੀ ਨੂੰ ਤਰ੍ਹਾਂ-ਤਰ੍ਹਾਂ ਦੇ ਲੋਭ ਲਾਲਚ ਦੇਣ ਦੇ ਯਤਨ ਵੀ ਹੋਏ ਪਰ ਸਭ ਬੇਅਰਥ ਸਾਬਿਤ ਹੋਏ।
ਗਿਆਰਾ ਨਵੰਬਰ ਦੀ ਉਹ ਮਨਹੂਸ ਸਵੇਰ ਚੜ੍ਹੀ ਇਤਿਹਾਸ ਦੇ ਮੱਥੇ ਦਾ ਕਲੰਕ ਜੋ ਕਰੀਬ ਸਾਢੇ ਤਿੰਨ ਸਦੀਆਂ ਬਾਅਦ ਵੀ ਔਰਗਜ਼ੇਬ ਨੂੰ ਥੂ-ਥੂ ਪਿਆ ਕਰਦਾ ਹੈ । ਮਾਤਾ ਨਾਨਕੀ ਜੀ ਦੀਆਂ ਨਜ਼ਰਾਂ ਦਾ ਨੂਰ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਲਖਤੇ ਜਿਗਰ, ਬੀਬੀ ਵੀਰੋ ਦੇ ਪਿਆਰੇ ਵੀਰ, ਮਾਂ ਗੁਜਰੀ ਦੇ ਸਿਰ ਦੇ ਸਾਂਈ, ਗੁਰੂ ਗੋਬਿੰਦ ਸਿੰਘ ਜੀ ਦੇ ਪੂਜਨੀਕ ਗੁਰੂਦੇਵ ਪਿਤਾ, ਤਿਲਕ ਜੰਝੂ ਦੇ ਰਾਖੇ, ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਵਾਰਿਸ, ਕਹਿਣੀ ਕਥਨੀ ਅਤੇ ਕਰਨੀ ਦੇ ਸੂਰੇ ‘ਬਾਂਹਿ ਜਿਨ੍ਹਾਂ ਦੀ ਪਕੜੀਐ’, ਸਿਰ ਦੀਜੈ ਬਾਂਹਿ ਨਾ ਛੋੜੀਏ’ ਜਿਨ੍ਹਾਂ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ, ਬਚਨ ਦਿੱਤਾ ਸੀ ਤੇ ਉਨ੍ਹਾਂ ਦਾ ਧਰਮ ਬਚਾਉਣ ਦਾ ਵਾਅਦਾ ਕੀਤਾ ਸੀ ਸਿਰ ਦੇ ਕੇ ਪੂਰਾ ਕੀਤਾ। ਸੀਸ ਤਾਂ ਦੇ ਦਿੱਤਾ ਪਰ ਸਿਰੁਰੁ (ਸਿਦਕ) ਨਹੀਂ ਛੱਡਿਆ । ਮੱਥੇ ’ਤੇ ਲੱਗੇ ਤਿਲਕ ਧਰਮ ਦੀ ਨਿਸ਼ਾਨੀ ਦਾ ਰੰਗ ਅਤੇ ਚਮਕ ਫਿੱਕੀ ਨਹੀਂ ਹੋਣ ਦਿੱਤੀ, ਆਪਣੇ ਲਹੂ ਨਾਲ ਉਸ ਰੰਗ ਨੂੰ ਹੋਰ ਸੂਹਾ ਅਤੇ ਚਮਕਦਾਰ ਬਣਾ ਗਏ ।
ਲੱਖ ਦਲੀਲਾਂ ਦਿੰਦਾ ਰਿਹਾ ਔਰੰਗਜ਼ੇਬ ਕਿ ਤੁਸੀਂ ਨਾ ਤਾਂ ਤਿਲਕ ਲਾਉਂਦੇ ਹੋ ਤੇ ਨਾ ਹੀ ਜਨੇਊ ਪਹਿਨਦੇ ਹੋ, ਦੇਖੋ ਤੁਹਾਡੇ ਵੱਡੇ ਗੁਰੂ ਨਾਨਕ ਨੇ ਵੀ ਜੰਝੂ ਪਾਉਣ ਤੋਂ ਵੀ ਇਨਕਾਰ ਕੀਤਾ ਸੀ ਪਾਇਆ ਨਹੀਂ ਸੀ, ਫਿਰ ਸਾਡੇ ਵਡੇਰੇ ਵੀ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਸੀ, ਅਸੀਂ ਵੀ ਤੁਹਾਨੂੰ ਆਪਣਾ ਪੀਰ ਮੰਨ ਲਵਾਂਗੇ। ਤੁਸੀਂ ਇੱਕ ਵਾਰੀ ਈਨ ਮੰਨ ਲਓ, ਮੇਰੇ ਕੰਮ ਚ ਅੜਿੱਕਾ ਨਾ ਬਣੋ, ਮੇਰਾ ਖੁਆਬ ਹੈ ਕਿ ਸਭ ਨੂੰ ਮੁਸਲਮਾਨ ਕਰ ਕੇ ਸੁਆਬ ਖੱਟਣਾ ਹੈ, ਇਸ ਤਰ੍ਹਾਂ ਤੁਸੀਂ ਵੀ ਜ਼ਿੱਦ ਛੱਡ ਕੇ ਅਨੰਦਪੁਰ ਜਾਓ। ਆਨੰਦ ਨਾਲ ਰਹੋ, ਤੁਹਾਡਾ ਪਰਿਵਾਰ ਹੈ, ਛੋਟਾ ਬੱਚਾ ਹੈ, ਉਨ੍ਹਾਂ ਬਾਰੇ ਸੋਚੋ ਬਜ਼ਿੱਦ ਹੋ ਕੇ ਆਪਣੇ ਬੱਚੇ ਨੂੰ ਅਨਾਥ ਨਾ ਕਰੋ, ਸੌ ਪ੍ਰਕਾਰ ਦੀਆਂ ਅਪੀਲਾਂ, ਦਲੀਲਾਂ, ਧਮਕੀਆਂ ਤੇ ਗਿੱਦੜ ਭਬਕੀਆਂ ਪਿੱਛੋਂ ਇੱਕੋ ਉਤਰ ਮਿਲਦਾ ਕਿ ਔਰਗਜ਼ੇਬ ਇਹ ਭਾਂਡਾ ਲਾਹੌਰ ਦੀ ਉਸ ਭੱਠੀ ਦਾ ਤਪਿਆ, ਪੱਕਿਆ ਤਿਆਰ ਹੋਇਆ ਹੈ, ਜਿਹੜੀ ਤੁਸਾਂ ਮੇਰੇ ਪੂਜਨੀਕ ਗੁਰੂ ਦਾਦਾ ਜੀ ਪੰਜਵੇਂ ਪਾਤਸ਼ਾਹ ਲਈ ਤਪਾਈ ਸੀ, ਉਸ ਤਵੀ, ਲੋਹ ਦਾ ਲੋਹਾ ਤਪ ਤਪ ਕੇ, ਏਨਾ ਕੜਕ, ਮਜ਼ਬੂਤ ਤੇ ਲਾਲ ਹੋ ਗਿਆ ਕਿ ਹੁਣ ਇਹ ਝੁਕ ਨਹੀਂ ਸਕਦਾ, ਮੁੜ ਨਹੀਂ ਸਕਦਾ, ਅਕੀਦੇ ਤੋਂ ਨਰਮ ਨਹੀਂ ਪੈ ਸਕਦਾ, ਹੁਣ ਇਹ ਸਿਰ ਕਟਾਇਆ ਤਾਂ ਜਾ ਸਕਦੈ ਪਰ ਝੁਕਾਇਆ ਨਹੀਂ ਜਾ ਸਕਦਾ, ‘ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ।’
ਤੁਸੀਂ ਠੀਕ ਆਖਦੇ ਹੋ ਕਿ ਅਸੀਂ ਜਨੇਊ ਨਹੀਂ ਪਹਿਨਦੇ ਤੇ ਟਿੱਕਾ ਨਹੀਂ ਲਾਉਂਦੇ ਪਰ ਤੁਸੀਂ ਧੱਕੇ ਨਾਲ ਜਬਰੀ ਮੋਮਨ ਬਣਾਉ, ਇਹ ਅਨਿਆਂ ਹੈ, ਜ਼ੁਲਮ ਹੈ, ਧਰਮ ਮਨ ਦਾ ਵਿਸ਼ਾ ਹੈ, ਮਨ ਦੀ ਆਜ਼ਾਦੀ ’ਤੇ ਅੰਕੁਸ਼ ਨਹੀਂ ਲਾਇਆ ਜਾ ਸਕਦਾ, ਇਹ ਸਭ ਦਾ ਹੀ ਜਨਮ ਸਿੱਧ ਅਧਿਕਾਰ ਹੈ, ਇਸ ਹੱਕ ਨੂੰ ਧੱਕੇ ਨਾਲ ਖੋਹਣਾ ਜ਼ੁਲਮੋ ਸਿਤਮ ਹੈ, ਜੋ ਜਿਉਂਦੇ ਜੀਅ ਅਸੀਂ ਹੋਣ ਨਹੀਂ ਦੇਵਾਂਗੇ, ਅਸੀਂ ਗਊ ਗ਼ਰੀਬ ਕਮਜ਼ੋਰ ਵੱਲ ਖੜ੍ਹੇ ਹਾਂ, ਅੱਤਿਆਚਾਰ ਦੇ ਖ਼ਿਲਾਫ਼ ਖੜ੍ਹੇ ਹਾਂ, ਧੱਕਾ ਤੁਹਾਡੇ ਨਾਲ ਹੁੰਦਾ ਹੈ ਤਾਂ ਵੀ ਧੱਕੇਸ਼ਾਹੀ ਖ਼ਿਲਾਫ਼ ਖਲੋਣਾ ਸੀ। ਇਹ ਸਭ ਤੁਹਾਡੀ ਪਰਜਾ ਹੈ, ਪਰਜਾ ਨੂੰ ਬਣਦਾ ਹੱਕ ਦੇਣਾ, ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨੀ ਅਤੇ ਧਰਮ ਕਰਮ ਕਰਨੇ ਦੀ ਆਜ਼ਾਦੀ ਦੀ ਅਸੀਂ ਹਮੇਸ਼ਾਂ ਵਕਾਲਤ ਕਰਦੇ ਆਏ ਹਾਂ, ਕਰਦੇ ਰਹਾਂਗੇ। ਆਉਣਾ -ਜਾਣਾ ਤਾਂ ਕਰਤੇ ਦਾ ਹੁਕਮ ਹੈ, ਇਸ ਫਾਨੀ ਸੰਸਾਰ ਤੋਂ ਤੁਸਾਂ ਵੀ ਜਾਣਾ ਹੈ ਤੇ ਅਸੀਂ ਵੀ ਜਾਣਾ ਹੈ ਪਰ ਇਹ ਸਰੀਰ ਰੂਪੀ ਭਾਂਡਾ ਦਿੱਲੀ ਦੇ ਸਿਰ ਭੰਨ ਕੇ ਜਾਵਾਂਗੇ। ਜਿਨ੍ਹਾਂ ਦੀ ਬਾਂਹ ਫੜੀ ਹੈ, ਬਚਾਵਾਂਗੇ, ਬਚਨ ਦਿੱਤਾ ਹੈ, ਜੋ ਪੁਗਾਵਾਂਗੇ। ਤੇਰੀ ਤੇਗ, ਤੇਗ ਬਹਾਦਰ ਦਾ ਸਿਰ ਤਾਂ ਕੱਟ ਸਕਦੀ ਹੈ ਮੇਰੇ ਵਿਚਾਰਾਂ ਨੂੰ ਨਹੀਂ, ਅਕੀਦੇ ਨੂੰ ਨਹੀਂ ਤੇ ਤਲਵਾਰਾਂ ਵਿਚਾਰਾਂ ਨੂੰ ਕੱਟਣ ਦੇ ਸਮਰੱਥ ਨਹੀਂ ਹੁੰਦੀਆਂ। ਅਸੀਂ ਸਾਂਝੀਵਾਲਤਾ ਦੇ ਮੁੱਦਈ ਹਾਂ, ਰਹਾਂਗੇ, ਸਭ ਇੱਕੋ ਪਿਤਾ ਦੀ ਸੰਤਾਨ ਹਨ, ਉਹੀ ਖੁਦਾਵੰਦ ਕਰੀਮ ਹੈ, ਅੱਲਾ ਹੈ, ਉਹੀ ਪਰਮੇਸ਼ਰ ਪਿਤਾ ਪਰਮਾਤਮਾ ਪਰਵਦਗਾਰ ਹੈ, ਉਸ ਤੋਂ ਡਰ ਅਸੀਂ ਵੀ ਕੇਵਲ ਉਸੇ ਤੋਂ ਹੀ ਡਰਦੇ ਹਾਂ, ਸਾਨੂੰ ਨਾ ਡਰਾ, ਨਾ ਅਸੀਂ ਡਰਦੇ ਹਾਂ ਤੇ ਨਾ ਡਰਾਉਂਦੇ ਹੀ ਹਾਂ । ਧਰਮ ਦੇ ਝੰਡੇ ਬੁਲੰਦ ਹੋ ਗਏ। ਹਕੂਮਤ ਹਾਰ ਗਈ। ਬਾਜ਼ੀ ਜਿੱਤ ਗਏ। ਨੌਵੇਂ ਗੁਰੂਦੇਵ ਫਾਨੀ ਸੰਸਾਰ ਤੋਂ ਕੂਚ ਕਰ ਗਏ।
ਬਚਪਨ ਵਿੱਚ ਮਾਤਾ-ਪਿਤਾ ਨੇ ਨਾਂ ਰੱਖਿਆ ਸੀ ਤਿਆਗ ਮੱਲ। ਤਿਆਗ ਦੇ ਸਾਰੇ ਮੀਨਾਰ ਸਤਿਗੁਰਾਂ ਦੇ ਤਿਆਗ ਅੱਗੇ ਬੌਣੇ ਹੋ ਗਏੇ। ਫਿਰ ਬਾਅਦ ’ਚ ਕਰਤਾਰਪੁਰ ਸਾਹਿਬ ਦੀ ਜੰਗ ਵੇਲੇ ਪਿਤਾ ਜੀ ਨੇ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਤੇ ਤੇਗ ਦੀ ਬਹਾਦਰੀ ਦਿੱਲੀ ਦੇ ਚਾਂਦਨੀ ਚੌਂਕ ’ਚ ਸੰਸਾਰ ਨੇ ਸਰੇ ਬਾਜ਼ਾਰ ਵੇਖੀ ।
ਅੱਜ ਹੋਰ ਵੀ ਵੱਧ ਲੋੜ ਹੈ ਨੌਵੇਂ ਗੁਰੂ ਜੀ ਦੇ ਫਲਸਫ਼ੇ ਨੂੰ ਅਮਲੀ ਰੂਪ ’ਚ ਜੀਵਨ ਦਾ ਹਿੱਸਾ ਬਣਾਉਣ ਦੀ, ਲੋੜਵੰਦਾਂ ਦੇ ਕੰਮ ਆਉਣ, ਤਿਆਗ ਅਤੇ ਸੇਵਾ ਦੀ ਭਾਵਨਾ ਦੇ ਦਰਸਾਏ ਮਾਰਗ ’ਤੇ ਚੱਲਣ। ਇਨਸਾਨੀਅਤ ਮਨੁੱਖੀ ਕਦਰਾਂ-ਕੀਮਤਾਂ ਨੂੰ ਤਰਜੀਹ ਅਤੇ ਉਨ੍ਹਾਂ ਦੀ ਰਾਖੀ ਕਰਨ ਲਈ ਤਤਪਰ ਹੋਣ ਦੀ। ਅਜੋਕੇ ਸਮੇਂ ਅੰਦਰ ਧਰਮ ਦੇ ਨਾਂ ’ਤੇ ਫਿਰਕਾਪ੍ਰਸਤੀ ਨੂੰ ਠੱਲ੍ਹ ਪਾਉਣ, ਦੂਸ਼ਣਬਾਜ਼ੀ ਅਤੇ ਬੇਲੋੜੀਆਂ ਬਹਿਸਾਂ ਨੇ ਸਮਾਜ ਨੂੰ ਕਿਸੇ ਪਾਰ ਨਹੀਂ ਲਾਉਣਾ। ਅੱਜ ਕੇਵਲ ਪੌਣ, ਪਾਣੀ, ਧਰਤੀ ਤੇ ਅਨਾਜ ਹੀ ਦੂਸ਼ਿਤ ਨਹੀਂ ਹੋਏ, ਹੋਏ ਵਿਚਾਰ ਵੀ ਦੂਸ਼ਿਤ ਪਏ ਨੇ । ਦੂਜਿਆਂ ’ਤੇ ਚਿੱਕੜ ਸੁੱਟਦਿਆਂ-ਸੱੁਟਦਿਆਂ ਖ਼ੁਦ ਵੀ ਪਲੀਤ ਹੋ ਗਏ ਹਾਂ । ਇਸ ਸਭ ਦਾ ਇੱਕੋ-ਇੱਕ ਹੱਲ ਹੈ ਕਿ ਅੰਦਰੋਂ ਧਾਰਮਿਕ ਹੋਈਏ, ਬਾਹਰੋਂ ਵਿਖਾਵੇ ਥੋੜ੍ਹਚਿਰੇ ਫਿੱਕੇ ਪੈ ਜਾਇਆ ਕਰਦੇ ਨੇ। ਗੁਰੂ ਪੀਰਾਂ ਪੈਗੰਬਰਾਂ ਦੇ ਜੀਵਨ ਤੋਂ ਉਪਦੇਸ਼ ਤੋਂ ਸੇਧ ਲਈਏ, ਸ਼ਹੀਦਾਂ ਤੋਂ ਸਮਰਪਣ ਦੀ ਤਿਆਗ ਦੀ ਬਲੀਦਾਨ ਦੀ ਡੋਰ ਕੱਸ ਕੇ ਫੜ ਲਈਏ ਤਾਂ ਹੀ ਗੁਰੂਆਂ ਦੇ ਮਨਾਏ ਪੁਰਬ ਸਾਡੇ ਜੀਵਨ ’ਚ ਤਬਦੀਲੀ ਕਰਨ ਦੇ ਸਮਰੱਥ ਹੋਣਗੇ ।
ਵਾਰੀ ਦੂਜੇ ਸਿੱਖ ਭਾਈ ਸਤੀ ਦਾਸ ਜੀ ਦੀ ਆਈ। ਸਰੀਰ ਨੂੰ ਰੂੰਈ ਲਪੇਟੀ ਗਈ। ਲਾਂਬੂ ਲਾਉਣ ਦੀ ਤਿਆਰੀ ਕੀਤੀ ਗਈ। ਤਮਾਸ਼ਬੀਨਾਂ ਦੀ ਭੀੜ ’ਚੋਂ ਕਮਜ਼ੋਰ ਦਿਲ ਵਾਲਿਆਂ ਨੇ ਅੱਖਾਂ ’ਤੇ ਹੱਥ ਧਰ ਲਏ । ਜ਼ਾਲਮ ਸੋਚਦਾ ਸੀ ਕਿ ਭਾਈ ਸਤੀ ਜੀ ਨੂੰ ਸਤੀ ਹੀ ਕੀਤਾ ਜਾਵੇ, ਜਦੋਂ ਅੱਗ ਦਾ ਭਾਂਬੜ ਮੱਚੇਗਾ ਤਾਂ ਗੁਰੂ ਅੱਗੇ ਲੇਲੜੀਆਂ ਕੱਢੇਗਾ ਤੇ ਡੋਲ ਜਾਵੇਗਾ ਪਰ ਐਸਾ ਹੋਇਆ ਕੁਝ ਵੀ ਨਾ। ਅੱਗ ਭਾਂਬੜ ਬਣ ਮਚਦੀ ਰਹੀ । ਜ਼ਾਲਮ ਹਕੂਮਤ ਦਾ ਹਿਰਦਾ ਵੀ ਭਾਂਬੜ ਬਣ ਮੱਚਦਾ ਰਿਹਾ। ਹਕੂਮਤ ਈਰਖਾ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਗਈ। ਭਾਈ ਸਤੀ ਦਾਸ ਅਡੋਲ ਖੜ੍ਹੇ ਰਹੇ। ਨਮੋਸ਼ੀ ਨਾ ਝੱਲਦਿਆਂ ਈਰਖਾ ਦੇ ਭੱਠ ਪਏ ਸੁਆਹ ਦੀ ਢੇਰੀ ਹੋ ਗਏ। ਭਾਈ ਸਾਹਿਬ ਜੀ ਨੂੰ ਵੀ ਜੱਲਾਦ ਦੀਨ ਕਬੂਲ ਨਹੀਂ ਕਰਾ ਸਕੇ ਤੇ ਆਪਣੀ ਈਨ ਨਹੀਂ ਮਨਾ ਸਕੇ ।
ਵਾਰੀ ਤੀਜੇ ਸਿੱਖ ਭਾਈ ਦਿਆਲਾ ਜੀ ਦੀ ਆਈ। ਇੱਕ ਵੱਡਾ ਚੁੱਲ੍ਹਾ (ਦੇਗਾ) ਵੱਡੀ ਸਾਰੀ ਭੱਠੀ ਤਿਆਰ ਕਰ ਕੇ ਧਰਿਆ ਗਿਆ। ਨਫ਼ਰਤ ਦੀ ਭੱਠੀ ’ਤੇ ਕਰੂਰਤਾ ਦਾ ਪਾਣੀ ਉਬਾਲੇ ਖਾ ਰਿਹਾ ਸੀ । ਵਿਚ ਭਾਈ ਦਿਆਲਾ ਜੀ ਨੂੰ ਬੈਠਾਇਆ ਗਿਆ। ਦੀਨ ਅਤੇ ਈਨ ਮਨਾਉਣ ਦੀਆਂ ਤਰਕੀਬਾਂ ਧਰੀਆਂ ਧਰਾਈਆਂ ਰਹਿ ਗਈਆਂ। ਭਾਈ ਸਾਹਿਬ ਜੀ ਵੀ ਜਪੁਜੀ ਸਾਹਿਬ ਦੀ ਬਾਣੀ ਪੜ੍ਹਦੇ ਹੋਏ ਅਸਹਿ ਅਤੇ ਅਕਹਿ ਤਸੀਹੇ ਝੱਲਦੇ ਹੋਏ ਸ਼ਹੀਦ ਹੋ ਗਏ। ਸੱਚਖੰਡ ਪਿਆਨਾ ਕਰ ਗਏ ਨੌਵੇਂ ਗੁਰਦੇਵ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ । ਸਿੱਖ ਸਿਦਕ ਤੋਂ ਡੋਲੇ ਨਹੀਂ । ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਤਿੰਨ ਸਿੱਖਾਂ ਦਾ ਲਾਸਾਨੀ ਬਲੀਦਾਨ ਸਾਨੂੰ ਸਿਖਾਉਂਦਾ ਹੈ ਕਿ ਜਬਰ ਜ਼ੁਲਮ ਅੱਗੇ ਝੁਕਣ ਦੀ ਥਾਂ ਇਸ ਦਾ ਬਹਾਦਰੀ ਨਾਲ ਸਾਹਮਣਾ ਕਰਨਾ ਚਾਹੀਦਾ
ਹੈ। ਉਨ੍ਹਾਂ ਦੇ ਬਲੀਦਾਨ ਤੋਂ ਸਿੱਖਿਆ ਗ੍ਰਹਿਣ ਕਰੀਏ। ਫਿਰ ਹੀ ਅਜਿਹੇ ਮਹਾਪੁਰਖਾਂ ਦੇ ਦਿਨ ਮਨਾਉਣੇ ਸਾਰਥਿਕ ਹੋ ਸਕਣਗੇ।
ਧਾਰਮਿਕ ਆਜ਼ਾਦੀ ’ਤੇ ਹਕੂਮਤੀ ਹਮਲਾ
ਚਾਂਦਨੀ ਚੌਂਕ ’ਚ ਸੌੜੀ ਸੋਚ ਵਾਲੀ ਹਕੂਮਤ ਦੇ ਮੱਥੇ ਦਾ ਕਲੰਕ ਮਿਟਾਇਆਂ ਕਦੇ ਮਿਟਣਾ ਨਹੀਂ, ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ। ਹੱਕ ਸੱਚ ਨੂੰ ਅੱਗ ’ਚ ਸਾੜਨ ਦੇ ਕੋਝੇ ਯਤਨ ਹੋਏ। ਮਨੁੱਖ ਦਾ ਮੂਲ ਅਧਿਕਾਰ ਤੇ ਬੁਨਿਆਦੀ ਹੱਕ ਕਿ ਉਹ ਕਿਸੇ ਵੀ ਧਰਮ ਨੂੰ ਅਪਣਾਵੇ, ਮੰਨੇ, ਧਾਰਮਿਕ ਰਹੁ-ਰੀਤਾਂ ਤੇ ਰਸਮੋ-ਰਿਵਾਜ ਆਪਣੀ ਮਰਿਯਾਦਾ ਅਨੁਸਾਰ ਕਰੇ ਕਰਾਏ, ਨੂੰ ਖੋਹਿਆ ਨਹੀਂ ਜਾ ਸਕਦਾ। ਝੂਠੇ ਲੋਭ ਲਾਲਚ ਦੇ ਕੇ ਜ਼ੁਲਮ- ਸਿਤਮ ਢਾਹ ਕੇ, ਡਰਾ ਕੇ, ਧਮਕਾ ਕੇ ਤੇ ਤਾਕਤ ਦੇ ਜ਼ੋਰ ’ਤੇ ਹਕੂਮਤੀ ਡੰਡੇ ਨਾਲ ਹੱਕ ਖੋਹਣ ਦੇ ਹੱਥ ਕੰਡੇ ਵਰਤੇ ਗਏ।
- ਮਨਜੀਤ ਸਿੰਘ ਜ਼ੀਰਕਪੁਰ